ਨਸ਼ਾ ਤਸਕਰੀ ‘ਚ ਸ਼ਾਮਲ ਸੀ ਡੱਰਗ ਇੰਸਪੈਕਟਰ, ਪੁਲਿਸ ਨੇ ਕਾਬੂ ਕਰ ਖਾਤੇ ਕੀਤੇ ਸੀਲ ਜਾਇਦਾਦ ਜ਼ਬਤ
Drug Inspector Arrested: ANTF ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਦੋਸ਼ੀਆਂ ਦੇ 24 ਬੈਂਕ ਖਾਤਿਆਂ ਦੀ ਪਛਾਣ ਕੀਤੀ ਹੈ। ਜਾਂਚ ਟੀਮ ਨੇ 7.09 ਕਰੋੜ ਰੁਪਏ ਬਰਾਮਦ ਕੀਤੇ ਹਨ। ਜਿਸ ਤੋਂ ਬਾਅਦ ਉਸ ਦੇ ਸਾਰੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ।
Drug Inspector Arrested: ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ‘ਚ ਸ਼ਾਮਲ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ‘ਤੇ ਸ਼ਿਕੰਜਾ ਕੱਸਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਨੇ ਮੁਹਾਲੀ ਵਿੱਚ ਇਹ ਕਾਰਵਾਈ ਕੀਤੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਹ ਜਾਣਕਾਰੀ ਦਿੱਤੀ ਹੈ। ਮੁਲਜ਼ਮ ਡਰੱਗ ਇੰਸਪੈਕਟਰ ਦਾ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨਾਲ ਸਿੱਧਾ ਸੰਪਰਕ ਰਹਿੰਦਾ ਸੀ। ਉਹ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨੂੰ ਉਨ੍ਹਾਂ ਦੇ ਨਸ਼ੇ ਦੇ ਨੈੱਟਵਰਕ ਵਿੱਚ ਬਾਹਰੋਂ ਮਦਦ ਕਰਦਾ ਸੀ।
ANTF ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਦੋਸ਼ੀਆਂ ਦੇ 24 ਬੈਂਕ ਖਾਤਿਆਂ ਦੀ ਪਛਾਣ ਕੀਤੀ ਹੈ। ਜਾਂਚ ਟੀਮ ਨੇ 7.09 ਕਰੋੜ ਰੁਪਏ ਬਰਾਮਦ ਕੀਤੇ ਹਨ। ਜਿਸ ਤੋਂ ਬਾਅਦ ਉਸ ਦੇ ਸਾਰੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ। ANTF ਨੇ ਮੁਲਜ਼ਮਾਂ ਦੇ ਟਿਕਾਣਿਆਂ ਤੋਂ 1.49 ਕਰੋੜ ਰੁਪਏ ਨਕਦ ਅਤੇ 260 ਗ੍ਰਾਮ ਸੋਨਾ ਅਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ।
ਗ਼ੈਰ-ਕਾਨੂੰਨੀ ਢੰਗ ਨਾਲ ਦੌਲਤ ਕੀਤੀ ਹਾਸਲ
ਏਐਨਟੀਐਫ ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਮੁਲਜ਼ਮਾਂ ਨੇ ਗ਼ੈਰਕਾਨੂੰਨੀ ਢੰਗ ਨਾਲ ਕਾਫ਼ੀ ਦੌਲਤ ਇਕੱਠੀ ਕੀਤੀ ਸੀ। ਮੁਲਜ਼ਮਾਂ ਨੇ ਜ਼ੀਰਕਪੁਰ ਅਤੇ ਡੱਬਵਾਲੀ ਵਿੱਚ ਜਾਇਦਾਦਾਂ ਬਣਾਈਆਂ ਸਨ, ਜਿਨ੍ਹਾਂ ਦੀ ਕੀਮਤ 2.40 ਕਰੋੜ ਰੁਪਏ ਦੱਸੀ ਜਾਂਦੀ ਹੈ। ਪੁਲਿਸ ਟੀਮਾਂ ਇਨ੍ਹਾਂ ਅਪਰਾਧਾਂ ਵਿੱਚ ਸ਼ਾਮਲ ਹੋਰ ਸਾਥੀਆਂ ਦੀ ਸ਼ਨਾਖ਼ਤ ਕਰਨ ਵਿੱਚ ਰੁੱਝੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ ਗ੍ਰੇਨੇਡ ਧਮਾਕੇ ਦਾ ਮੁੱਖ ਮੁਲਜ਼ਮ ਗ੍ਰਿਫਤਾਰ, DGP ਨੇ ਦਿੱਤੀ ਜਾਣਕਾਰੀ
ਪੁਲਿਸ ਕਈ ਦਿਨਾਂ ਤੋਂ ਸ਼ੀਸ਼ਨ ਮਿੱਤਲ ‘ਤੇ ਛਾਪੇਮਾਰੀ ਕਰ ਰਹੀ ਸੀ। ਉਹ ਕਰੀਬ ਇੱਕ ਮਹੀਨੇ ਤੋਂ ਪੁਲਿਸ ਤੋਂ ਭੱਜ ਰਿਹਾ ਸੀ। ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਮਹੀਨਾ ਪਹਿਲਾਂ ਵਿਸ਼ੇਸ਼ ਮੁਹਿੰਮ ਚਲਾਈ ਸੀ। ਇਸ ਦੌਰਾਨ ਪੁਲੀਸ ਨੇ ਬਠਿੰਡਾ, ਮੁਹਾਲੀ, ਗਿੱਦੜਬਾਹਾ, ਜ਼ੀਰਕਪੁਰ ਅਤੇ ਫਤਿਹਾਬਾਦ ਸਮੇਤ ਕਈ ਥਾਵਾਂ ਤੇ ਛਾਪੇ ਮਾਰੇ ਸਨ। ਇਸ ਤੋਂ ਬਾਅਦ ਬੈਂਕ ਖਾਤਿਆਂ ਅਤੇ ਹੋਰ ਚੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਸੀ। ਜਦੋਂ ਉਸ ਖ਼ਿਲਾਫ਼ ਕੇਸ ਦਰਜ ਹੋਇਆ ਤਾਂ ਉਹ ਫ਼ਾਜ਼ਿਲਕਾ ਵਿੱਚ ਤਾਇਨਾਤ ਸੀ।
ਇਹ ਵੀ ਪੜ੍ਹੋ
ਸਰਕਾਰ ਦੀ ਇਜ਼ਾਜਤ ਤੋਂ ਬਿਨਾਂ ਜਾਂਦਾ ਸੀ ਵਿਦੇਸ਼
ਮੁਲਜ਼ਮ ਡਰੱਗ ਇੰਸਪੈਕਟਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਵਿਦੇਸ਼ ਆਉਂਦਾ-ਜਾਂਦਾ ਰਿਹਾ। ਇਸ ਦੇ ਨਾਲ ਹੀ ਉਹ ਜੇਲ੍ਹ ਵਿੱਚ ਬੰਦ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਸੰਪਰਕ ਵਿੱਚ ਵੀ ਰਿਹਾ। ਉਹ ਉਨ੍ਹਾਂ ਦੇ ਡਰੱਗ ਨੈਟਵਰਕ ਨੂੰ ਮਦਦ ਪ੍ਰਦਾਨ ਕਰਨ ਲਈ ਬਾਹਰ ਕੰਮ ਵੀ ਕਰਦਾ ਸੀ। ਹੁਣ ਪੁਲਿਸ ਵਿਦੇਸ਼ੀ ਟੂਰ ਬਾਰੇ ਜਾਂਚ ਕਰ ਰਹੀ ਹੈ ਅਤੇ ਇਸ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।