ਫਰੀਦਕੋਟ ਨਿਊਜ: ਇੱਕ ਪਾਸੇ ਜਿੱਥੇ ਮੋਰਿੰਡਾ ਵਿੱਚ
ਬੇਅਦਬੀ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ ਤਾਂ ਦੂਜੇ ਪਾਸੇ ਫਰੀਦਕੋਟ ਦੇ ਪਿੰਡ ਗੋਲੇਵਾਲਾ ਵਿਚ ਵੀ ਬੀਤੇ ਦਿਨ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਪਰ ਪੁਲਿਸ ਨੇ ਮੁਸਤੈਦੀ ਨਾਲ ਕੰਮ ਲੈਂਦਿਆਂ ਨਾ ਸਿਰਫ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਸੁਲਝਾ ਲਿਆ, ਸਗੋਂ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਚ ਵੀ ਕਾਮਯਾਬੀ ਹਾਸਲ ਕੀਤੀ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਸੀਸੀਟੀਵੀ ਵੀਡੀਓ ਦੇ ਅਧਾਰ ਤੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਪੁਲਿਸ ਵੱਲੋਂ ਫੜ੍ਹੇ ਗਏ ਕਥਿਤ ਦੋਸੀਆਂ ਨੂੰ ਅਦਾਲਤ ਚ ਪੇਸ਼ ਕਰਕੇ 28 ਅਪ੍ਰੈਲ ਤੱਕ ਰਿਮਾਂਡ ਹਾਸਲ ਕੀਤਾ ਗਿਆ ਹੈ। ਹੁਣ ਪੁਲਿਸ ਇਹਨਾਂ ਕਥਿਤ ਮੁਲਜਮਾਂ ਤੋਂ ਬੇਅਦਬੀ ਮਾਮਲੇ ਵਿਚ ਪੁਛਗਿੱਛ ਕਰੇਗੀ। ਦੂਸਰੇ ਪਾਸੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC)ਦੇ ਮੈਂਬਰਾਂ ਵੱਲੋਂ ਮੁਲਜਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਕੀ ਹੈ ਪੂਰਾ ਮਾਮਲਾ?
ਮਾਮਲੇ ਦੀ ਪੂਰੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਫਰੀਦਕੋਟ ਦੇ ਮੁੱਖ ਅਫਸਰ ਗੁਲਜਿੰਦਰਪਾਲ ਸੇਖੋਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾਂ ਮਿਲੀ ਸੀ ਕਿ ਪਿੰਡ ਗੋਲੇਵਾਲਾ ਦੀਆਂ ਗਲੀਆਂ ਵਿਚ ਗੁਟਕਾ ਸਾਹਿਬ ਦੇ ਅੰਗ ਬੇਅਬੀ ਕਰ ਕੇ ਸੁੱਟੇ ਗਏ ਹਨ। ਉਹਨਾਂ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਗੁਟਕਾ ਸਾਹਿਬ ਦੇ ਸਾਰੇ ਅੰਗਾਂ ਨੂੰ ਕਬਜੇ ਵਿਚ ਲੈ ਲਿਆ। ਉਹਨਾਂ ਦੱਸਿਆ ਕਿ ਇਹਨਾਂ ਖਿਲਾਫ ਧਾਰਾ 295ਏ ਤਹਿਤ ਮੁਕੱਦਮਾਂ ਦਰਜ ਕਰ ਅੱਜ ਪੇਸ਼ ਅਦਾਲਤ ਕੀਤਾ ਗਿਆ ਜਿੱਤੋਂ ਅਦਾਲਤ ਨੇ ਇਹਨਾਂ ਦਾ 28 ਅਪ੍ਰੈਲ ਤੱਕ
ਪੁਲਿਸ ਰਿਮਾਂਡ( Police Remand)ਵਿੱਚ ਭੇਜ ਦਿੱਤਾ ਹੈ।
ਉਹਨਾਂ ਕਿਹਾ ਕਿ ਹੁਣ ਰਿਮਾਂਡ ਦੌਰਾਨ ਪੁਛਗਿੱਛ ਕਰ ਕੇ ਇਹ ਜਾਨਣ ਦੀ ਕੋਸਿਸ ਕੀਤੀ ਜਾਵੇਗੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਪਿੱਛੇ ਇਹਨਾਂ ਦੀ ਮਨਸ਼ਾ ਕੀ ਸੀ। ਜਦੋਂ ਉਹਨਾਂ ਨੂੰ ਮੁਲਜਮਾਂ ਦੇ ਕਿਸ ਧਰਮ ਨਾਲ ਸਬੰਧਤ ਹੋਣ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਸਭ ਜਾਂਚ ਦਾ ਵਿਸ਼ਾ ਹੈ ਅਤੇ ਹਾਲੇ ਉਹ ਕੁਝ ਵੀ ਅਜਿਹਾ ਨਹੀਂ ਦੱਸ ਸਕਦੇ ।
ਉਧਰ ਦੂਸਰੇ ਪਾਸੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਬੇਅਦਬੀ ਮਾਮਲੇ ਦਾ ਸਖਤ ਨੋਟਿਸ ਲਿਆ ਗਿਆ। ਉੱਧਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਇਹ ਵੀ ਸ਼ੰਕਾ ਜਾਹਰ ਕੀਤੀ ਹੈ ਕਿ ਇਹ ਕਿਸੇ ਵਿਅਕਤੀ ਵਿਸ਼ੇਸ ਵੱਲੋਂ ਭਾਈਚਾਰਕ ਸਾਂਝ ਨੂੰ ਤੋੜਨ ਦੀ ਸਾਜਿਸ਼ ਤਹਿਤ ਕੀਤੀ ਗਈ ਕਾਰਵਾਈ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ