Murder Mamla: ਜਲੰਧਰ ਚ 2 ਦਿਨ ਪਹਿਲਾਂ ਹੋਏ ਕਤਲਕਾਂਡ ਵਿੱਚ 3 ਮੁਲਜ਼ਮ ਕਾਬੂ

Updated On: 

24 Oct 2024 09:12 AM

Crime News: ਕਿਸਾਨ ਦੇ ਭਰਾ ਨਵਜੋਤ ਸਿੰਘ ਨੇ ਇਲਜ਼ਾਮ ਲਾਇਆ ਕਿ ਦੋਸਤ ਨਾਲ ਝਗੜੇ ਨੂੰ ਲੈ ਕੇ ਉਸ ਦੇ ਭਰਾ ਦਾ ਕਤਲ ਕੀਤਾ ਗਿਆ ਹੈ। ਮਾਮਲੇ ਵਿੱਚ ਛੇ ਕਾਤਲ ਨਾਮਜ਼ਦ ਸਨ। ਇਨ੍ਹਾਂ ਵਿੱਚੋਂ ਗੁਰਜੀਤ ਸਿੰਘ ਵਾਸੀ ਪਿੰਡ ਬਿਨਪਾਲਕੇ, ਰਵੀ ਅਤੇ ਗੁਰਪ੍ਰੀਤ ਸਿੰਘ ਦੋਵੇਂ ਵਾਸੀ ਗਹਿਲਾਡਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Murder Mamla: ਜਲੰਧਰ ਚ 2 ਦਿਨ ਪਹਿਲਾਂ ਹੋਏ ਕਤਲਕਾਂਡ ਵਿੱਚ 3 ਮੁਲਜ਼ਮ ਕਾਬੂ

ਬਰਾਮਦ ਕੀਤੇ ਗਏ ਹਥਿਆਰ

Follow Us On

ਜਲੰਧਰ ਦਿਹਾਤੀ ਖੇਤਰ ਦੇ ਭੋਗਪੁਰ ਕਸਬੇ ਦੇ ਮੋਗਾ ਫਾਟਕ ਨੇੜੇ ਐਤਵਾਰ ਰਾਤ 11 ਵਜੇ ਦੇ ਕਰੀਬ 33 ਸਾਲਾ ਕਿਸਾਨ ਜਸਪਾਲ ਸਿੰਘ ਉਰਫ ਸ਼ਾਲੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਿਸਾਨ ਨੂੰ ਰਾਤ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਆਪਣੇ ਦੋਸਤ ਨੂੰ ਛੱਡ ਕੇ ਮੋਟਰਸਾਇਕਲ ‘ਤੇ ਘਰ ਪਰਤ ਰਿਹਾ ਸੀ। ਵਾਰਦਾਤ ਵਾਲੀ ਥਾਂ ਤੋਂ ਮਿਲੇ ਸੁਰਾਗ ਤੋਂ ਪਤਾ ਲੱਗਾ ਹੈ ਕਿ ਜਸਪਾਲ ਦੀ ਬਾਈਕ ਨੂੰ ਟੱਕਰ ਮਾਰ ਕੇ ਹੇਠਾਂ ਸੁੱਟਿਆ ਗਿਆ ਅਤੇ ਫਿਰ ਉਸ ਨੂੰ ਤਿੰਨ ਗੋਲੀਆਂ ਮਾਰੀਆਂ ਗਈਆਂ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ।

ਕਿਸਾਨ ਦੇ ਭਰਾ ਨਵਜੋਤ ਸਿੰਘ ਨੇ ਇਲਜ਼ਾਮ ਲਾਇਆ ਕਿ ਦੋਸਤ ਨਾਲ ਝਗੜੇ ਨੂੰ ਲੈ ਕੇ ਉਸ ਦੇ ਭਰਾ ਦਾ ਕਤਲ ਕੀਤਾ ਗਿਆ ਹੈ। ਮਾਮਲੇ ਵਿੱਚ ਛੇ ਕਾਤਲ ਨਾਮਜ਼ਦ ਸਨ। ਇਨ੍ਹਾਂ ਵਿੱਚੋਂ ਗੁਰਜੀਤ ਸਿੰਘ ਵਾਸੀ ਪਿੰਡ ਬਿਨਪਾਲਕੇ, ਰਵੀ ਅਤੇ ਗੁਰਪ੍ਰੀਤ ਸਿੰਘ ਦੋਵੇਂ ਵਾਸੀ ਗਹਿਲਾਡਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵੱਡੇ ਭਰਾ ਨੇ ਇਲਜ਼ਾਮ ਲਾਇਆ ਕਿ ਦੋ ਦਿਨ ਪਹਿਲਾਂ ਕੁੱਟਮਾਰ ਕੀਤੀ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।

ਪੁਲਿਸ ਵੱਲੋਂ ਅਮਰੀਕ ਸਿੰਘ ਅਤੇ ਬੱਬੂ ਦੋਵੇਂ ਵਾਸੀ ਬਹਿਰਾਮ ਸਰਿਸ਼ਟਾ ਅਤੇ ਸੰਨੀ ਵਾਸੀ ਪਿੰਡ ਮੁਮਦਪੁਰ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਡੀਐਸਪੀ ਸੁਮਿਤ ਸੂਦ ਨੇ ਦੱਸਿਆ ਕਿ ਮਾਮਲੇ ਸਬੰਧੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਐੱਸਐੱਚਓ ਸਿਕੰਦਰ ਸਿੰਘ ਦਾ ਕਹਿਣਾ ਹੈ ਕਿ ਤਿੰਨੋਂ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ, ਤਾਂ ਜੋ ਪੁੱਛਗਿੱਛ ਪੂਰੀ ਕੀਤੀ ਜਾ ਸਕੇ।

ਪਹਿਲਾਂ ਮਿਲੀਆਂ ਸਨ ਧਮਕੀਆਂ

ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ 35 ਸਾਲਾ ਨਵਜੋਤ ਸਿੰਘ ਵਾਸੀ ਭੋਗਪੁਰ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਜਸਪਾਲ ਖੇਤੀ ਕਰਦੇ ਹਨ। ਛੋਟਾ ਭਰਾ ਕੁੰਵਾਰਾ ਸੀ। ਉਹ ਐਤਵਾਰ ਸ਼ਾਮ ਕਰੀਬ 4 ਵਜੇ ਆਪਣੇ ਦੋਸਤ ਦੇ ਬਾਈਕ ‘ਤੇ ਗਿਆ ਸੀ। ਰਾਤ ਕਰੀਬ 11 ਵਜੇ ਉਸ ਦੇ ਭਰਾ ਦੇ ਦੋਸਤ ਸਿਮਰਨਜੀਤ ਸਿੰਘ ਵਾਸੀ ਪਿੰਡ ਗਹਿਲਾਡਾ ਨੇ ਫੋਨ ਕਰਕੇ ਦੱਸਿਆ ਕਿ ਜਸਪਾਲ ਮੋਗਾ ਫਾਟਕ ਅੱਗੇ ਮਾਤਾ ਰਾਣੀ ਮੰਦਿਰ ਕੋਲ ਡਿੱਗਿਆ ਪਿਆ ਹੈ। ਉਸ ਦੇ ਸਿਰ ਵਿੱਚ ਗੋਲੀ ਮਾਰੀ ਗਈ ਸੀ। ਨਵਜੋਤ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਐਂਬੂਲੈਂਸ ਬੁਲਾਈ ਅਤੇ ਜਸਪਾਲ ਨੂੰ ਕਾਲਾ ਬੱਕਰਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ।

ਉੱਥੇ ਉਸ ਨੂੰ ਦੱਸਿਆ ਗਿਆ ਕਿ ਉਸ ਦੇ ਭਰਾ ਦੀ ਮੌਤ ਹੋ ਗਈ ਹੈ। ਨਵਜੋਤ ਨੇ ਇਲਜ਼ਾਮ ਲਾਇਆ ਕਿ 2-3 ਦਿਨ ਪਹਿਲਾਂ ਉਸ ਨੇ ਆਪਣੇ ਭਰਾ ਦੇ ਦੋਸਤ ਸਿਮਰਨਜੀਤ ਦੀ ਕੁੱਟਮਾਰ ਕੀਤੀ ਸੀ ਅਤੇ ਸਿਮਰਨ ਦੇ ਦੋਸਤਾਂ ਜਸਪਾਲ ਅਤੇ ਹਰਦੀਪ ਸਿੰਘ ਦੀਪੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਨਵਜੋਤ ਨੇ ਇਲਜ਼ਾਮ ਲਾਇਆ ਕਿ ਉਸ ਦੇ ਭਰਾ ਦਾ ਕਤਲ ਗੁਰਜੀਤ ਸਿੰਘ, ਰਵੀ, ਗੁਰਪ੍ਰੀਤ, ਅਮਰੀਕ, ਬੱਬੂ ਅਤੇ ਸੰਤਰੀ ਨੇ ਕੀਤਾ ਹੈ। ਦੋਸਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਰਾਤ ਨੂੰ ਘਰ ਪਰਤ ਰਹੇ ਸਨ। ਉਸ ਨੂੰ ਘਰ ਦੇ ਕੋਲ ਛੱਡ ਕੇ ਜਸਪਾਲ ਬਾਈਕ ‘ਤੇ ਆਪਣੇ ਘਰ ਲਈ ਰਵਾਨਾ ਹੋ ਗਿਆ। ਉਸ ਨੂੰ ਰਸਤੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ।