10th Toppers: 10ਵੀਂ ‘ਚ ਅਬੋਹਰ ਦੇ ਰਾਘਵ ਨੇ 99.6 ਤਾਂ ਸੁਲਤਾਨਪੁਰ ਲੋਧੀ ਦੀ ਜਸਲੀਨ 96.8 ਅੰਕ ਪ੍ਰਾਪਤ ਕਰਕੇ ਰੌਸ਼ਨ ਕੀਤਾ ਮਾਪਿਆਂ ਦਾ ਨਾਂ
ਰਾਘਵ ਨੇ ਕਿਹਾ ਕਿ ਤੁਸੀਂ ਕਿੰਨਾ ਸਮਾਂ ਪੜ੍ਹਦੇ ਹੋ, ਇਹ ਮਾਇਨੇ ਨਹੀਂ ਰੱਖਦਾ, ਪਰ ਕਿੰਨੇ ਧਿਆਨ ਨਾਲ ਪੜਦੇ ਹੋ, ਇਹ ਮਾਇਨੇ ਰਖਦਾ ਹੈ। ਉਸ ਨੇ ਕਿਹਾ ਕਿ ਉਸ ਦੀ ਇਸ ਕਾਮਯਾਬੀ ਪਿੱਛੇ ਉਸਦੇ ਮਾਤਾ-ਪਿਤਾ ਅਤੇ ਸਕੂਲ ਦੇ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਲੰਧਰ ਤੋਂ ਦੇਵੇਂਦਰ ਬੱਸੀ ਦੇ ਨਾਲ Abohar ਤੋਂ Arvinder Taneja ਦੀ ਰਿਪੋਰਟ
ਅਬੋਹਰ/ਜਲੰਧਰ ਨਿਊਜ: ਬੀਤੇ ਦਿਨੀਂ ਸੀਬੀਐੱਸਈ (CBSE) ਬੋਰਡ ਵੱਲੋਂ ਐਲਾਨੇ 10ਵੀਂ ਦੇ ਨਤੀਜਿਆਂ ਵਿੱਚ ਪੰਜਾਬ ਦੇ ਦੋ ਹੋਨਹਾਰ ਬੱਚਿਆਂ ਨੇ ਆਪਣੇ ਮਾਪਿਆਂ ਦੇ ਨਾਲ-ਨਾਲ ਸਕੂਲ ਅਤੇ ਸੂਬੇ ਦਾ ਨਾਂ ਵੀ ਰੌਸ਼ਨ ਕੀਤਾ ਹੈ। ਕੈਂਬਰਿਜ ਇੰਟਰਨੈਸ਼ਨਲ ਸਕੂਲ ਸੁਲਤਾਨਪੁਰ ਲੋਧੀ ਦੇ ਸਕੂਲ ਦੀ ਵਿਦਿਆਰਥਣ ਜਸਲੀਨ ਨੇ ਪੂਰੇ ਸੁਲਤਾਨਪੁਰ ਲੋਧੀ ਚੋਂ 96.8 ਪ੍ਰਤਿਸ਼ਤ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਤਾਂ ਉੱਧਰ ਅਬੋਹਰ ਦੇ ਵਿਦਿਆਰਥੀ ਰਾਘਵ ਗੋਇਲ ਨੇ 99.6 ਫੀਸਦੀ ਅੰਕ ਹਾਸਿਲ ਕਰਕੇ ਸੂਬੇ ਚ ਪਹਿਲਾ ਅਤੇ ਦੇਸ ਚ ਦੂਜਾ ਨਾਂ ਹਾਸਿਲ ਕੀਤਾ ਹੈ।
ਅਬੋਹਰ ਦੀ ਤਾਰਾ ਅਸਟੇਟ ਕਾਲੋਨੀ ਵਾਸੀ ਅਤੇ ਅਜ਼ਪਸ਼ਨ ਕਾਨਵੈਂਟ ਸਕੂਲ ਦੇ ਵਿਦਿਆਰਥੀ ਰਾਘਵ ਗੋਇਲ ਨੇ 99.6 ਫ਼ੀਸਦੀ ਅੰਕ ਲੈ ਕੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਜਦੋਕਿ ਨੈਸ਼ਨਲ ਪੱਧਰ ਤੇ ਦੂਜਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਸਕੂਲ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਰਾਘਵ ਗੋਇਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਨੇ ਸੈੱਲਫ਼ ਸਟੱਡੀ ਕਰਕੇ ਹੀ ਇਹ ਮੁਕਾਮ ਹਾਸਲ ਕੀਤਾ ਹੈ।ਉਹ ਦਿਨ ਵਿਚ 3 ਤੋਂ 4 ਘੰਟੇ ਹੀ ਘਰ ਵਿਚ ਹੀ ਪੜ੍ਹਦਾ ਸੀ।
ਡਾਕਟਰ ਬਣਕੇ ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦਾ ਹੈ ਰਾਘਵ
ਰਾਘਵ ਗੋਇਲ ਨੇ ਕਿਹਾ ਕਿ ਉਹ ਵੱਡਾ ਹੋ ਡਾਕਟਰ ਬਣ ਕੇ ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦਾ ਹੈ। ਉਸ ਨੇ ਹੋਰ ਬੱਚਿਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਅੰਗਰੇਜ਼ੀ ਵਿਸ਼ੇ ‘ਤੇ ਜ਼ਿਆਦਾ ਫ਼ੋਕਸ ਕਰਦੇ ਹੋਏ ਪੜ੍ਹਾਈ ਵਿਚ ਰੋਚਕਤਾ ਪੈਦਾ ਕਰਕੇ ਸਿੱਖਿਆ ਲਈ ਜਾਵੇ ਤਾਂ ਕਾਮਯਾਬੀ ਜ਼ਰੂਰ ਹਾਸਲ ਕੀਤੀ ਜਾ ਸਕਦੀ ਹੈ। ਰਾਘਵ ਗੋਇਲ ਦੇ ਮਾਤਾ ਮਲਾਇਕਾ, ਪਿਤਾ ਕਰਨ ਗੋਇਲ ਅਤੇ ਭਰਾ ਰਿਹਾਨ ਗੋਇਲ ਨੇ ਰਾਘਵ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਵਿਚ ਉਨ੍ਹਾਂ ਦਾ ਨਾਂ ਰੌਸ਼ਨ ਕੀਤਾ ਹੈ।
ਜਸਲੀਨ ਦਾ ਵੀ ਸੁਪਨਾ ਹੈ ਡਾਕਟਰ ਬਣਨ ਦਾ
ਉੱਧਰ, ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਜਸਲੀਨ ਨੇ ਦੱਸਿਆ ਕਿ ਉਹ ਵੱਡੇ ਹੋ ਗਏ ਡਾਕਟਰ ਬਣਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਸਦੀ ਸਫਲਤਾ ਦੇ ਪਿੱਛੇ ਉਸ ਦੇ ਅਧਿਆਪਕ ਅਤੇ ਮਾਤਾ-ਪਿਤਾ ਦਾ ਅਹਿਮ ਰੋਲ ਰਿਹਾ ਹੈ । ਇਨ੍ਹਾਂ ਸਾਰਿਆਂ ਦੀ ਬਦੌਲਤ ਹੀ ਅੱਜ ਉਹ ਇਸ ਮੁਕਾਮ ਤੇ ਪਹੁੰਚੀ ਹੈ। ਜਸਲੀਨ ਨੇ ਸਕੂਲ ਦੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅੱਗੇ ਹੋਰ ਮਿਹਨਤ ਕਰੇਗੀ ।
ਇਹ ਵੀ ਪੜ੍ਹੋ
ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਜਸਲੀਨ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਮੇਹਨਤ ਕਰਨ ਦੀ ਅਪੀਲ ਵੀ ਕੀਤੀ। ਨਾਲ ਹੀ ਉਨ੍ਹਾਂ ਨੇ ਜਸਲੀਨ ਦੇ ਪਿਤਾ ਸੁਖਰਾਜ ਸਿੰਘ ਆਹਲੀ ਅਤੇ ਮਾਤਾ ਕੁਲਬੀਰ ਕੌਰ ਨੂੰ ਬੇਟੀ ਦੀ ਇਸ ਪ੍ਰਾਪਤੀ ਲਈ ਵਧਾਈ ਵੀ ਦਿੱਤੀ।