(Photo Credit: Twitter-@DGPPunjabPolice)
Subscribe to
Notifications
Subscribe to
Notifications
ਪੰਜਾਬ ਪੁਲਿਸ ਨੇ ਇੱਕ ਫਾਰਮਾਸਿਊਟੀਕਲ ਓਪੀਔਡ ਬਣਾਉਣ ਵਾਲੀ ਕੰਪਨੀ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਦਿੱਲੀ ਅਤੇ ਹਰਿਆਣਾ ਵਿੱਚ ਸਥਿਤ ਫਾਰਮਾ ਯੂਨਿਟਾਂ ਤੋਂ ਗੈਰ-ਕਾਨੂੰਨੀ ਓਪੀਓਡ ਨਿਰਮਾਣ ਅਤੇ ਸਪਲਾਈ ਦੇ ਇੱਕ ਅੰਤਰਰਾਜੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ ਹੈ।
ਇਹ ਕਾਰਵਾਈ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਹਰਿਆਣਾ ਦੇ ਅੰਬਾਲਾ ਤੋਂ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰ ਗੌਰਵ ਸਿੰਘ ਉਰਫ਼ ਕਾਲਾ ਤੋਂ ਪੁੱਛਗਿੱਛ ਕਰਨ ਮਗਰੋਂ ਕੀਤੀ ਹੈ। ਇਸ ਮਾਮਲੇ ਵਿੱਚ ਤਿੰਨ ਮਹੀਨੇ ਦੀ ਲੰਬੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਪਲਾਇਰ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲੇ ਦੀ ਜਾਂਚ ਕਰਦੇ ਹੋਏ ਫਤਿਹਗੜ੍ਹ ਸਾਹਿਬ ਪੁਲਿਸ ਦੀ ਟੀਮ ਨੇ ਦਿੱਲੀ ਸਥਿਤ ਗੈਰ-ਕਾਨੂੰਨੀ ਫਾਰਮਾ ਨਿਰਮਾਤਾ ਸੁਮਿਤ ਅਗਰਵਾਲ ਨੂੰ ਗ੍ਰਿਫਤਾਰ ਕੀਤਾ, ਜੋ ਕਿ ਪੈਕਸਨਜ਼ ਫਾਰਮਾਸਿਊਟੀਕਲਜ਼ ਪ੍ਰਾਈਵੇਟ ਲਿਮਟਿਡ ਦਾ ਮਾਲਕ ਹੈ ਅਤੇ ਉਸ ਦੇ ਦਿੱਲੀ ਦੇ ਰੋਹਿਣੀ ਅਤੇ ਹਰਿਆਣਾ ਦੇ ਬਹਾਦਰਗੜ੍ਹ ‘ਚ ਯੂਨਿਟ ਹਨ।
ਉਨ੍ਹਾਂ ਦੱਸਿਆ ਕਿ ਸੀਆਈਏ ਫਤਿਹਗੜ੍ਹ ਸਾਹਿਬ ਦੀ ਟੀਮ ਅਤੇ ਦੋ ਡਰੱਗ ਇੰਸਪੈਕਟਰਾਂ ਨੇ ਸਥਾਨਕ ਡਰੱਗ ਇੰਸਪੈਕਟਰ ਦੀ ਹਾਜ਼ਰੀ ਵਿੱਚ ਪਿੰਡ ਬਹਾਦਰਗੜ੍ਹ ਵਿੱਚ ਸਥਿਤ ਫਾਰਮਾ ਫੈਕਟਰੀ ਵਿੱਚ ਛਾਪਾ ਮਾਰ ਕੇ 6 ਲੱਖ ਦੇ ਕਰੀਬ ਅਣ-ਲੇਬਲ ਟੀਕੇ ਅਤੇ ਗੈਰ-ਕਾਨੂੰਨੀ ਕਾਰੋਬਾਰੀ ਲੈਣ-ਦੇਣ ਵਾਲੇ ਕਈ ਦਸਤਾਵੇਜ਼ ਬਰਾਮਦ ਕੀਤੇ ਹਨ।
ਇਸ ਮਾਮਲੇ ‘ਚ ਫਤਹਿਗੜ੍ਹ ਸਾਹਿਬ ਪੁਲਿਸ ਨੇ ਮੁਲਜ਼ਮਾਂ ਕੋਲੋਂ 3.24 ਲੱਖ ਗੋਲੀਆਂ, ਕੈਪਸੂਲ, ਟੀਕੇ ਅਤੇ ਸ਼ੀਸ਼ੀਆਂ ਸਮੇਤ 2.20 ਲੱਖ ਰੁਪਏ ਦੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪੁਲਿਸ ਹੁਣ ਤੱਕ ਇਸ ਮਾਮਲੇ ਵਿੱਚ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਗ੍ਰਿਫ਼ਤਾਰ ਕੀਤੇ ਗਏ ਪੰਜ ਹੋਰ ਮੁਲਜ਼ਮਾਂ ਦੀ ਪਛਾਣ ਮੁਹੰਮਦ ਅਰਬਾਜ਼, ਮੁਹੰਮਦ ਸਲਮਾਨ, ਮੁਹੰਮਦ ਸ਼ਾਹਬੇਜ਼, ਰਾਕੇਸ਼ ਕੁਮਾਰ ਅਤੇ ਘਨਸ਼ਿਆਮ ਸ਼ਰਮਾ ਵਜੋਂ ਹੋਈ ਹੈ।
ਆਗਰਾ ਤੋਂ ਹੁੰਦਾ ਸੀ ਨਸ਼ੇ ਦਾ ਕਾਰੋਬਾਰ : ਆਈਜੀ ਭੁੱਲਰ
ਇਸ ਮਾਮਲੇ ਸਬੰਧੀ ਆਈ.ਜੀ ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ ਫਤਹਿਗੜ੍ਹ ਸਾਹਿਬ ਡਾ.ਰਵਜੋਤ ਗਰੇਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਸ਼ੀ ਗੌਰਵ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਫਤਿਹਗੜ੍ਹ ਸਾਹਿਬ ਪੁਲਿਸ ਨੇ ਗੈਰ-ਕਾਨੂੰਨੀ ਕੈਮਿਸਟਾਂ, ਫਾਰਮੇਸੀਆਂ, ਗੋਦਾਮਾਂ ‘ਤੇ ਛਾਪੇਮਾਰੀ ਕੀਤੀ, ਜਿਸ ਰਾਹੀਂ ਮੁਹੰਮਦ ਅਰਬਾਜ਼, ਮੁਹੰਮਦ ਸਲਮਾਨ ਅਤੇ ਮੁਹੰਮਦ ਸ਼ਾਹਬੇਜ਼ ਸਮੇਤ ਹੋਰ ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਤਿੰਨਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਆਗਰਾ ਤੋਂ ਨਸ਼ੀਲੇ ਪਦਾਰਥ ਖਰੀਦ ਕੇ ਲਿਆ ਰਹੇ ਸਨ। ਇਸ ਤੋਂ ਬਾਅਦ, ਪੁਲਿਸ ਟੀਮਾਂ ਨੇ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ, ਜਿਸ ਦੀ ਪਛਾਣ ਰਾਕੇਸ਼ ਕੁਮਾਰ ਵਜੋਂ ਹੋਈ।
ਮੁਲਜ਼ਮ ਘਨਸ਼ਿਆਮ ਥੋਕ ਵਿਕਰੇਤਾ
ਆਈਜੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਰਾਕੇਸ਼ ਨੇ ਖੁਲਾਸਾ ਕੀਤਾ ਕਿ ਉਹ ਲੋਨੀ, ਗਾਜ਼ੀਆਬਾਦ ਦੇ ਇੱਕ ਵਿਅਕਤੀ ਦੇ ਸੰਪਰਕ ਵਿੱਚ ਸੀ, ਜਿਸ ਦੀ ਪਛਾਣ ਘਨਸ਼ਿਆਮ ਸ਼ਰਮਾ ਵਜੋਂ ਹੋਈ ਹੈ, ਜੋ ਕਿ ਨਸ਼ੀਲੇ ਪਦਾਰਥਾਂ ਦਾ ਥੋਕ ਵਪਾਰੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਘਨਸ਼ਿਆਮ ਨੂੰ 2 ਨਵੰਬਰ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਡਰੱਗ ਨਿਰਮਾਤਾ ਸੁਮਿਤ ਅਗਰਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਥਾਣਾ ਮੂਲੇਪੁਰ ਫਤਹਿਗੜ੍ਹ ਸਾਹਿਬ ਵਿਖੇ 12 ਅਗਸਤ 2023 ਨੂੰ ਐਨਡੀਪੀਐਸ ਐਕਟ ਦੀ ਧਾਰਾ 22 C ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।