ਬੇਕਾਬੂ ਕਾਰ ਨੇ ਫੁੱਟਪਾਥ ‘ਤੇ ਸੁੱਤੇ ਪਏ ਪਰਿਵਾਰ ਨੂੰ ਦਰੜਿਆ, ਬੱਚੀ ਦੀ ਮੌਤ, ਮਾਂ ਅਤੇ ਦਾਦੀ ਗੰਭੀਰ ਜ਼ਖਮੀ
Car Crushed Family on Footpath: ਪੰਜਾਬ ਦੇ ਬਠਿੰਡਾ ਵਿੱਚ ਇੱਕ ਬੇਕਾਬੂ ਕਾਰ ਨੇ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਨੂੰ ਦਰੜ ਦਿੱਤਾ। ਇਸ ਹਾਦਸੇ ਵਿੱਚ ਇੱਕ ਲੜਕੀ ਦੀ ਜਾਨ ਚਲੀ ਗਈ। ਬੱਚੀ ਦੀ ਮਾਂ ਅਤੇ ਦਾਦੀ ਜ਼ਖਮੀ ਹਨ। ਦੋਵਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪਰਿਵਾਰ ਨੇ ਕਾਰ ਚਾਲਕ ਖ਼ਿਲਾਫ਼ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਬੁੱਧਵਾਰ ਤੜਕੇ ਕਰੀਬ 2.30 ਵਜੇ ਬਠਿੰਡਾ ਦੇ ਰੋਜ਼ ਗਾਰਡਨ ਨੇੜੇ ਪੁਲ ਦੇ ਹੇਠਾਂ ਫੁੱਟਪਾਥ ‘ਤੇ ਸੁੱਤੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਤੇਜ਼ ਰਫਤਾਰ ਬੇਕਾਬੂ ਕਾਰ ਨੇ ਕੁਚਲ ਦਿੱਤਾ। ਹਾਦਸੇ ਵਿੱਚ ਬੱਚੀ ਨੰਦਿਨੀ ਦੀ ਮੌਤ ਹੋ ਗਈ। ਮਹਿਲਾ ਸ਼ਿਵਾਨੀ ਅਤੇ ਮੀਰਾ ਗੰਭੀਰ ਜ਼ਖ਼ਮੀ ਹੋ ਗਈਆਂ। ਘਟਨਾ ਤੋਂ ਬਾਅਦ ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਜ਼ਖਮੀ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ। ਪੁਲੀਸ ਨੇ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਕਾਰ ਚਾਲਕ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਧੁੰਦ ਕਾਰਨ ਕਾਰ ਰੋਜ਼ ਗਾਰਡਨ ਨੇੜੇ ਬੇਕਾਬੂ ਹੋ ਗਈ ਅਤੇ ਪੁਲ ਦੇ ਹੇਠਾਂ ਫੁੱਟਪਾਥ ‘ਤੇ ਸੁੱਤੇ ਪਏ ਪਰਿਵਾਰ ਦੇ ਉੱਪਰ ਜਾ ਵੱਜੀ। ਬੱਚੀ ਨੰਦਿਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਸ਼ਿਵਾਨੀ ਅਤੇ ਦਾਦੀ ਮੀਰਾ ਗੰਭੀਰ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਕਾਰ ਚਾਲਕ ਨੂੰ ਰੋਕ ਕੇ ਪੁਲਿਸ ਹਵਾਲੇ ਕਰ ਦਿੱਤਾ। ਲੋਕਾਂ ਨੇ ਜ਼ਖਮੀ ਮਹਿਲਾ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿੱਥੇ ਦੋਵੇਂ ਔਰਤਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਮੌਕੇ ਤੇ ਹਿਰਾਸਤ ਵਿੱਚ ਲਏ ਕਾਰ ਚਾਲਕ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਇੱਕ ਅੰਮ੍ਰਿਤਧਾਰੀ ਸਿੱਖ ਹੈ ਜੋ ਫਤਿਹਗੜ੍ਹ ਸਾਹਿਬ ਤੋਂ ਨਤਮਸਤਕ ਹੋ ਕੇ ਜਲਾਲਾਬਾਦ ਜਾ ਰਿਹਾ ਸੀ ਪਰ ਅਚਾਨਕ ਤੋਂ ਸਾਹਮਣੇ ਤੋਂ ਆ ਰਹੀ ਕਾਰ ਦੀ ਲਾਈਟਾਂ ਅੱਖਾਂ ਵਿੱਚ ਪੈਣ ਦੇ ਕਾਰਨ ਉਸਦੀ ਕਾਰ ਫੁੱਟਪਾਥ ਦੇ ਉੱਪਰ ਚੜ ਗਈ।
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਅਨੁਸਾਰ ਇਹ ਹਾਦਸਾ ਧੁੰਦ ਕਾਰਨ ਵਾਪਰਿਆ ਹੈ। ਇੱਕ ਲੜਕੀ ਦੀ ਮੌਤ ਹੋ ਗਈ ਹੈ ਅਤੇ ਦੋ ਔਰਤਾਂ ਗੰਭੀਰ ਜ਼ਖਮੀ ਹਨ। ਪੀੜਤ ਪਰਿਵਾਰ ਨਹੀਂ ਚਾਹੁੰਦਾ ਕਿ ਕਾਰ ਚਾਲਕ ਖ਼ਿਲਾਫ਼ ਕੋਈ ਕਾਰਵਾਈ ਹੋਵੇ। ਐਸਪੀ ਨੇ ਦੱਸਿਆ ਕਿ ਪਰਿਵਾਰ ਦੀ ਮੰਗ ਅਨੁਸਾਰ ਕਾਰ ਚਾਲਕ ਜ਼ਖ਼ਮੀ ਔਰਤਾਂ ਦਾ ਇਲਾਜ ਕਰਵਾ ਰਿਹਾ ਹੈ। ਐਸਪੀ ਦਾ ਕਹਿਣਾ ਹੈ ਕਿ ਜੇਕਰ ਪੀੜਤ ਪਰਿਵਾਰ ਕਾਰ ਚਾਲਕ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ।