‘ਡੰਕੀ’ ਰੂਟ ਰਾਹੀਂ ਲੋਕਾਂ ਨੂੰ ਭੇਜ ਰਿਹਾ ਸੀ ਅਮਰੀਕਾ, ਪੰਜਾਬੀ ਸਿੰਗਰ ਫਤਿਹਜੀਤ ਸਿੰਘ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ
Punjabi Singer Fatehjit Singh Arrested: ਫਰਜ਼ੀ ਵੀਜ਼ਿਆਂ 'ਤੇ ਲੋਕਾਂ ਨੂੰ ਅਮਰੀਕਾ ਭੇਜਣ ਦੇ ਆਰੋਪ 'ਚ 42 ਸਾਲਾ ਪੰਜਾਬੀ ਗਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਪੰਜਾਬੀ ਗਾਇਕ ਡੰਕੀ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਦਾ ਸੀ।
ਫਰਜੀ ਵੀਜ਼ਿਆਂ ‘ਤੇ ਲੋਕਾਂ ਨੂੰ ਅਮਰੀਕਾ ਭੇਜਣ ਵਾਲੇ ਰੈਕੇਟ ‘ਚ ਕਥਿਤ ਤੌਰ ‘ਤੇ ਸ਼ਾਮਲ ਹੋਣ ਦੇ ਦੋਸ਼ ‘ਚ 42 ਸਾਲਾ ਪੰਜਾਬੀ ਗਾਇਕ ਫਤਿਹਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਕ ਨਿਊਜ਼ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ। ਜਿਸ ਦੇ ਅਨੁਸਾਰ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਫਤਿਹਜੀਤ ਸਿੰਘ ਨੂੰ ਬੁੱਧਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ (ਆਈਜੀਆਈ) ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇੱਥੋਂ ਫਤਿਹਜੀਤ ਸਿੰਘ ਡੰਕੀ ਰੂਟ ਰਾਹੀਂ ਕਿਸੇ ਯਾਤਰੀ ਨੂੰ ਅਮਰੀਕਾ ਭੇਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪੁਲਿਸ ਦੀ ਡਿਪਟੀ ਕਮਿਸ਼ਨਰ (ਆਈਜੀਆਈ) ਊਸ਼ਾ ਰੰਗਨਾਨੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਪੇਸ਼ੇ ਤੋਂ ਗਾਇਕ ਹੈ। ਉਸਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਦੁਨੀਆ ਭਰ ਦੇ ਸ਼ੋਅ ਵਿੱਚ ਹਿੱਸਾ ਲੈ ਚੁੱਕਾ ਹੈ। ਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਸੁਲਤਾਨ ਸਿੰਘ ਨਾਮਕ ਏਜੰਟ ਦੇ ਸੰਪਰਕ ਵਿੱਚ ਆਇਆ ਸੀ। ਇਹ ਏਜੰਟ ਲੋਕਾਂ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ ਠੱਗੀ ਮਾਰਦਾ ਸੀ ਅਤੇ ਜਲਦੀ ਪੈਸੇ ਕਮਾਉਣ ਲਈ ਉਸ ਨਾਲ ਕੰਮ ਕਰਨ ਲੱਗਾ।
ਅਮਰੀਕਾ ਭੇਜਣ ਲਈ ਹੋਈ ਸੀ 50 ਲੱਖ ਦੀ ਡੀਲ
ਮੁਲਜ਼ਮ ਨੇ ਅੱਗੇ ਦੱਸਿਆ ਕਿ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੇ ਅਮਰੀਕਾ ਜਾਣ ਲਈ ਸੁਲਤਾਨ ਸਿੰਘ ਨਾਲ ਸੰਪਰਕ ਕੀਤਾ ਸੀ। ਆਰੋਪੀ ਨੇ 50 ਲੱਖ ਰੁਪਏ ਦੇ ਬਦਲੇ ਉਸ ਦੀ ਯਾਤਰਾ ਦਾ ਪ੍ਰਬੰਧ ਕਰਨ ਅਤੇ ਦਸਤਾਵੇਜ਼ੀ ਦਾ ਸਾਰਾ ਕੰਮ ਸੰਭਾਲਣ ਦਾ ਵਾਅਦਾ ਕੀਤਾ ਸੀ। ਯਾਤਰਾ ਤੋਂ ਪਹਿਲਾਂ 10 ਲੱਖ ਰੁਪਏ ਦੀ ਐਡਵਾਂਸ ਰਕਮ ਅਦਾ ਕੀਤੀ ਗਈ ਸੀ ਅਤੇ ਸੁਲਤਾਨ ਸਿੰਘ ਨੇ ਮੁਲਜ਼ਮ ਨੂੰ ਕਮਿਸ਼ਨ ਵਜੋਂ 4 ਲੱਖ ਰੁਪਏ ਦਿੱਤੇ ਸਨ। ਇਹ ਵੀ ਫੈਸਲਾ ਕੀਤਾ ਗਿਆ ਕਿ ਯਾਤਰੀ ਦੇ ਮੰਜ਼ਿਲ ‘ਤੇ ਪਹੁੰਚਣ ਤੋਂ ਬਾਅਦ ਬਾਕੀ ਰਕਮ ਅਦਾ ਕੀਤੀ ਜਾਵੇਗੀ।
ਗੁਰਪ੍ਰੀਤ ਸਿੰਘ ਦੀ ਨਿਸ਼ਾਨਦੇਹੀ ‘ਤੇ ਹੋਈ ਫਤਿਹਜੀਤ ਦੀ ਗ੍ਰਿਫਤਾਰੀ
ਨੌਜਵਾਨ ਨੂੰ ਕਜ਼ਾਕਿਸਤਾਨ ਦੇ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਸੀ। ਯਾਤਰੀ ਫਰਜ਼ੀ ਵੀਜ਼ੇ ‘ਤੇ ਸਫਰ ਕਰ ਰਿਹਾ ਸੀ ਅਤੇ ਉਸ ਦੇ ਪਾਸਪੋਰਟ ਦੇ ਦੋ ਪੰਨੇ ਫਟੇ ਹੋਏ ਪਾਏ ਗਏ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਸੀ ਕਿ ਗੁਰਪ੍ਰੀਤ ਸਿੰਘ ਨੂੰ ਇੱਕ ਵਾਰ ਬ੍ਰਾਜ਼ੀਲ ਦਾ ਫਰਜੀ ਵੀਜ਼ਾ ਦਿੱਤਾ ਗਿਆ ਸੀ। ਫਤਿਹਜੀਤ ਸਿੰਘ ਦੀ ਗ੍ਰਿਫਤਾਰੀ ਗੁਰਪ੍ਰੀਤ ਸਿੰਘ ਦੀ ਨਿਸ਼ਾਨਦੇਹੀ ‘ਤੇ ਹੋਈ ਹੈ ।