Asha Bhosle Death: : 92 ਸਾਲ ਦੀ ਉਮਰ ‘ਚ ਦਿੱਗਜ ਗਾਇਕਾ ਆਸ਼ਾ ਭੋਸਲੇ ਦਾ ਦਿਹਾਂਤ, ਦੇਸ਼ ਭਰ ‘ਚ ਸੋਗ ਦੀ ਲਹਿਰ
Asha Bhosle Death: ਬਾਲੀਵੁੱਡ ਦੀ ਦਿੱਗਜ ਗਾਇਕਾ ਆਸ਼ਾ ਭੋਸਲੇ ਦਾ ਦਿਹਾਂਤ ਹੋ ਗਿਆ ਹੈ। ਦੇਸ਼ ਭਰ ਦੇ ਪ੍ਰਸ਼ੰਸਕਾਂ ਲਈ ਇਹ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਹ 92 ਸਾਲਾਂ ਦੇ ਸਨ।
92 ਸਾਲ ਦੀ ਉਮਰ 'ਚ ਦਿੱਗਜ ਗਾਇਕਾ ਆਸ਼ਾ ਭੋਸਲੇ ਦਾ ਦਿਹਾਂਤ, ਦੇਸ਼ 'ਚ ਸੋਗ ਦੀ ਲਹਿਰ
ਭਾਰਤੀ ਸੰਗੀਤ ਜਗਤ ਲਈ ਅੱਜ ਦੀ ਸਵੇਰ ਬਹੁਤ ਹੀ ਮੰਦਭਾਗੀ ਖ਼ਬਰ ਲੈ ਕੇ ਆਈ ਹੈ। ਬਾਲੀਵੁੱਡ ਦੀ ਮਸ਼ਹੂਰ ਅਤੇ ਦਿੱਗਜ ਗਾਇਕਾ ਆਸ਼ਾ ਭੋਸਲੇ ਦਾ ਦਿਹਾਂਤ ਹੋ ਗਿਆ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਦੇਸ਼-ਵਿਦੇਸ਼ ਵਿੱਚ ਮੌਜੂਦ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਇਲਾਜ ਲਈ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। 92 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ‘ਮਲਟੀਪਲ ਆਰਗਨ ਫੇਲਿਅਰ’ (ਕਈ ਅੰਗਾਂ ਦੇ ਕੰਮ ਬੰਦ ਕਰਨ) ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਭਾਜਪਾ ਨੇਤਾ ਆਸ਼ੀਸ਼ ਸ਼ੇਲਾਰ ਨੇ ਉਨ੍ਹਾਂ ਦੇ ਦਿਹਾਂਤ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਕੀਤੀ ਹੈ।
ਕਲਾ ਜਗਤ ਨੂੰ ਲੱਗਾ ਵੱਡਾ ਝਟਕਾ
ਬਾਲੀਵੁੱਡ ਫਿਲਮ ਇੰਡਸਟਰੀ ਲਈ ਪਿਛਲਾ ਸਾਲ 2025 ਬਹੁਤ ਚੰਗਾ ਨਹੀਂ ਰਿਹਾ ਸੀ, ਕਿਉਂਕਿ ਉਸ ਦੌਰਾਨ ਕਈ ਦਿੱਗਜ ਕਲਾਕਾਰ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਹੁਣ 2026 ਵਿੱਚ ਭਾਰਤੀ ਕਲਾ ਜਗਤ ਨੂੰ ਇਹ ਬਹੁਤ ਵੱਡਾ ਘਾਟਾ ਪਿਆ ਹੈ। ਆਸ਼ਾ ਭੋਸਲੇ ਨੇ ਲਗਭਗ 8 ਦਹਾਕੇ ਫਿਲਮ ਇੰਡਸਟਰੀ ਨੂੰ ਦਿੱਤੇ ਅਤੇ ਆਪਣੀ ਮਖਮਲੀ ਆਵਾਜ਼ ਨਾਲ ਦੁਨੀਆ ਭਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ। ਰਿਪੋਰਟਾਂ ਮੁਤਾਬਕ, ਅੱਜ ਸ਼ਾਮ 4 ਵਜੇ ਦਾਦਰ ਦੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
8 ਦਹਾਕਿਆਂ ਦਾ ਸਫ਼ਰ ਅਤੇ 12 ਹਜ਼ਾਰ ਗੀਤ
ਆਸ਼ਾ ਭੋਸਲੇ ਨੇ ਆਪਣੀ ਵੱਡੀ ਭੈਣ ਲਤਾ ਮੰਗੇਸ਼ਕਰ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਸੰਗੀਤ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ ਅਤੇ ਬੇਮਿਸਾਲ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਨੇ ਮਹਿਜ਼ 10 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਗੀਤ ਰਿਕਾਰਡ ਕੀਤਾ ਸੀ, ਜੋ ਕਿ ਮਰਾਠੀ ਭਾਸ਼ਾ ਵਿੱਚ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਆਪਣੇ 82 ਸਾਲਾਂ ਦੇ ਲੰਬੇ ਕਰੀਅਰ ਦੌਰਾਨ ਉਨ੍ਹਾਂ ਨੇ ਲਗਭਗ 12,000 ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਕਲਾ ਦੇ ਖੇਤਰ ਵਿੱਚ ਉਨ੍ਹਾਂ ਦੇ ਅਭੁੱਲ ਯੋਗਦਾਨ ਲਈ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ‘ਪਦਮ ਵਿਭੂਸ਼ਣ’ ਵਰਗੇ ਵੱਕਾਰੀ ਸਨਮਾਨ ਨਾਲ ਵੀ ਨਿਵਾਜਿਆ ਗਿਆ ਸੀ। ਉਨ੍ਹਾਂ ਦਾ ਜਾਣਾ ਸੰਗੀਤ ਦੀ ਦੁਨੀਆ ਵਿੱਚ ਅਜਿਹਾ ਖਲਾਅ ਪੈਦਾ ਕਰ ਗਿਆ ਹੈ ਜਿਸ ਨੂੰ ਕਦੇ ਭਰਿਆ ਨਹੀਂ ਜਾ ਸਕੇਗਾ।
