ਜਲੰਧਰ ਦੇ ਸੁੱਚੀ ਪਿੰਡ ਵਿੱਚ ਤਿੰਨ ਭਰਾਵਾਂ ‘ਤੇ ਹਮਲਾ, ਇੱਕ ਦੀ ਮੌਤ, ਦੋ ਗੰਭੀਰ ਜ਼ਖਮੀ

davinder-kumar-jalandhar
Updated On: 

17 Jun 2025 10:13 AM

Jalandhar Mandeep Murder Case: ਜਲੰਧਰ ਦੇ ਰਾਮਾ ਮੰਡੀ ਥਾਣੇ ਅਧੀਨ ਆਉਂਦੇ ਸੁੱਚੀ ਪਿੰਡ ਵਿੱਚ ਸੋਮਵਾਰ ਰਾਤ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਪੁਰਾਣੀ ਦੁਸ਼ਮਣੀ ਕਾਰਨ ਤਿੰਨ ਭਰਾਵਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।

ਜਲੰਧਰ ਦੇ ਸੁੱਚੀ ਪਿੰਡ ਵਿੱਚ ਤਿੰਨ ਭਰਾਵਾਂ ਤੇ ਹਮਲਾ, ਇੱਕ ਦੀ ਮੌਤ, ਦੋ ਗੰਭੀਰ ਜ਼ਖਮੀ
Follow Us On

ਜਲੰਧਰ ਵਿੱਚ ਦੇਰ ਰਾਤ ਇੱਕ ਦਰਜਨ ਦੇ ਕਰੀਬ ਹਮਲਾਵਰਾਂ ਨੇ ਤਿੰਨ ਭਰਾਵਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਉੱਥੋਂ ਭੱਜ ਗਏ। ਇਸ ਘਟਨਾ ਵਿੱਚ ਇੱਕ ਭਰਾ ਦੀ ਮੌਤ ਹੋ ਗਈ, ਜਦੋਂ ਕਿ ਦੋ ਭਰਾਵਾਂ ਨੂੰ ਇਲਾਜ ਲਈ ਜਲੰਧਰ ਪਠਾਨਕੋਟ ਹਾਈਵੇਅ ‘ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਘਟਨਾ ਤੋਂ ਬਾਅਦ ਰਾਮਾ ਮੰਡੀ ਥਾਣੇ ਦੀ ਪੁਲਿਸ ਜਾਂਚ ਲਈ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਸੋਮਵਾਰ ਰਾਤ 10:45 ਵਜੇ ਰਾਮਾ ਮੰਡੀ ਥਾਣੇ ਅਧੀਨ ਆਉਂਦੇ ਸੁੱਚੀ ਪਿੰਡ ਵਿੱਚ ਵਾਪਰੀ। ਤਿੰਨਾਂ ਭਰਾਵਾਂ ‘ਤੇ ਪੁਰਾਣੀ ਦੁਸ਼ਮਣੀ ਕਾਰਨ ਹਮਲਾ ਕੀਤਾ ਗਿਆ। ਮ੍ਰਿਤਕ ਦੀ ਪਛਾਣ ਸੁੱਚੀ ਪਿੰਡ ਦੇ ਰਹਿਣ ਵਾਲੇ ਮਨਦੀਪ ਸਿੰਘ ਵਜੋਂ ਹੋਈ ਹੈ। ਭਰਾ ਮੁਕੇਸ਼ ਕੁਮਾਰ ਅਤੇ ਪਵਨ ਕੁਮਾਰ ਗੰਭੀਰ ਜ਼ਖਮੀ ਹਨ।

ਮਨਦੀਪ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਦੱਸ ਦਈਏ ਕਿ ਮਨਦੀਪ ਸਿੰਘ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੈਰ ਕਰਦੇ ਹੋਏ ਆਪਣੇ ਭਰਾ ਪਵਨ ਦੀ ਦੁਕਾਨ ‘ਤੇ ਪਹੁੰਚਿਆ ਸੀ। ਜਿੱਥੇ ਤਿੰਨੇ ਭਰਾ ਅਤੇ ਉਨ੍ਹਾਂ ਦਾ ਪਿਤਾ ਜੈਰਾਮ ਬੈਠੇ ਗੱਲਾਂ ਕਰ ਰਹੇ ਸਨ। ਫਿਰ ਕਾਲੇ ਰੰਗ ਦੀ ਸਕਾਰਪੀਓ ਵਿੱਚ ਆਪਣੇ ਸਾਥੀਆਂ ਨਾਲ ਆਇਆ ਪ੍ਰਿੰਸ ਨਾਮ ਦਾ ਇੱਕ ਨੌਜਵਾਨ ਆਪਣੀ ਦੁਕਾਨ ਦੇ ਨੇੜੇ ਇੱਕ ਢਾਬੇ ‘ਤੇ ਬੈਠੀ ਇੱਕ ਔਰਤ ਤੋਂ ਪਤਾ ਪੁੱਛਣ ਲੱਗਾ, ਜਦੋਂ ਮਨਦੀਪ ਦੁਕਾਨ ਤੋਂ ਬਾਹਰ ਆਇਆ ਤਾਂ ਪ੍ਰਿੰਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਨਦੀਪ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

ਬਦਮਾਸ਼ਾਂ ਨੇ ਮਨਦੀਪ ਨੂੰ ਬਚਾਉਣ ਆਏ ਉਸ ਦੇ ਭਰਾ ਮੁਕੇਸ਼ ਅਤੇ ਪਵਨ ‘ਤੇ ਵੀ ਹਮਲਾ ਕਰ ਦਿੱਤਾ। ਤਿੰਨਾਂ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਮੁਲਜ਼ਮ ਸਕਾਰਪੀਓ ਵਿੱਚ ਮੌਕੇ ਤੋਂ ਭੱਜ ਗਏ। ਪੀੜਤ ਦੇ ਪਿਤਾ ਜੈਰਾਮ ਦੇ ਅਨੁਸਾਰ ਹਨੇਰਾ ਹੋਣ ਕਾਰਨ ਕਾਰ ਦਾ ਨੰਬਰ ਦਿਖਾਈ ਨਹੀਂ ਦੇ ਰਿਹਾ ਸੀ।

ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

ਨੇੜੇ ਮੌਜੂਦ ਲੋਕਾਂ ਦੀ ਮਦਦ ਨਾਲ ਜ਼ਖਮੀ ਭਰਾਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਮਨਦੀਪ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਮਾਮਲਾ ਪੁਰਾਣੀ ਦੁਸ਼ਮਣੀ ਦਾ ਜਾਪਦਾ ਹੈ। ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਬਣਾਈਆਂ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।