CBSE ਦੇ ਨਵੇਂ ਖਰੜੇ ਨਿਯਮਾਂ ਤੋਂ ਪੰਜਾਬ ਸਰਕਾਰ ਨਾਰਾਜ਼… ਜਤਾਇਆ ਤਿੱਖਾ ਇਤਰਾਜ ਤਾਂ ਬੋਰਡ ਨੇ ਦਿੱਤੀ ਸਫਾਈ

kusum-chopra
Updated On: 

26 Feb 2025 15:22 PM

CBSE Board Exam 2025: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਸਾਲ ਵਿੱਚ ਦੋ ਵਾਰ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣ ਦਾ ਪ੍ਰਸਤਾਵ ਰੱਖਿਆ, ਜਿਸ ਵਿੱਚ ਪੰਜਾਬ ਸਰਕਾਰ ਨੇ ਵਿਰੋਧ ਕੀਤਾ ਕਿਉਂਕਿ ਇਸ ਵਿੱਚ ਪੰਜਾਬੀ ਦਾ ਕੋਈ ਜ਼ਿਕਰ ਨਹੀਂ ਸੀ। ਨਵੀਂ ਨੀਤੀ 'ਤੇ 9 ਮਾਰਚ ਤੱਕ ਸੁਝਾਅ ਮੰਗੇ ਗਏ ਹਨ।

CBSE ਦੇ ਨਵੇਂ ਖਰੜੇ ਨਿਯਮਾਂ ਤੋਂ ਪੰਜਾਬ ਸਰਕਾਰ ਨਾਰਾਜ਼... ਜਤਾਇਆ ਤਿੱਖਾ ਇਤਰਾਜ ਤਾਂ ਬੋਰਡ ਨੇ ਦਿੱਤੀ ਸਫਾਈ

ਕੀ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਹਟਾਉਣ ਦੀ ਯੋਜਨਾ ਬਣਾ ਰਿਹਾ CBSE?

Follow Us On

CBSE Board Exam Twice A Year: ਕੀ ਸੀਬੀਐਸਈ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚੋਂ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਹਟਾਉਣ ਦੀ ਯੋਜਨਾ ਬਣਾ ਰਿਹਾ ਹੈ? ਸੀਬੀਐਸਈ ਵੱਲੋਂ ਬੀਤੇ ਦਿਨ ਜਾਰੀ ਕੀਤੀ ਗਈ ਨਵੀਂ ਡਰਾਫਟ ਪਾਲਿਸੀ ਵਿੱਚ ਪੰਜਾਬੀ (ਕੋਡ 004) ਸ਼ਾਮਲ ਨਹੀਂ ਹੈ, ਜਦੋਂ ਕਿ ਬਾਕੀ ਸਾਰੀਆਂ ਭਾਸ਼ਾਵਾਂ ਸੂਚੀਬੱਧ ਹਨ। ਇਸ ਡਰਾਫਟ ਪਾਲਿਸੀ ਨੂੰ ਤਿਆਰ ਕਰਕੇ ਸਕੂਲਾਂ, ਅਧਿਆਪਕਾਂ, ਮਾਪਿਆਂ, ਵਿਦਿਆਰਥੀਆਂ ਅਤੇ ਹੋਰ ਸਾਰੇ ਹਿੱਸੇਦਾਰਾਂ ਦੀਆਂ ਪ੍ਰਤੀਕ੍ਰਿਰਿਆਵਾਂ ਜਾਣਨ ਲਈ CBSE ਵੱਲੋਂ ਇਸਨੂੰ ਵੈੱਬਸਾਈਟ ‘ਤੇ ਹੋਸਟ ਕੀਤਾ ਜਾਵੇਗਾ।

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਲਈ ਪ੍ਰਸਤਾਵਿਤ ਨਵੇਂ ਡਰਾਫਟ ਨਿਯਮਾਂ ਵਿੱਚ ਪੰਜਾਬੀ ਭਾਸ਼ਾ ਦਾ ਜ਼ਿਕਰ ਨਹੀਂ ਹੈ, ਜਿਸਦਾ ਪੰਜਾਬ ਸਰਕਾਰ ਨੇ ਸਖ਼ਤ ਵਿਰੋਧ ਕੀਤਾ ਹੈ। ਹਾਲਾਂਕਿ, ਸੀਬੀਐਸਈ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਸੂਚੀ ਸਿਰਫ਼ ਸੰਕੇਤਕ ਹੈ ਅਤੇ ਕੋਈ ਵੀ ਵਿਸ਼ਾ ਨਹੀਂ ਹਟਾਇਆ ਜਾਵੇਗਾ।

ਸੀਬੀਐਸਈ ਨੇ ਦਿੱਤੀ ਸਫਾਈ

ਸੀਬੀਐਸਈ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਵਿਸ਼ਿਆਂ ਦੀ ਸੂਚੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਉਨ੍ਹਾਂ ਕਿਹਾ, “ਖਰੜਾ ਨੀਤੀ ਵਿੱਚ ਦਿੱਤੀ ਗਈ ਸੂਚੀ ਸਿਰਫ਼ ਸੰਕੇਤਕ ਹੈ। ਇਸ ਵੇਲੇ ਉਪਲਬਧ ਸਾਰੇ ਵਿਸ਼ੇ ਪਹਿਲਾਂ ਵਾਂਗ ਜਾਰੀ ਰਹਿਣਗੇ ਅਤੇ ਬੋਰਡ ਪ੍ਰੀਖਿਆਵਾਂ ਦੇ ਦੋਵਾਂ ਪੜਾਵਾਂ ਵਿੱਚ ਸ਼ਾਮਲ ਕੀਤੇ ਜਾਣਗੇ।”

ਸਿੱਖਿਆ ਮੰਤਰੀ ਨੇ ਜਤਾਇਆ ਤਿੱਖਾ ਵਿਰੋਧ

CBSE ਦੇ ਇਸ ਫੈਸਲੇ ‘ਤੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਤਿੱਖਾ ਵਿਰੋਧ ਜਤਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ CBSE Board ਦੇ ਨਵੇਂ ਪ੍ਰੀਖਿਆ ਪੈਟਰਨ ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਲਿਖਿਆ ਕਿ ਭਾਜਪਾ ਦੀ ਪੰਜਾਬ ਵਿਰੋਧੀ ਮਾਨਸਿਕਤਾ ਫਿਰ ਸਾਹਮਣੇ ਆ ਗਈ ਹੈ। ਅਸੀਂ ਕੇਂਦਰ ਸਰਕਾਰ ਦੇ ਸੀਬੀਐਸਈ ਬੋਰਡ ਦੇ ਨਵੇਂ ਪ੍ਰੀਖਿਆ ਪੈਟਰਨ ਦਾ ਸਖ਼ਤ ਵਿਰੋਧ ਕਰਦੇ ਹਾਂ, ਜੋ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ!

ਦੇਸ਼ ਦੇ ਸੰਘੀ ਢਾਂਚੇ ਉੱਤੇ ਸਿੱਧਾ ਹਮਲਾ – ਬੈਂਸ

ਇਸਤੋਂ ਇਲਾਵਾ ਬੈਂਸ ਨੇ ਪੰਜਾਬੀ ਅਤੇ ਅੰਗ੍ਰੇਜੀ ਵਿੱਚ ਵੀ ਟਵੀਟ ਕਰਕੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਆਰੋਪ ਲਗਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਵਿਰੋਧੀ ਚਿਹਰਾ ਇੱਕ ਵਾਰ ਫੇਰ ਬੇਨਕਾਬ ਹੋਇਆ ਹੈ। ਸੀਬੀਐਸਈ ਵੱਲੋਂ 10ਵੀਂ ਜਮਾਤ ਲਈ ਇਮਤਿਹਾਨ ਦੇ ਨਵੇਂ ਪੈਟਰਨ ਵਿੱਚ ਪੰਜਾਬੀ ਨੂੰ ਬਿਲਕੁਲ ਅਣਗੌਲਿਆ ਗਿਆ ਹੈ। ਇਹ ਦੇਸ਼ ਦੇ ਸੰਘੀ ਢਾਂਚੇ ਉੱਤੇ ਸਿੱਧਾ ਹਮਲਾ ਹੈ। ਅਸੀਂ ਇਸ ਕਦਮ ਦਾ ਸਖ਼ਤੀ ਨਾਲ ਵਿਰੋਧ ਕਰਦੇ ਹਾਂ ਅਤੇ ਕੇਂਦਰ ਤੋਂ ਮੰਗ ਕਰਦੇ ਹਾਂ ਕਿ ਪੰਜਾਬੀ ਦਾ ਬਣਦਾ ਸਥਾਨ ਤੇ ਸਨਮਾਨ ਤੁਰੰਤ ਬਹਾਲ ਕੀਤਾ ਜਾਵੇ।

ਉਨ੍ਹਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬੀ ਨੂੰ ਪੰਜਾਬ ਵਿੱਚ ਮੁੱਖ ਭਾਸ਼ਾ ਵਜੋਂ ਨਾਮਜ਼ਦ ਕੀਤਾ ਜਾਵੇ ਅਤੇ ਦੇਸ਼ ਦੇ ਬਾਕੀ ਹਿੱਸਿਆਂ ਲਈ ਸੀਬੀਐਸਈ ਵਿੱਚ ਖੇਤਰੀ ਭਾਸ਼ਾ ਵਜੋਂ ਸ਼ਾਮਲ ਕੀਤਾ ਜਾਵੇ, ਕਿਉਂਕਿ ਦੇਸ਼ ਦੇ ਕਈ ਰਾਜਾਂ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ।

2026 ਤੋਂ ਸਾਲ ਵਿੱਚ ਦੋ ਵਾਰ ਹੋਣਗੀਆਂ ਬੋਰਡ ਪ੍ਰੀਖਿਆਵਾਂ

ਮੰਗਲਵਾਰ, 25 ਫਰਵਰੀ ਨੂੰ, ਸੀਬੀਐਸਈ ਨੇ ਸਾਲ ਵਿੱਚ ਦੋ ਵਾਰ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣ ਲਈ ਨਵੇਂ ਡਰਾਫਟ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਨੀਤੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ, 9 ਮਾਰਚ ਤੱਕ ਸਾਰੇ ਹਿੱਸੇਦਾਰਾਂ ਤੋਂ ਸੁਝਾਅ ਮੰਗੇ ਗਏ ਹਨ।

ਸੀਬੀਐਸਈ ਦੁਆਰਾ ਪ੍ਰਸਤਾਵਿਤ ਨਵੇਂ ਨਿਯਮਾਂ ਦੇ ਅਨੁਸਾਰ, 2026 ਤੋਂ 10ਵੀਂ ਜਮਾਤ ਦੇ ਵਿਦਿਆਰਥੀ ਦੋ ਵਾਰ ਬੋਰਡ ਪ੍ਰੀਖਿਆਵਾਂ ਦੇ ਸਕਣਗੇ। ਉਹ ਇਨ੍ਹਾਂ ਦੋਵਾਂ ਪ੍ਰੀਖਿਆਵਾਂ ਵਿੱਚੋਂ ਕੋਈ ਵੀ ਇੱਕ ਚੁਣ ਸਕਦੇ ਹਨ। ਜੇਕਰ ਵਿਦਿਆਰਥੀ ਚਾਹੁਣ ਤਾਂ ਉਹ ਦੋਵੇਂ ਪ੍ਰੀਖਿਆਵਾਂ ਵਿੱਚ ਬੈਠ ਸਕਦੇ ਹਨ।

Related Stories