ਲੁੱਟ-ਖੋਹ ਦੇ 5 ਮਾਮਲਿਆਂ ‘ਚ ਸ਼ਾਮਲ 12 ਮੁਲਜ਼ਮ ਕਾਬੂ, ਤਿੰਨ ਵਾਹਨ ਬਰਾਮਦ; ਗੈਂਗਸਟਰ ਚਰਨਪ੍ਰੀਤ ਸਿੰਘ ਦੇ ਕਤਲ ਕੇਸ ‘ਚ ਸਨ ਲੋੜੀਂਦੇ

avtar-singh
Published: 

08 Nov 2023 18:55 PM

ਗੁਰਦਾਸਪੁਰ ਪੁਲਿਸ ਨੇ ਅਣਪਛਾਤੇ ਲੁੱਟ ਦੇ 5 ਮਾਮਲਿਆਂ ਵਿੱਚ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਮੁਲਜ਼ਮ ਇੱਕ ਗੈਂਗਸਟਰ ਚਰਨਪ੍ਰੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਵੀ ਲੋੜੀਂਦੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 12 ਮੋਬਾਈਲ ਫੋਨ, ਵਾਹਨ ਅਤੇ ਸੋਨੇ-ਚਾਂਦੀ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਐਸਐਸਪੀ ਨੇ ਦੱਸਿਆ ਕਿ ਗੈਂਗਸਟਰ ਚਰਨਪ੍ਰੀਤ ਸਿੰਘ ਮਾਮਲੇ ਵਿੱਚ ਮੇਜਰ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ। ਪੁਲਿਸ ਜਲਦੀ ਹੀ ਉਸ ਨੂੰ ਵੀ ਫੜ ਲਵੇਗੀ।

ਲੁੱਟ-ਖੋਹ ਦੇ 5 ਮਾਮਲਿਆਂ ਚ ਸ਼ਾਮਲ 12 ਮੁਲਜ਼ਮ ਕਾਬੂ, ਤਿੰਨ ਵਾਹਨ ਬਰਾਮਦ; ਗੈਂਗਸਟਰ ਚਰਨਪ੍ਰੀਤ ਸਿੰਘ ਦੇ ਕਤਲ ਕੇਸ ਚ ਸਨ ਲੋੜੀਂਦੇ
Follow Us On

ਗੁਰਦਾਸਪੁਰ ਜ਼ਿਲ੍ਹਾ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਅਣਪਛਾਤੇ ਲੁੱਟ ਦੇ 5 ਮਾਮਲਿਆਂ ਨੂੰ ਟਰੇਸ ਕਰਦੇ ਹੋਈਆਂ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ ਦੋ ਮੁਲਜ਼ਮ ਇੱਕ ਗੈਂਗਸਟਰ ਚਰਨਪ੍ਰੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਵੀ ਲੋੜੀਂਦੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 12 ਮੋਬਾਈਲ ਫੋਨ, ਵਾਹਨ ਅਤੇ ਸੋਨੇ-ਚਾਂਦੀ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ।

ਐੱਸਐੱਸਪੀ ਦਿਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਪਿਛਲੇ ਦਿਨੀਂ ਵਾਪਰੀਆਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਟਰੇਸ ਕਰਨ ਲਈ ਐੱਸਪੀ ਇਨਵੈਸਟੀਗੇਸ਼ਨ ਪ੍ਰਿਥੀਪਾਲ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਜਾਂਚ ਤਕਨੀਕੀ ਢੰਗ ਨਾਲ ਕੀਤੀ ਗਈ ਸੀ। ਇਸ ਦੌਰਾਨ ਥਾਣਾ ਕਲਾਨੌਰ ਵਿਖੇ ਦਰਜ ਕੇਸ ਵਿੱਚ ਮੁਲਜ਼ਮ ਗੁਰਜੀਤ ਸਿੰਘ ਵਾਸੀ ਨਬੀਪੁਰ ਅਤੇ ਦੀਪੇਵਾਲ ਵਾਸੀ ਵਿੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਨੂੰ ਮੁਲਜ਼ਮਾਂ ਕੋਲੋਂ ਵਾਰਦਾਤ ਦੌਰਾਨ ਵਰਤੀ ਗਈ ਕਾਰ ਅਤੇ ਇੱਕ ਪਿਸਤੌਲ ਬਰਾਮਦ ਹੋਇਆ ਹੈ। ਇਸੇ ਤਰ੍ਹਾਂ ਥਾਣਾ ਕਲਾਨੌਰ ਵਿਖੇ ਦਰਜ ਹੋਏ ਲੁੱਟ-ਖੋਹ ਦੇ ਕੇਸ ਵਿੱਚ ਜਰਮਨ ਸਿੰਘ ਵਾਸੀ ਚਾਟੀਵਿੰਡ ਨੂੰ ਕਾਬੂ ਕਰਕੇ ਉਸ ਪਾਸੋਂ ਲੁੱਟੀ ਹੋਈ ਰਕਮ ਬਰਾਮਦ ਕੀਤੀ ਗਈ ਹੈ। ਥਾਣਾ ਧਾਰੀਵਾਲ ‘ਚ 1 ਨਵੰਬਰ ਨੂੰ ਦਰਜ ਹੋਏ ਲੁੱਟ-ਖੋਹ ਦੇ ਮਾਮਲੇ ‘ਚ ਮੁਲਜ਼ਮ ਲਵਜੀਤ ਸਿੰਘ ਅਤੇ ਸੂਰਜ ਸਿੰਘ ਵਾਸੀ ਚਾਟੀਵਿੰਡ ਨੂੰ ਇਨੋਵਾ ਗੱਡੀ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਧਾਰੀਵਾਲ ‘ਚ ਦਰਜ ਹੋਏ ਲੁੱਟ-ਖੋਹ ਦੇ ਮਾਮਲੇ ‘ਚ ਮੁਲਜ਼ਮ ਅਰਸ਼ਦੀਪ ਸਿੰਘ ਵਾਸੀ ਮੱਲੀਆਂ ਕਲਾਂ ਨੂੰ ਗ੍ਰਿਫਤਾਰ ਕਰਕੇ ਕਾਰ ਬਰਾਮਦ ਕਰ ਲਈ ਗਈ ਹੈ। ਇਸੇ ਤਰ੍ਹਾਂ ਥਾਣਾ ਸਿਟੀ ‘ਚ ਦਰਜ ਹੋਏ ਲੁੱਟ-ਖੋਹ ਦੇ ਮਾਮਲੇ ‘ਚ ਮੁਲਜ਼ਮ ਸਾਜਨ ਵਾਸੀ ਤਰਿਜਾ ਨਗਰ, ਰਜਤ ਕੁਮਾਰ ਵਾਸੀ ਗੋਪਾਲ ਨਗਰ ਮੁਹੱਲਾ, ਅਸ਼ੀਸ਼ ਮਸੀਹ ਵਾਸੀ ਰਣੀਆ, ਰਾਕੇਸ਼ ਕੁਮਾਰ ਵਾਸੀ ਨਰਾਇਣਪੁਰ (ਬਿਹਾਰ) ਅਤੇ ਅਮਨ ਕੁਮਾਰ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕਰਕੇ ਦੋ ਫ਼ੋਨ ਬਰਾਮਦ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਗੁਰਜੀਤ ਸਿੰਘ ਵਾਸੀ ਨਬੀਨਗਰ ਬਟਾਲਾ ਖ਼ਿਲਾਫ਼ ਪਹਿਲਾਂ ਵੀ ਕਤਲ ਅਤੇ ਲੁੱਟ-ਖੋਹ ਦੇ ਤਿੰਨ ਕੇਸ ਦਰਜ ਹਨ। ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਖ਼ਿਲਾਫ਼ ਚੋਰੀ ਅਤੇ ਲੁੱਟ-ਖੋਹ ਦੇ ਪੰਜ ਕੇਸ ਦਰਜ ਹਨ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਗੁਰਜੀਤ ਸਿੰਘ ਅਤੇ ਮੇਜ਼ਰ ਸਿੰਘ ਖ਼ਿਲਾਫ਼ ਥਾਣਾ ਕੋਟਲੀ ਸੂਰਤ ਮੱਲੀ ਵਿੱਚ ਗੈਂਗਸਟਰ ਚਰਨਪ੍ਰੀਤ ਸਿੰਘ ਦੇ ਕਤਲ ਦਾ ਕੇਸ ਦਰਜ ਹੈ। ਮੇਜਰ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ। ਪੁਲਿਸ ਜਲਦੀ ਹੀ ਉਸ ਨੂੰ ਵੀ ਫੜ ਲਵੇਗੀ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਉਮਰ 35 ਤੋਂ 40 ਸਾਲ ਦਰਮਿਆਨ ਹੈ ਅਤੇ ਉਹ ਨਸ਼ੇ ਦੇ ਆਦੀ ਹਨ।