ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ਫਾਈਰਿੰਗ ‘ਤੇ ਭਖੀ ਸਿਆਸਤ, AAP ਦੇ BJP ਤੇ ਵੱਡੇ ਆਰੋਪ

Updated On: 

13 May 2026 13:08 PM IST

Diljit Dosanjh Manager Firing in Haryana: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ਫਾਈਰਿੰਗ ਦੀ ਘਟਨਾ ਵਾਪਰੀ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਫਾਈਰਿੰਗ ਦੀ ਜ਼ਿੰਮੇਵਾਰੀ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਹਰਿਆਣਾ ਦੇ ਗੌਂਦਰ ਪਿੰਡ ਵਿੱਚ ਵਾਪਰੀ ਹੈ। ਬਿਸ਼ਨੋਈ ਗੈਂਗ ਨੇ ਮੈਨੇਜਰ ਕੰਗ ਤੇ ਵੱਡਾ ਇਲਜਾਮ ਵੀ ਲਗਾਇਆ ਹੈ।

ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ਫਾਈਰਿੰਗ ਤੇ ਭਖੀ ਸਿਆਸਤ, AAP ਦੇ BJP ਤੇ ਵੱਡੇ ਆਰੋਪ

ਹਰਿਆਣਾ ਦੇ ਗੌਂਦਰ ਪਿੰਡ ਵਿੱਚ, ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਮੈਨੇਜਰ ਗੁਰਪ੍ਰਤਾਪ ਕੰਗ ਦੇ ਘਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਦੇ ਮੈਂਬਰ ਟਾਈਸਨ ਬਿਸ਼ਨੋਈ ਅਤੇ ਆਰਜੂ ਬਿਸ਼ਨੋਈ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਸਟ੍ਰੀਆ ਮੇਡ ਬਰਸਟ ਚਲਵਾਏ। ਪੋਸਟ ਵਿੱਚ, ਗੈਂਗ ਨੇ ਆਰੋਪ ਲਗਾਇਆ ਕਿ ਗੁਰਪ੍ਰਤਾਪ ਕੰਗ ਦਿਲਜੀਤ ਦੇ ਸ਼ੋਅ ਦੌਰਾਨ ਕੁੜੀਆਂ ਦਾ ਸ਼ੋਸ਼ਣ ਕਰਦਾ ਹੈ।

ਪੋਸਟ ਵਿੱਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਆਸਟ੍ਰੇਲੀਆ ਦੌਰੇ ਦੌਰਾਨ, ਉਸਨੇ ਦਿਲਜੀਤ ਦੇ ਨਾਮ ਦੀ ਵਰਤੋਂ ਕਰਕੇ ਪੰਜਾਬ ਦੀ ਇੱਕ ਕੁੜੀ ਨੂੰ ਝਾਂਸੇ ਵਿੱਚ ਲੈ ਕੇ ਉਸਨੂੰ ਗਰਭਵਤੀ ਕੀਤਾ, ਅਤੇ ਫਿਰ ਉਸਨੂੰ ਬਲਾਕ ਕਰ ਦਿੱਤਾ। ਗੈਂਗ ਦਾ ਦਾਅਵਾ ਹੈ ਕਿ ਉਸਨੂੰ ਹੋਰ ਕੁੜੀਆਂ ਤੋਂ ਵੀ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਨੇ ਦਿਲਜੀਤ ਅਤੇ ਉਸਦੀ ਟੀਮ (ਸੋਨਾਲੀ ਅਤੇ ਗੁਰਪ੍ਰਤਾਪ) ਨੂੰ ਵਾਰ-ਵਾਰ ਮੈਸੇਜ ਭੇਜ ਕੇ ਆਰੋਪੀ ਨੂੰ ਟੀਮ ਤੋਂ ਹਟਾਉਣ ਲਈ ਕਿਹਾ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

ਬੀਜੇਪੀ ਨੇ ਡਰਾਉਣ ਲਈ ਕਰਵਾਈ ਫਾਈਰਿੰਗ- ਚੀਮਾ

ਇੱਕ ਪਾਸੇ ਲਾਰੈਂਸ ਗੈਂਗ ਇਸ ਘਟਨਾ ਦੀ ਜਿੰਮੇਵਾਰੀ ਲੈ ਰਿਹਾ ਹੈ ਤਾਂ ਦੂਜੇ ਪਾਸੇ ਇਸਨੂੰ ਲੈ ਕੇ ਸਿਆਸਤ ਵੀ ਤੇਜ ਹੋ ਗਈ ਹੈ। ਪੰਜਾਬ ਸਰਕਾਰ ਇਸਨੂੰ ਲੈ ਕੇ ਬੀਜੇਪੀ ਤੇ ਗੰਭੀਰ ਆਰੋਪ ਲਗਾ ਰਹੀ ਹੈ। ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਦਿਲਜੀਤ ਦੋਸਾਂਝ ਨੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਇਸ ਕਰਕੇ ਉਨ੍ਹਾਂ ਨੂੰ ਡਰਾਉਣ ਲਈ ਭਾਜਪਾ ਨੇ ਇਹ ਫਾਈਰਿੰਗ ਕਰਵਾਈ ਹੈ।

ਬੀਜੇਪੀ ਆਪਣਾ ਰਹੀ ਕੋਝੇ ਹੱਥਕੰਡੇ – ਚੀਮਾ

ਮੰਤਰੀ ਹਰਪਾਲ ਚੀਮਾ ਨੇ ਭਾਰਤੀ ਜਨਤਾ ਪਾਰਟੀ ਤੇ ਵੱਡਾ ਆਰੋਪ ਲਗਾਉਂਦਿਆਂ ਕਿਹਾ ਹੈ ਕਿ ਦਿਲਜੀਤ ਦੋਸਾਂਝ ਦੇ ਮੈਨੇਜਰ ਤੇ ਹਮਲਾ ਬੀਜੇਪੀ ਨੇ ਕਰਵਾਇਆ ਹੈ। ਬੀਜੇਪੀ ਨੇ ਲਾਰੈਂਸ ਬਿਸ਼ਨੋਈ ਰਾਹੀਂ ਦਿਲਜੀਤ ਦੋਸਾਂਝ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਗੈਂਗਸਟਰਾਂ ਦੀ ਮਦਦ ਨਾਲ ਦੇਸ਼ ਦੀਆਂ ਸੈਲੇਬ੍ਰਿਟੀਜ ਅਤੇ ਕਾਰੋਬਾਰੀਆਂ ਨੂੰ ਡਰਾ ਰਹੀ ਹੈ। ਉਹ ਕੋਝੇ ਹਥਕੰਡੇ ਆਪਣਾ ਰਹੀ ਹੈ। ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਅਤੇ ਕੇਂਦਰ ਸਰਕਾਰ ਦੀ ਪ੍ਰੋਟੇਕਸ਼ਨ ਹੈ। ਚੀਮਾ ਨੇ ਕਿਹਾ ਕਿ ਬੀਜੇਪੀ ਦੇ ਅਸਲ ਚਿਹਰਾ ਨੰਗਾ ਹੋ ਗਿਆ ਹੈ। ਉਸਦਾ ਐਂਟੀ ਪੰਜਾਬ ਰੋਲ ਹੁਣ ਸਭਦੇ ਸਾਹਮਣੇ ਆ ਗਿਆ ਹੈ। ਹੁਣ ਬੱਚਾ-ਬੱਚਾ ਜਾਣਦਾ ਹੈ ਕਿ ਬੀਜੇਪੀ ਦੇਸ਼ ਦੇ ਲਈ ਖਤਰਾ ਬਣੀ ਹੋਈ ਹੈ। ਉਨ੍ਹਾਂ ਆਰੋਪ ਲਗਾਇਆ ਕਿ ਦੂਜੇ ਸੂਬਿਆਂ ਦਾ ਅਮਨ ਕਾਨੂੰਨ ਤੋੜਣ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ।

Follow Us