ਸੁਖਜਿੰਦਰ ਰੰਧਾਵਾ
ਗੁਰਦਾਸਪੁਰ ਸੀਟ ਨੂੰ ਅਦਾਕਾਰਾ ਦੀ ਸੀਟ ਮੰਨਿਆ ਜਾਂਦਾ ਰਿਹਾ ਹੈ। ਪਰ ਇਸ ਵਾਰ ਕਾਂਗਰਸ ਦੇ ਦਿੱਗਜ਼ ਆਗੂ ਅਤੇ ਸਾਬਕਾ ਉੱਪ ਮੁੱਖ ਮੰਤਰੀ ਰਹੇ ਸੁਖਜਿੰਦਰ ਰੰਧਾਵਾ ਨੇ ਭਾਜਪਾ ਦੇ ਦਿਨੇਸ਼ ਬੱਬੂ ਨੂੰ ਹਰਾਕੇ ਜਿੱਤ ਹਾਸਿਲ ਕਰ ਲਈ। ਰੰਧਾਵਾ ਨੂੰ 3 ਲੱਖ 64 ਹਜ਼ਾਰ 83 ਵੋਟਾਂ ਮਿਲੀਆਂ। ਉਹਨਾਂ ਨੇ ਦਿਨੇਸ਼ ਬੱਬੂ ਨੂੰ 82 ਹਜ਼ਾਰ 861 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਜੇਤੂ ਰਹੇ ਹਨ। ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੂੰ 3 ਲੱਖ ਤੋਂ ਵੱਧ ਵੋਟਾਂ ਮਿਲੀਆਂ ਹਨ। ਜਦੋਂਕਿ ਭਾਰਤੀ ਜਨਤਾ ਪਾਰਟੀ ਦੇ ਦਿਨੇਸ਼ ਸਿੰਘ ਬੱਬੂ ਨੂੰ 2 ਲੱਖ 81 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਹਨ। ਆਮ ਆਦਮੀ ਪਾਰਟੀ ਦੇ ਅਮਨ ਸ਼ੇਰ ਸਿੰਘ 2 ਲੱਖ 77 ਹਜ਼ਾਰ 252 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਰਹੇ।
ਵਰਕਰਾਂ ਵਿੱਚ ਖੁਸ਼ੀ ਦੀ ਲਹਿਰ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਵਿਰੋਧੀਆਂ ਨੂੰ ਮਾਤ ਦਿੰਦੇ ਹੋਏ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ। ਜਿੱਤ ਦੀ ਖ਼ਬਰ ਮਿਲਦਿਆਂ ਹੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਕਾਂਗਰਸੀ ਵਰਕਰਾਂ ਨੇ ਜੇਤੂ ਰਹੇ ਰੰਧਾਵਾ ਦਾ ਢੋਲ ਅਤੇ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ।
ਰੰਧਾਵਾ ਨੇ ਕੀਤਾ ਧੰਨਵਾਦ
ਜਿੱਤ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਵਿੱਚ ਵਰਕਰਾਂ, ਕੇਂਦਰ ਦੀ ਲੀਡਰਸ਼ਿਪ ਅਤੇ ਸਥਾਨਕ ਆਗੂਆਂ ਦਾ ਬਹੁਤ ਵੱਡਾ ਯੋਗਦਾਨ ਹੈ। ਗੁਰਦਾਸਪੁਰ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਦਿੱਤੇ ਜਿੱਤ ਦੇ ਮਾਣ ਨੂੰ ਉਹ ਉਮਰ ਭਰ ਨਹੀਂ ਭੁੱਲਣਗੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੰਸਦ ਵਿੱਚ ਉਠਾਉਣਗੇ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਗੇ। ਰੰਧਾਵਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਹਰਾਉਣ ਲਈ ਬਹੁਤ ਕੋਸ਼ਿਸਾਂ ਕੀਤੀਆਂ ਸਨ ਪਰ ਕਾਂਗਰਸੀ ਵਰਕਰਾਂ ਨੇ ਵਿਰੋਧੀ ਪਾਰਟੀਆਂ ਦੇ ਮਨਸੂਬਿਆਂ ਤੇ ਪਾਣੀ ਫੇਰ ਦਿੱਤਾ।
ਗੁਰਦਾਸਪੁਰ ਲੋਕ ਸਭਾ ਸੀਟ ਤੇ 66.67 ਫੀਸਦੀ ਵੋਟਿੰਗ ਹੋਈ। ਜੋ ਪਿਛਲੀਆਂ ਲੋਕ ਸਭਾ ਚੋਣਾਂ ਦੀ 69.51 ਫੀਸਦੀ ਨਾਲੋਂ 2.84 ਫੀਸਦੀ ਘੱਟ ਸੀ। ਘੱਟ ਪੋਲਿੰਗ ਤੋਂ ਬਾਅਦ ਵੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੱਡੀ ਲੀਡ ਨਾਲ ਜਿੱਤ ਹਾਸਿਲ ਹੋਈ।