ਕੇਕ ਖਾਣ ਨਾਲ ਹੋਈ ਬੱਚੀ ਦੀ ਮੌਤ, ਪੁਲਿਸ ਨੇ ਬੇਕਰੀ ਮਾਲਕ ਸਮੇਤ ਚਾਰ ਖਿਲਾਫ ਦਰਜ ਕੀਤਾ ਮਾਮਲਾ, ਤਿੰਨ ਗ੍ਰਿਫਤਾਰ
ਪਟਿਆਲਾ ਦੀ ਰਹਿਣ ਵਾਲੀ 10 ਸਾਲਾ ਮਾਨਵੀ ਨੇ ਆਪਣੇ ਜਨਮ ਦਿਨ 'ਤੇ ਆਨਲਾਈਨ ਕੇਕ ਆਰਡਰ ਕੀਤਾ ਸੀ। ਸ਼ਾਮ 7 ਵਜੇ ਕੇਕ ਕੱਟਿਆ ਗਿਆ ਅਤੇ ਰਾਤ 10 ਵਜੇ ਪੂਰਾ ਪਰਿਵਾਰ ਬਿਮਾਰ ਹੋ ਗਿਆ। ਮਾਨਵੀ ਦੀ ਸਿਹਤ ਵਿਗੜਨ 'ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਪਟਿਆਲਾ ‘ਚ ਕੇਕ ਖਾਣ ਕਾਰਨ 10 ਸਾਲਾ ਮਾਨਵੀ ਦੀ ਮੌਤ ਤੋਂ ਬਾਅਦ ਹਰ ਕੋਈ ਹੈਰਾਨ ਹੈ। ਪਟਿਆਲਾ ਪੁਲਿਸ ਵੱਲੋਂ ਜਿਸ ਬੇਕਰੀ ਤੋਂ ਇਹ ਕੇਕ ਆਇਆ ਸੀ ਉਸ ਦੇ ਮਾਲਕ ਸਮੇਤ 4 ਲੋਕਾਂ ‘ਤੇ ਇਰਾਦਾ-ਏ-ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਤਿੰਨ ਮੁਲਜ਼ਮਾਂ ਰਾਜਜੀਤ ਸਿੰਘ, ਪਵਨ ਕੁਮਾਰ ਅਤੇ ਵਿਜੇ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦ ਕਿ ਬੇਕਰੀ ਮਾਲਕ ਗੁਰਮੀਤ ਸਿੰਘ ਵਾਸੀ ਗਰੀਨ ਬੀਊ ਕਲੋਨੀ ਪਟਿਆਲਾ ਹਾਲੇ ਫ਼ਰਾਰ ਹੈ। ਪੁਲਿਸ ਵੱਲੋਂ ਉਸ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਵਿੱਚ ਬੇਕਰੀ ਦਾ ਮੈਨੇਜਰ ਅਤੇ ਮੁਲਾਜ਼ਮ ਸ਼ਾਮਲ ਹਨ।
ਦਰਅਸਲ, 24 ਮਾਰਚ ਨੂੰ ਅਮਨ ਨਗਰ ਦੀ ਰਹਿਣ ਵਾਲੀ 10 ਸਾਲਾ ਮਾਨਵੀ ਦਾ ਜਨਮ ਦਿਨ ਸੀ। ਉਹ ਪਿਛਲੇ ਕੁਝ ਸਾਲਾਂ ਤੋਂ ਆਪਣੀ ਮਾਂ ਕਾਜਲ ਅਤੇ ਛੋਟੀ ਭੈਣ ਨਾਲ ਆਪਣੇ ਨਾਨਾ-ਨਾਨੀ ਦੇ ਘਰ ਰਹਿ ਰਹੀ ਹੈ। ਮਾਤਾ ਕਾਜਲ ਆਈ ਪਾਰਕ ਮੁਹਾਲੀ ਵਿੱਚ ਕੰਮ ਕਰਦੀ ਹੈ। ਮ੍ਰਿਤਕ ਬੱਚੀ ਦੀ ਮਾਂ ਮੁਤਾਬਕ ਉਸ ਨੇ ਸ਼ਾਮ ਕਰੀਬ ਛੇ ਵਜੇ ਕੇਕ ਆਨਲਾਈਨ ਆਰਡਰ ਕੀਤਾ ਸੀ। ਕੇਕ 6:30 ਵਜੇ ਘਰ ਪਹੁੰਚਾਇਆ ਗਿਆ।
ਕਰੀਬ 7:15 ‘ਤੇ ਮਾਨਵੀ ਨੇ ਪੂਰੇ ਪਰਿਵਾਰ ਦੀ ਮੌਜੂਦਗੀ ‘ਚ ਬੜੀ ਖੁਸ਼ੀ ਨਾਲ ਕੇਕ ਕੱਟਿਆ ਅਤੇ ਸਾਰਿਆਂ ਨੇ ਖਾਧਾ। ਪਰ ਕੁਝ ਸਮੇਂ ਬਾਅਦ ਮਾਨਵੀ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਦੀ ਸਿਹਤ ਵਿਗੜਨ ਲੱਗੀ। ਹਰ ਕੋਈ ਉਲਟੀਆਂ ਕਰਨ ਲੱਗ ਪਿਆ। ਜਦੋਂ 10 ਸਾਲ ਦੀ ਮਾਨਵੀ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਜਿੱਥੇ ਅਗਲੀ ਸਵੇਰ 25 ਮਾਰਚ ਨੂੰ ਮਾਨਵੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਮੁਤਾਬਕ ਪਹਿਲੇ ਕੇਸ ਵਿੱਚ ਧਾਰਾ 174 ਸੀਆਰਪੀਸੀ ਤਹਿਤ ਕਾਰਵਾਈ ਕੀਤੀ ਗਈ ਸੀ। ਪਰ ਬਾਅਦ ‘ਚ ਪਰਿਵਾਰ ਨੇ ਡਰ ਜ਼ਾਹਰ ਕੀਤਾ ਕਿ ਕੇਕ ਖਾਣ ਨਾਲ ਮਾਨਵੀ ਦੀ ਮੌਤ ਹੋ ਸਕਦੀ ਹੈ। ਇਸ ਲਈ ਪੁਲਿਸ ਨੇ ਹੁਣ ਮਾਂ ਕਾਜਲ ਦੇ ਬਿਆਨ ‘ਤੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ
ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਮਾਨਵੀ
ਪੀੜਤ ਪਰਿਵਾਰ ਮੁਤਾਬਕ ਮਾਨਵੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸ ਨੇ ਪੰਜਵੀਂ ਜਮਾਤ ਦੇ ਪੇਪਰ ਦਿੱਤੇ ਸਨ ਅਤੇ ਚੰਗੇ ਅੰਕਾਂ ਨਾਲ ਪਾਸ ਹੋਈ ਸੀ। ਪਰਿਵਾਰ ਨੇ ਸਿਹਤ ਵਿਭਾਗ ‘ਤੇ ਮਾਮਲੇ ‘ਚ ਬਣਦੀ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਗਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਬਚੇ ਕੇਕ ਦੇ ਸੈਂਪਲ ਲੈ ਕੇ ਜਾਂਚ ਲਈ ਐਫਐਸਐਲ ਲੈਬ ਵਿੱਚ ਭੇਜ ਦਿੱਤੇ ਗਏ ਹਨ।