Punjab Investors Summit 2026: ਪੰਜਾਬ ਚ ਕਾਰੋਬਾਰ ਕਰਨਾ ਹੋਇਆ ਹੋਰ ਆਸਾਨ! ਪੰਜਾਬ ਨਿਵੇਸ਼ਕ ਸੰਮੇਲਨ ਦੇ ਦੂਜੇ ਦਿਨ ਉਦਯੋਗਿਕ ਵਿਕਾਸ ਤੇ ਵੱਡੀ ਚਰਚਾ
Punjab Investors Summit 2026: ਮੋਹਾਲੀ ਵਿਖੇ ਚੱਲ ਰਹੇ 'ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026' ਦੇ ਦੂਜੇ ਦਿਨ ਅੱਜ ਰਾਜ ਦੇ ਆਰਥਿਕ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਕਈ ਮਹੱਤਵਪੂਰਨ ਕੇਂਦ੍ਰਿਤ ਸੈਸ਼ਨ ਆਯੋਜਿਤ ਕੀਤੇ ਗਏ। ਇਹ ਸੰਮੇਲਨ ਨੀਤੀ ਨਿਰਮਾਤਾਵਾਂ, ਉਦਯੋਗਿਕ ਆਗੂਆਂ ਅਤੇ ਨਿਵੇਸ਼ਕਾਂ ਨੂੰ ਇੱਕ ਸਾਂਝੇ ਮੰਚ 'ਤੇ ਇਕੱਠੇ ਕਰਕੇ ਪੰਜਾਬ ਵਿੱਚ ਨਿਵੇਸ਼ ਦੇ ਨਵੇਂ ਮੌਕੇ ਤਲਾਸ਼ਣ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋ ਰਿਹਾ ਹੈ।
Image Credit: @AAPPunjab
ਮੋਹਾਲੀ ਵਿਖੇ ਚੱਲ ਰਹੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026’ ਦੇ ਦੂਜੇ ਦਿਨ ਅੱਜ ਰਾਜ ਦੇ ਆਰਥਿਕ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਕਈ ਮਹੱਤਵਪੂਰਨ ਕੇਂਦ੍ਰਿਤ ਸੈਸ਼ਨ ਆਯੋਜਿਤ ਕੀਤੇ ਗਏ। ਇਹ ਸੰਮੇਲਨ ਨੀਤੀ ਨਿਰਮਾਤਾਵਾਂ, ਉਦਯੋਗਿਕ ਆਗੂਆਂ ਅਤੇ ਨਿਵੇਸ਼ਕਾਂ ਨੂੰ ਇੱਕ ਸਾਂਝੇ ਮੰਚ ‘ਤੇ ਇਕੱਠੇ ਕਰਕੇ ਪੰਜਾਬ ਵਿੱਚ ਨਿਵੇਸ਼ ਦੇ ਨਵੇਂ ਮੌਕੇ ਤਲਾਸ਼ਣ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋ ਰਿਹਾ ਹੈ।
ਖੇਡਾਂ ਅਤੇ ਚਮੜਾ ਉਦਯੋਗ: ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ‘ਤੇ ਜ਼ੋਰ
ਸੰਮੇਲਨ ਦੌਰਾਨ ਖੇਡਾਂ ਅਤੇ ਚਮੜੇ ਦੇ ਸਮਾਨ ਬਾਰੇ ਇੱਕ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਏ ਅਤੇ ਬਾਗਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਕੀਤੀ। ਸੈਸ਼ਨ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਖੇਡ ਸਮਾਨ ਨਿਰਮਾਣ ਵਿੱਚ ਲੰਬੇ ਸਮੇਂ ਤੋਂ ਮੋਹਰੀ ਰਿਹਾ ਹੈ।
ਖਾਸ ਤੌਰ ਤੇ ਜਲੰਧਰ ਸ਼ਹਿਰ ਵਿਸ਼ਵ ਪੱਧਰ ਤੇ ਉੱਚ-ਗੁਣਵੱਤਾ ਵਾਲੇ ਖੇਡ ਉਪਕਰਣ ਤਿਆਰ ਕਰਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਹੀ ਨੀਤੀ ਸਹਾਇਤਾ, ਆਧੁਨਿਕ ਤਕਨਾਲੋਜੀ ਅਤੇ ਵਧੇਰੇ ਨਿਵੇਸ਼ ਨਾਲ ਪੰਜਾਬ ਕੋਲ ਅੰਤਰਰਾਸ਼ਟਰੀ ਖੇਡ ਸਮਾਨ ਅਤੇ ਚਮੜੇ ਦੇ ਉਤਪਾਦਕ ਦੇ ਬਾਜ਼ਾਰ ਵਿੱਚ ਆਪਣੀ ਮੌਜੂਦਗੀ ਹੋਰ ਮਜ਼ਬੂਤ ਕਰਨ ਦੀ ਵੱਡੀ ਸੰਭਾਵਨਾ ਹੈ।
ਇਸ ਸੈਸ਼ਨ ਵਿੱਚ ਵੱਡੇ ਉਦਯੋਗਪਤੀਆਂ ਅਤੇ ਮਾਹਿਰਾਂ ਨੇ ਹਿੱਸਾ ਲਿਆ। ਪ੍ਰਮੁੱਖ ਉਦਯੋਗ ਪ੍ਰਤੀਨਿਧੀਆਂ ਵਿੱਚ ਫ੍ਰੀਵਿਲ ਸਪੋਰਟਸ ਪ੍ਰਾਈਵੇਟ ਲਿਮਟਿਡ (ਨਿਵੀਆ) ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਾਜੇਸ਼ ਖਰਬੰਦਾ, ਸਾਵੀ ਇੰਟਰਨੈਸ਼ਨਲ ਦੇ ਡਾਇਰੈਕਟਰ ਸ੍ਰੀ ਮੁਕੁਲ ਵਰਮਾ, ਸਪਾਰਟਨ ਸਪੋਰਟਸ ਦੇ ਮੈਨੇਜਿੰਗ ਡਾਇਰੈਕਟਰ ਡਾ. ਅਮਿਤ ਸ਼ਰਮਾ ਅਤੇ ਬੈਲਕੋ ਸਪੋਰਟਸ ਦੇ ਸੀਈਓ ਸ੍ਰੀ ਮੁਕੇਸ਼ ਕੇ. ਬਾਸਨ ਸ਼ਾਮਲ ਸਨ।
ਸੈਸ਼ਨ ਦਾ ਸੰਚਾਲਨ ਕੇਪੀਐਮਜੀ ਦੇ ਪਾਰਟਨਰ ਸ੍ਰੀ ਪ੍ਰਸ਼ਾਂਤ ਸੰਥਾਕੁਮਾਰਨ ਨੇ ਕੀਤਾ। ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ (ਖੇਡਾਂ ਅਤੇ ਯੁਵਾ ਸੇਵਾਵਾਂ) ਸਰਵਜੀਤ ਸਿੰਘ ਵੀ ਮੌਜੂਦ ਸਨ। ਚਰਚਾ ਦੌਰਾਨ ਮਾਹਿਰਾਂ ਨੇ ਸਪਲਾਈ ਚੇਨ ਨੂੰ ਮਜ਼ਬੂਤ ਕਰਨ, ਉੱਨਤ ਨਿਰਮਾਣ ਤਕਨਾਲੋਜੀਆਂ ਨੂੰ ਅਪਣਾਉਣ ਅਤੇ ਨਵੇਂ ਵਿਸ਼ਵ ਬਾਜ਼ਾਰਾਂ ਦੀ ਖੋਜ ਕਰਨ ‘ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ
ਏਰੋਸਪੇਸ ਅਤੇ ਰੱਖਿਆ: ਪੰਜਾਬ ਦਾ ਸ਼ਾਨਦਾਰ ਈਕੋ-ਸਿਸਟਮ
ਸੰਮੇਲਨ ਦੇ ਦੂਜੇ ਦਿਨ ਏਰੋਸਪੇਸ ਅਤੇ ਰੱਖਿਆ ਖੇਤਰ ‘ਤੇ ਵੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਪੰਜਾਬ ਦੇ ਪੱਖ ਨੂੰ ਮਜ਼ਬੂਤੀ ਨਾਲ ਪੇਸ਼ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਸੈਸ਼ਨ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਇੱਕ ਸ਼ਾਨਦਾਰ ਈਕੋ ਸਿਸਟਮ ਹੈ ਜੋ ਦੇਸ਼ ਦੇ ਰੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਪੂਰੀ ਤਰ੍ਹਾਂ ਢੁੱਕਵਾਂ ਹੈ।
ਕੈਬਨਿਟ ਮੰਤਰੀ ਨੇ ਟਰਬਾਈਨ ਬੈਲਿਸਟਿਕ ਰਿਸਰਚ ਲੈਬਾਰਟਰੀ (ਟੀ.ਬੀ.ਆਰ.ਐਲ.) ਅਤੇ ਲੁਧਿਆਣਾ ਵਿੱਚ ਸੈਂਟਰਲ ਟੂਲ ਰੂਮ ਤੋਂ ਇਲਾਵਾ ਸੂਬੇ ਦੇ 6 ਹਵਾਈ ਅੱਡਿਆਂ ਦੀ ਮੌਜੂਦਗੀ ਨੂੰ ਸ਼ਾਨਦਾਰ ਤਕਨੀਕੀ ਅਤੇ ਸੰਪਰਕ ਪਹਿਲੂਆਂ ਵਜੋਂ ਪੇਸ਼ ਕੀਤਾ।
ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁਖੀ, ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ ਨੇ ਰੱਖਿਆ ਖੇਤਰ ਵਿੱਚ ਮੁੱਖ ਯੋਗਤਾ ਵਾਲੇ ਖੇਤਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਹੋਰ ਬਿਹਤਰ ਬਣਾਉਣ ਦੀ ਵਕਾਲਤ ਕੀਤੀ। ਜੇ.ਐੱਸ.ਡਬਲਿਊ, ਸਰਬਲੋਹ ਮੋਟਰਜ਼ ਦੇ ਸੀਈਓ ਜਸਕੀਰਤ ਵਲਾਦੀਮੀਰ ਸਿੰਘ ਨੇ ਰੱਖਿਆ ਨਿਰਮਾਣ ਵਿੱਚ ਐਮ.ਐਸ.ਐਮ.ਈ (MSME) ਨੂੰ ਜੋੜਨ ਦੀ ਮਹੱਤਤਾ ਤੇ ਜ਼ੋਰ ਦਿੱਤਾ।
ਕਾਰੋਬਾਰ ਕਰਨ ਦੀ ਸੌਖ
ਇਨਵੈਸਟ ਪੰਜਾਬ ਦੇ ਸੀਈਓ ਸ੍ਰੀ ਅਮਿਤ ਢਾਕਾ ਨੇ ਨਿਵੇਸ਼ਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਕਾਰੋਬਾਰ ਕਰਨ ਦੀ ਸੌਖ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਮਜ਼ਬੂਤ ਨਿਰਮਾਣ ਅਧਾਰ ਦੇ ਨਾਲ-ਨਾਲ 45 ਦਿਨਾਂ ਦੇ ਅੰਦਰ ਸਾਰੀਆਂ ਲੋੜੀਂਦੀਆਂ ਇਜਾਜ਼ਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਰੱਖਿਆ ਖੇਤਰ ਨਾਲ ਸਬੰਧਤ ਮੁੱਦਿਆਂ ‘ਤੇ ਵਿਆਪਕ ਚਰਚਾ ਕਰਨ ਲਈ ਇੱਕ ਰੱਖਿਆ ਸੰਮੇਲਨ ਵੀ ਕਰਵਾਇਆ ਗਿਆ ਸੀ।
