ਇਸ਼ਕਨਾਮਾ 56′ ਦੇ ਸੈੱਟ ‘ਤੇ ਕਿਵੇਂ ਵਾਪਰਿਆ ਭਿਆਨਕ ਹਾਦਸਾ? ਉਚਾਈ ਤੋਂ ਡਿੱਗਣ ਕਾਰਨ ਜੈ ਰੰਧਾਵਾ ਦੇ ਸਿਰ ‘ਚ ਲੱਗੀ ਗੰਭੀਰ ਸੱਟ
ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਜੈ ਰੰਧਾਵਾ ਨੇ ਆਪਣੇ ਪ੍ਰਸ਼ੰਸਕਾਂ ਲਈ ਸੋਸ਼ਲ ਮੀਡੀਆ 'ਤੇ ਇੱਕ ਵਿਸ਼ੇਸ਼ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਰਾਹੀਂ ਉਨ੍ਹਾਂ ਨੇ ਆਪਣੀ ਸਿਹਤ ਨੂੰ ਲੈ ਕੇ ਚੱਲ ਰਹੀਆਂ ਤਮਾਮ ਅਫਵਾਹਾਂ ਅਤੇ ਚਿੰਤਾਵਾਂ 'ਤੇ ਵਿਰਾਮ ਲਗਾ ਦਿੱਤਾ ਹੈ।
Photo Credit: J a i Randhhawa (ਜੈ ਰੰਧਾਵਾ)
ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਜੈ ਰੰਧਾਵਾ ਨੇ ਆਪਣੇ ਪ੍ਰਸ਼ੰਸਕਾਂ ਲਈ ਸੋਸ਼ਲ ਮੀਡੀਆ ‘ਤੇ ਇੱਕ ਵਿਸ਼ੇਸ਼ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਰਾਹੀਂ ਉਨ੍ਹਾਂ ਨੇ ਆਪਣੀ ਸਿਹਤ ਨੂੰ ਲੈ ਕੇ ਚੱਲ ਰਹੀਆਂ ਤਮਾਮ ਅਫਵਾਹਾਂ ਅਤੇ ਚਿੰਤਾਵਾਂ ‘ਤੇ ਠੱਲ੍ਹ ਪਾ ਦਿੱਤੀ ਹੈ। ਜੈ ਰੰਧਾਵਾ ਨੇ ਆਪਣੀ ਪੋਸਟ ਵਿੱਚ ਲਿਖਿਆ –
“ਸਤਿ ਸ੍ਰੀ ਅਕਾਲ, ਮੈਂ ਚੜ੍ਹਦੀ ਕਲਾ ਵਿੱਚ ਹਾਂ। ਦਿਲ ਤੋਂ ਤੁਹਾਡੇ ਸਾਰਿਆਂ ਦਾ ਸ਼ੁਕਰੀਆ, ਤੁਹਾਡੀਆਂ ਅਰਦਾਸਾਂ ਮੇਰੇ ਨਾਲ ਹਨ। ਕਰਨ ਕਰਵਾਉਣ ਵਾਲਾ ਵੀ ਉਹੀ ਹੈ ਅਤੇ ਬਚਾਉਣ ਵਾਲਾ ਵੀ ਉਹੀ। ਠੀਕ ਹੁੰਦੇ ਹੀ ਹੋਰ ਜ਼ਿਆਦਾ ਤਾਕਤ ਅਤੇ ਸਟ੍ਰੈਂਥ (Strength) ਨਾਲ ਕੰਮ ‘ਤੇ ਵਾਪਸੀ ਕਰਾਂਗਾ।”
ਅਦਾਕਾਰ ਦੀ ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੁਖ ਦਾ ਸਾਹ ਲਿਆ ਹੈ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਲਗਾਤਾਰ ਦੁਆਵਾਂ ਕੀਤੀਆਂ ਜਾ ਰਹੀਆਂ ਹਨ।
ਕਿਵੇਂ ਵਾਪਰਿਆ ਸੀ ਹਾਦਸਾ?
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜੈ ਰੰਧਾਵਾ ਆਪਣੀ ਆਉਣ ਵਾਲੀ ਫਿਲਮ ‘ਇਸ਼ਕਨਾਮਾ 56’ ਦੀ ਸ਼ੂਟਿੰਗ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਸ਼ੂਟਿੰਗ ਦੇ ਸਮੇਂ ਇੱਕ ਅਹਿਮ ਐਕਸ਼ਨ ਸੀਨ ਫਿਲਮਾਇਆ ਜਾ ਰਿਹਾ ਸੀ, ਜਿਸ ਵਿੱਚ ਉਨ੍ਹਾਂ ਨੇ ਉਚਾਈ ਤੋਂ ਛਾਲ ਮਾਰਨੀ ਸੀ। ਇਸ ਦ੍ਰਿਸ਼ ਲਈ ਇੱਕ ਕ੍ਰੇਨ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਸੀ।
ਸ਼ੂਟਿੰਗ ਦੌਰਾਨ ਅਚਾਨਕ ਕ੍ਰੇਨ ਮਸ਼ੀਨ ਵਿੱਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਜੈ ਰੰਧਾਵਾ ਸਹੀ ਤਰੀਕੇ ਨਾਲ ਲੈਂਡ ਨਹੀਂ ਕਰ ਸਕੇ। ਸੰਤੁਲਨ ਵਿਗੜਨ ਕਾਰਨ ਉਹ ਸਿੱਧੇ ਕੰਧ ਨਾਲ ਜਾ ਟਕਰਾਏ ਅਤੇ ਉਨ੍ਹਾਂ ਦਾ ਸਿਰ ਕੰਧ ਵਿੱਚ ਜ਼ੋਰ ਨਾਲ ਵੱਜਿਆ। ਇਸ ਮੰਦਭਾਗੀ ਘਟਨਾ ਦੀ ਇੱਕ 8 ਸੈਕਿੰਡ ਦੀ ਵੀਡੀਓ ਵੀ ਸਾਹਮਣੇ ਆਈ ਸੀ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ ਸੀ।
ਸਿਹਤ ਬਾਰੇ ਤਾਜ਼ਾ ਜਾਣਕਾਰੀ
ਹਾਦਸੇ ਦੇ ਤੁਰੰਤ ਬਾਅਦ ਸੈੱਟ ‘ਤੇ ਮੌਜੂਦ ਕਰੂ ਮੈਂਬਰਾਂ ਨੇ ਜੈ ਰੰਧਾਵਾ ਨੂੰ ਸੰਭਾਲਿਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਡਾਕਟਰਾਂ ਵੱਲੋਂ ਉਨ੍ਹਾਂ ਦੀ ਐਮਆਰਆਈ (MRI) ਸਮੇਤ ਸਾਰੀਆਂ ਜ਼ਰੂਰੀ ਜਾਂਚਾਂ ਕੀਤੀਆਂ ਗਈਆਂ। ਡਾਕਟਰਾਂ ਅਨੁਸਾਰ ਕਿਸੇ ਵੀ ਤਰ੍ਹਾਂ ਦਾ ਕੋਈ ਗੰਭੀਰ ਖਤਰਾ ਨਹੀਂ ਪਾਇਆ ਗਿਆ ਹੈ। ਫਿਲਹਾਲ ਜੈ ਰੰਧਾਵਾ ਦੀ ਹਾਲਤ ਸਥਿਰ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨਾਂ ਤੱਕ ਮੁਕੰਮਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
