ਅੰਮ੍ਰਿਤਪਾਲ ‘ਤੇ ਲੱਗਿਆ UAPA, ਗੁਰਪ੍ਰੀਤ ਸਿੰਘ ਕਤਲ ਕੇਸ ‘ਚ ਵੱਡੀ ਕਾਰਵਾਈ

Updated On: 

09 Jan 2025 11:03 AM

Gurpreet Singh Murder Case: ਐਸਆਈਟੀ ਨੇ ਇਸ ਮਾਮਲੇ ਵਿੱਚ ਯੂਏਪੀਏ ਵਧਾਉਣ ਬਾਰੇ ਫਰੀਦਕੋਟ ਅਦਾਲਤ ਨੂੰ ਲਿਖਤੀ ਜਾਣਕਾਰੀ ਦਿੱਤੀ ਹੈ। ਯੂਏਪੀਏ ਲਾਗੂ ਹੋਣ ਤੋਂ ਬਾਅਦ ਐਨਐਸਏ ਤਹਿਤ ਪਹਿਲਾਂ ਹੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਅੰਮ੍ਰਿਤਪਾਲ ਤੇ ਲੱਗਿਆ UAPA, ਗੁਰਪ੍ਰੀਤ ਸਿੰਘ ਕਤਲ ਕੇਸ ਚ ਵੱਡੀ ਕਾਰਵਾਈ
Follow Us On

Gurpreet Singh Murder Case: ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਕੈਨੇਡਾ ਚ ਲੁੱਕਿਆ ਬੈਠਾ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ‘ਤੇ ਯੂਏਪੀਏ ਲਗਾਇਆ ਗਿਆ ਹੈ। ਜ਼ਿਲ੍ਹਾ ਪੁਲਿਸ ਵੱਲੋਂ ਇਹ ਕਾਰਵਾਈ ਪੰਥਕ ਜਥੇਬੰਦੀਆਂ ਨਾਲ ਸਬੰਧਤ ਨੌਜਵਾਨ ਗੁਰਪ੍ਰੀਤ ਸਿੰਘ ਹਰੀਣੌ ਦੇ ਕਤਲ ਕੇਸ ਵਿੱਚ ਕੀਤੀ ਗਈ ਹੈ। ਐਸਆਈਟੀ ਨੇ ਇਸ ਮਾਮਲੇ ਵਿੱਚ ਯੂਏਪੀਏ ਵਧਾਉਣ ਬਾਰੇ ਫਰੀਦਕੋਟ ਅਦਾਲਤ ਨੂੰ ਲਿਖਤੀ ਜਾਣਕਾਰੀ ਦਿੱਤੀ ਹੈ। ਯੂਏਪੀਏ ਲਾਗੂ ਹੋਣ ਤੋਂ ਬਾਅਦ ਐਨਐਸਏ ਤਹਿਤ ਪਹਿਲਾਂ ਹੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਵਾਰਿਸ ਪੰਜਾਬ ਜਥੇਬੰਦੀ ਦੇ ਸਾਬਕਾ ਵਿੱਤ ਸਕੱਤਰ ਅਤੇ ਪੰਥਕ ਜਥੇਬੰਦੀਆਂ ਨਾਲ ਜੁੜੇ ਗੁਰਪ੍ਰੀਤ ਸਿੰਘ ਹਰੀਣੌ ਦਾ ਉਨ੍ਹਾਂ ਦੇ ਪਿੰਡ ਵਿੱਚ ਪਿਛਲੇ ਸਾਲ 9 ਅਕਤੂਬਰ ਨੂੰ ਬਾਈਕ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੀਪ ਸਿੱਧੂ ਦੀ ਮੌਤ ਤੋਂ ਬਾਅਦ ਵਾਰਿਸ ਪੰਜਾਬ ਸੰਸਥਾ ਦੇ ਮੁੱਖ ਕਾਰਜਕਾਰੀ ਅੰਮ੍ਰਿਤਪਾਲ ਸਿੰਘ ਨੇ ਜਥੇਬੰਦੀ ਦੀ ਕਮਾਨ ਸੰਭਾਲ ਲਈ ਸੀ, ਜਿਸ ਤੋਂ ਬਾਅਦ ਵਿੱਤ ਸਕੱਤਰ ਰਹੇ ਗੁਰਪ੍ਰੀਤ ਸਿੰਘ ਹਰੀਣੌ ਨੇ ਜਥੇਬੰਦੀ ਤੋਂ ਦੂਰੀ ਬਣਾ ਲਈ ਸੀ।

6 ਮੁਲਜ਼ਮ ਫੜੇ ਗਏ

ਜਥੇਬੰਦੀ ਦੀਆਂ ਗਤੀਵਿਧੀਆਂ ਨੂੰ ਲੈ ਕੇ ਗੁਰਪ੍ਰੀਤ ਦਾ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਵਿਵਾਦ ਪੈਦਾ ਹੋ ਗਿਆ ਸੀ ਅਤੇ ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਕਤਲ ਨੂੰ ਅੰਜਾਮ ਦੇਣ ‘ਚ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਅੱਤਵਾਦੀ ਅਰਸ਼ ਡੱਲਾ ਦੀ ਵੀ ਭੂਮਿਕਾ ਸੀ। ਇਸ ਤੋਂ ਬਾਅਦ ਪੁਲਿਸ ਨੇ ਉਕਤ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਅਰਸ਼ ਡੱਲਾ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ।

ਇਸ ਮਾਮਲੇ ‘ਚ ਕਤਲ ਕਰਨ ਵਾਲੇ 2 ਸ਼ੂਟਰ, ਰੇਕੀ ਕਰਨ ਵਾਲੇ 3 ਦੋਸ਼ੀ ਅਤੇ ਕੁਝ ਹੋਰ 6 ਦੋਸ਼ੀਆਂ ਨੂੰ ਪੁਲਿਸ ਨੇ ਫੜ ਲਿਆ ਹੈ ਅਤੇ ਹੁਣ ਮਾਮਲੇ ਦੀ ਚਾਰਜਸ਼ੀਟ ਦਾਇਰ ਕਰਨ ਤੋਂ ਪਹਿਲਾਂ ਪੁਲਿਸ ਨੇ ਮਾਮਲੇ ‘ਚ ਯੂਏਪੀਏ ਦੀ ਧਾਰਾ ਵੀ ਲਗਾ ਦਿੱਤੀ ਹੈ। .