HC ਨੇ ਸਰਕਾਰੀ ਡਾਕਟਰ ਨੂੰ ਦਿੱਤੀ ਚੋਣ ਲੜਨ ਦੀ ਇਜਾਜ਼ਤ, ਅਸਤੀਫੇ ਨੂੰ ਲੈ ਕੇ ਦਿੱਤਾ ਵਿਲੱਖਣ ਫੈਸਲਾ | high court permission to dr deepak gHOGRA TO CONTEST RAJASTHAN assembly election 2023 know full detail in punjabi Punjabi news - TV9 Punjabi

HC ਨੇ ਸਰਕਾਰੀ ਡਾਕਟਰ ਨੂੰ ਦਿੱਤੀ ਚੋਣ ਲੜਨ ਦੀ ਇਜਾਜ਼ਤ, ਅਸਤੀਫੇ ਨੂੰ ਲੈ ਕੇ ਦਿੱਤਾ ਵਿਲੱਖਣ ਫੈਸਲਾ

Published: 

09 Nov 2023 18:04 PM

ਮਰੀਜਾਂ ਦਾ ਇਲਾਜ ਕਰਨ ਦੇ ਨਾਲ-ਨਾਲ ਡਾਕਟਰ ਦੀਪਕ ਘੋਗਰਾ ਹੁਣ ਰਾਜਨੀਤੀ ਵਿੱਚ ਵੀ ਹੱਥ ਅਜ਼ਮਾਉਣ ਜਾ ਰਹੇ ਹਨ, ਰਾਜਸਥਾਨ ਹਾਈਕੋਰਟ ਨੇ ਇੱਕ ਅਨੋਖਾ ਫੈਸਲਾ ਸੁਣਾਉਂਦਿਆਂ ਡਾਕਟਰ ਦੀਪਕ ਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ ਹੈ। ਦੀਪਕ ਭਾਰਤੀ ਟ੍ਰਾਈਬਲ ਪਾਰਟੀ (ਬੀਟੀਪੀ) ਦੀ ਟਿਕਟ 'ਤੇ ਡੂੰਗਰਪੁਰ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਜ਼ਿਕਰਯੋਗ ਹੈ ਕਿ ਰਾਜਸਥਾਨ ਦੀਆਂ 200 ਵਿਧਾਨ ਸਭਾ ਸੀਟਾਂ ਲਈ 25 ਨਵੰਬਰ ਨੂੰ ਚੋਣਾਂ ਹੋਣੀਆਂ ਹਨ।

HC ਨੇ ਸਰਕਾਰੀ ਡਾਕਟਰ ਨੂੰ ਦਿੱਤੀ ਚੋਣ ਲੜਨ ਦੀ ਇਜਾਜ਼ਤ, ਅਸਤੀਫੇ ਨੂੰ ਲੈ ਕੇ ਦਿੱਤਾ ਵਿਲੱਖਣ ਫੈਸਲਾ

Photo Credit: Tv9 Hindi

Follow Us On

‘ਤੁਸੀਂ ਚੋਣ ਲੜ ਸਕਦੇ ਹੋ, ਜੇਕਰ ਤੁਸੀਂ ਹਾਰ ਗਏ ਤਾਂ ਤੁਸੀਂ ਦੁਬਾਰਾ ਨੌਕਰੀ ‘ਤੇ ਜਾ ਸਕਦੇ ਹੋ’। ਇਹ ਕਹਿੰਦੇ ਹੋਏ ਰਾਜਸਥਾਨ (Rajsthan) ਹਾਈ ਕੋਰਟ ਦੀ ਜੋਧਪੁਰ ਬੈਂਚ ਨੇ ਇੱਕ ਸਰਕਾਰੀ ਡਾਕਟਰ ਨੂੰ ਚੋਣ ਲੜਨ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਹੁਣ ਡਾਕਟਰ ਦੀਪਕ ਘੋਗਰਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ। ਡਾ. ਦੀਪਕ ਘੋਗਰਾ ਰਾਜਸਥਾਨ ਦੇ ਡੂੰਗਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਗਾਇਨੀਕੋਲੋਜਿਸਟ ਹਨ। ਉਹ ਭਾਰਤੀ ਟ੍ਰਾਈਬਲ ਪਾਰਟੀ (ਬੀ.ਟੀ.ਪੀ.) ਦੀ ਟਿਕਟ ‘ਤੇ ਚੋਣ ਲੜ ਰਹੇ ਹਨ।

ਪਾਰਟੀ ਨੇ ਉਨ੍ਹਾਂ ਨੂੰ ਡੂੰਗਰਪੁਰ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਡਾਕਟਰ ਦੀਪਕ ਨੂੰ ਅਦਾਲਤ ਤੋਂ ਚੋਣ ਲੜਨ ਦੀ ਇਜਾਜ਼ਤ ਮਿਲਣੀ ਆਪਣੇ ਆਪ ਵਿੱਚ ਇੱਕ ਵਿਲੱਖਣ ਗੱਲ ਹੈ ਕਿਉਂਕਿ ਕਿਸੇ ਵੀ ਸਰਕਾਰੀ ਡਾਕਟਰ ਨੂੰ ਚੋਣ ਲੜਨ ਲਈ ਪਹਿਲਾਂ ਨੌਕਰੀ ਤੋਂ ਅਸਤੀਫ਼ਾ ਦੇਣਾ ਪੈਂਦਾ ਹੈ। ਇਸ ਤੋਂ ਬਾਅਦ ਹੀ ਕੋਈ ਵੀ ਚੋਣ ਵਿੱਚ ਹਿੱਸਾ ਲੈ ਸਕਦਾ ਹੈ।

ਕੋਰਟ ਨੇ ਸੁਣਾਇਆ ਵਿਲੱਖਣ ਫੈਸਲਾ

ਰਾਜਸਥਾਨ ਹਾਈ ਕੋਰਟ ਦੀ ਜੋਧਪੁਰ ਬੈਂਚ ਨੇ ਡਾਕਟਰ ਦੀਪਕ ਘੋਗਰਾ ਨੂੰ ਚੋਣ ਲੜਨ ਦੀ ਇਜਾਜ਼ਤ ਦੇ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਅਦਾਲਤ ਦਾ ਕਹਿਣਾ ਹੈ ਕਿ ਜੇਕਰ ਡਾਕਟਰ ਚੋਣ ਹਾਰ ਜਾਂਦਾ ਹੈ ਤਾਂ ਵੀ ਉਹ ਸਰਕਾਰੀ ਨੌਕਰੀ ‘ਤੇ ਵਾਪਸ ਆ ਸਕਦਾ ਹੈ ਅਤੇ ਇਸ ਨੂੰ ਬਰਕਰਾਰ ਰੱਖ ਸਕਦਾ ਹੈ। ਦਰਅਸਲ ਡਾਕਟਰ ਦੀਪਕ ਨੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਅਦਾਲਤ ਵਿੱਚ ਰਿੱਟ ਦਾਇਰ ਕੀਤੀ ਸੀ। ਇਸ ਮਾਮਲੇ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਦੀਪਕ ਨੇ ਕਿਹਾ ਕਿ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਜੇਕਰ ਮੈਂ ਹਾਰ ਜਾਂਦਾ ਹਾਂ ਤਾਂ ਵੀ ਮੈਂ ਮੈਡੀਕਲ ਅਫ਼ਸਰ ਦੇ ਅਹੁਦੇ ‘ਤੇ ਮੁੜ ਜੁਆਇਨ ਕਰ ਸਕਦਾ ਹਾਂ |

ਜੰਗਲ ਬਚਾਓ ਅਭਿਆਨ ਦੇ ਸੰਸਥਾਪਕ ਹਨ ਦੀਪਕ

ਚੋਣ ਲੜਨ ਦੀ ਇੱਛਾ ਬਾਰੇ ਡਾ. ਦੀਪਕ ਨੇ ਕਿਹਾ ਕਿ ਉਨ੍ਹਾਂ ਨੇ ਚੋਣਾਂ ਲਈ ਬੀਟੀਪੀ ਤੋਂ ਟਿਕਟ ਮੰਗੀ ਸੀ ਕਿਉਂਕਿ ਬੀਟੀਪੀ ਡੂੰਗਰਪੁਰ ਇਲਾਕੇ ਵਿੱਚ ਬਹੁਤ ਮਸ਼ਹੂਰ ਹੈ। ਉਸ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਪੜ੍ਹੇ-ਲਿਖੇ ਲੋਕਾਂ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਇਲਾਕੇ ਦੇ ਸਾਰੇ ਆਦਿਵਾਸੀ ਸਿੱਖਿਅਤ ਹੋਣ, ਹਰ ਇੱਕ ਨੂੰ ਸਿਹਤਮੰਦ ਜੀਵਨ ਦੇ ਨਾਲ-ਨਾਲ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਏਜੰਡਾ ਜੰਗਲਾਂ ਨੂੰ ਬਚਾਉਣਾ ਹੈ ਕਿਉਂਕਿ ਜੰਗਲਾਂ ਅਤੇ ਕੁਦਰਤ ਨੂੰ ਬਚਾਉਣ ਤੋਂ ਬਿਨਾਂ ਕਬੀਲਿਆਂ ਦੀ ਹੋਂਦ ਨੂੰ ਬਚਾਉਣਾ ਮੁਸ਼ਕਲ ਹੈ। ਡੂੰਗਰਪੁਰ ਵਿੱਚ ਦੀਪਕ ਜੰਗਲ ਬਚਾਓ ਮੁਹਿੰਮ ਦੇ ਸੰਸਥਾਪਕ ਅਤੇ ਡੂੰਗਰਪੁਰ ਆਦਿਵਾਸੀ ਸੱਭਿਆਚਾਰਕ ਮੰਚ ਦੇ ਮੈਂਬਰ ਹਨ, ਜੋ ਕਬਾਇਲੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦਾ ਹੈ।

ਸਟੈਥੋਸਕੋਪ ਨਾਲ ਚੋਣ ਮੁਹਿੰਮ

ਜੇਕਰ ਡਾਕਟਰ ਦੀਪਕ ਘੋਗਰਾ ਦੀ ਚੋਣ ਮੁਹਿੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਚੋਣ ਮੁਹਿੰਮ ਕਾਫੀ ਵਿਲੱਖਣ ਹੈ। ਉਹ ਆਪਣੇ ਸਟੈਥੋਸਕੋਪ ਨੂੰ ਪ੍ਰਤੀਕ ਵਜੋਂ ਵਰਤ ਰਹੇ ਹਨ, ਜੋ ਸਮਾਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਸਟੈਥੋਸਕੋਪ ਉਨ੍ਹਾਂ ਦੀ ਗਲ ਚ ਹਮੇਸ਼ਾ ਲਟਕਦਾ ਰਹਿੰਦਾ ਹੈ।

ਡੂੰਗਰਪੁਰ ਦੇ ਮਸ਼ਹੂਰ ਡਾਕਟਰ ਹਨ ਦੀਪਕ

ਤੁਹਾਨੂੰ ਦੱਸ ਦੇਈਏ ਕਿ ਡੂੰਗਰਪੁਰ ਅਨੁਸੂਚਿਤ ਜਨਜਾਤੀ ਲਈ ਰਾਖਵਾਂ ਹਲਕਾ ਹੈ। ਇੱਥੇ ਡਾਕਟਰ ਦੀਪਕ ਘੋਗਰਾ ਦਾ ਨਾਂਅ ਹਰ ਘਰ ਵਿੱਚ ਮਸ਼ਹੂਰ ਹੈ। ਉਹ ਦਸ ਸਾਲ ਤੋਂ ਵੱਧ ਸਮੇਂ ਤੋਂ ਡੂੰਗਰਪੁਰ ਹਸਪਤਾਲ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਨੇ 20,000 ਤੋਂ ਵੱਧ ਡਲਿਵਰੀਆਂ ਕਰਵਾਈਆਂ ਹੈ। ਦੀਪਕ ਡਾਕਟਰ ਹੋਣ ਦੇ ਨਾਲ-ਨਾਲ ਬੱਚਿਆਂ ਦੀ ਮਦਦ ਕਰਨ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਨੇ ਪੇਂਡੂ ਖੇਤਰਾਂ ਦੇ ਸਰਕਾਰੀ ਸਕੂਲਾਂ ਵਿੱਚ ਪੈਨਸਿਲਾਂ, ਇਰੇਜ਼ਰ ਅਤੇ ਸ਼ਾਰਪਨਰ ਦੇ 20,000 ਤੋਂ ਵੱਧ ਬਕਸੇ ਵੰਡੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ‘ਬਾਕਸ ਮੈਨ’ ਦਾ ਨਾਂਅ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਰਾਜਸਥਾਨ ਦੀਆਂ 200 ਵਿਧਾਨ ਸਭਾ ਸੀਟਾਂ ਲਈ 25 ਨਵੰਬਰ ਨੂੰ ਚੋਣਾਂ ਹੋਣੀਆਂ ਹਨ।

Exit mobile version