ਏਅਰ ਇੰਡੀਆ ‘ਤੇ 30 ਲੱਖ ਦਾ ਜੁਰਮਾਨਾ, ਪਾਇਲਟ ਦਾ ਲਾਇਸੈਂਸ 3 ਮਹੀਨਿਆਂ ਲਈ ਮੁਅੱਤਲ

Published: 

21 Jan 2023 12:00 PM

ਫਲਾਈਟ 'ਚ ਗੰਦਗੀ ਕਾਂਡ 'ਤੇ ਡੀਜੀਸੀਏ ਦੀ ਕਾਰਵਾਈ, ਫਲਾਈਟ ਸਰਵਿਸਿਸ ਦੇ ਡਾਇਰੈਕਟਰ 'ਤੇ 3 ਲੱਖ ਦਾ ਜੁਰਮਾਨਾ

ਏਅਰ ਇੰਡੀਆ ਤੇ 30 ਲੱਖ ਦਾ ਜੁਰਮਾਨਾ, ਪਾਇਲਟ ਦਾ ਲਾਇਸੈਂਸ 3 ਮਹੀਨਿਆਂ ਲਈ ਮੁਅੱਤਲ

ਸੰਕੇਤਕ ਤਸਵੀਰ

Follow Us On

ਨਵੀਂ ਦਿੱਲੀ, 20 ਜਨਵਰੀ (ਹਿ.ਸ.)। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਨਿੱਜੀ ਖੇਤਰ ਦੀ ਏਅਰਲਾਈਨ ਏਅਰ ਇੰਡੀਆ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਡੀਜੀਸੀਏ ਨੇ ਇਹ ਕਾਰਵਾਈ ਨਿਊਯਾਰਕ-ਦਿੱਲੀ ਉਡਾਣ ਦੌਰਾਨ ਇੱਕ ਯਾਤਰੀ ਵੱਲੋਂ ਇੱਕ ਮਹਿਲਾ ਸਹਿ-ਯਾਤਰੀ ਨੂੰ ਕਥਿਤ ਤੌਰ ‘ਤੇ ਪੇਸ਼ਾਬ ਕਰਨ ਦੀ ਘਟਨਾ ‘ਤੇ ਕੀਤੀ ਹੈ।

30 ਲੱਖ ਦਾ ਜੁਰਮਾਨਾ, ਪਾਇਲਟ-ਇਨ-ਕਮਾਂਡ ਦਾ ਲਾਇਸੈਂਸ ਮੁਅੱਤਲ

ਸ਼ੁੱਕਰਵਾਰ ਨੂੰ ਜਾਰੀ ਬਿਆਨ ‘ਚ ਡੀਜੀਸੀਏ ਨੇ ਕਿਹਾ ਕਿ ਏਅਰਲਾਈਨ ਕੰਪਨੀ ਏਅਰ ਇੰਡੀਆ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਹਵਾਬਾਜ਼ੀ ਰੈਗੂਲੇਟਰ ਮੁਤਾਬਕ ਉਸ ਜਹਾਜ ਦੇ ਪਾਇਲਟ-ਇਨ-ਕਮਾਂਡ ਦਾ ਲਾਇਸੈਂਸ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਪਾਇਲਟ ‘ਤੇ ਇਹ ਕਾਰਵਾਈ ਏਅਰਕ੍ਰਾਫਟ ਰੂਲਸ 1937 ਦੇ ਨਿਯਮ 141 ਅਤੇ ਡੀਜੀਸੀਏ ਦੇ ਸਿਵਲ ਏਵੀਏਸ਼ਨ ਨਿਯਮਾਂ ਤਹਿਤ ਆਪਣੀ ਡਿਊਟੀ ਨਿਭਾਉਣ ‘ਚ ਅਸਫਲ ਰਹਿਣ ‘ਤੇ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਘਟਨਾ ਦੇ ਸੰਦਰਭ ‘ਚ ਆਪਣੀ ਡਿਊਟੀ ਨਿਭਾਉਣ ‘ਚ ਅਸਫਲ ਰਹਿਣ ‘ਤੇ ਏਅਰ ਇੰਡੀਆ ਦੀ ਫਲਾਈਟ ਸਰਵਿਸਿਸ ਦੇ ਡਾਇਰੈਕਟਰ ‘ਤੇ 3 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਜਵਾਬ ਦੇਣ ਲਈ ਦਿੱਤਾ ਸੀ ਦੋ ਹਫਤਿਆਂ ਦਾ ਸਮਾਂ

26 ਨਵੰਬਰ, 2022 ਨੂੰ ਏਅਰ ਇੰਡੀਆ ਦੀ ਨਿਊਯਾਰਕ-ਦਿੱਲੀ ਫਲਾਈਟ ਵਿੱਚ ਵਾਪਰੀ ਘਟਨਾ ਦਾ ਨੋਟਿਸ ਲੈਂਦਿਆਂ, ਡੀਜੀਸੀਏ ਨੇ 4 ਜਨਵਰੀ ਨੂੰ ਏਅਰਲਾਈਨ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਦੇਣ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਸੀ। ਡੀਜੀਸੀਏ ਨੇ ਨੋਟਿਸ ‘ਚ ਕਿਹਾ ਹੈ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਹੀਂ ਨਿਭਾਇਆ ਪਰ ਫਿਰ ਵੀ ਨਿਆਂਇਕ ਪ੍ਰਕਿਰਿਆ ਨੂੰ ਦੇਖਦੇ ਹੋਏ ਜਵਾਬ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਨੋਟਿਸ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਡੀਜੀਸੀਏ ਨੇ ਏਅਰ ਇੰਡੀਆ ‘ਤੇ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਨ ‘ਤੇ ਇਹ ਕਾਰਵਾਈ ਕੀਤੀ ਹੈ।

ਕੀ ਹੈ ਮਾਮਲਾ?

ਦੱਸ ਦੇਈਏ ਕਿ 26 ਨਵੰਬਰ ਨੂੰ ਏਅਰ ਇੰਡੀਆ ਦੀ ਫਲਾਈਟ ਨਿਊਯਾਰਕ ਤੋਂ ਦਿੱਲੀ ਜਾ ਰਹੀ ਸੀ। ਇਸ ਦੌਰਾਨ ਬਿਜਨੈੱਸ ਕਲਾਸ ਵਿਚ ਸਫਰ ਕਰ ਰਹੇ ਸ਼ੰਕਰ ਮਿਸ਼ਰਾ ਨੇ ਨਸ਼ੇ ਵਿਚ ਧੁੱਤ ਹੋ ਕੇ 70 ਸਾਲ ਦੀ ਇਕ ਮਹਿਲਾ ਤੇ ਪੇਸ਼ਾਬ ਕਰ ਦਿੱਤਾ ਸੀ। ਮਹਿਲਾ ਵੱਲੋਂ ਸ਼ਿਕਾਇਤ ਮਿਲਣ ਦੇ ਬਾਅਦ ਵਿਅਕਤੀ ਖਿਲਾਫ ਆਈਪੀਸੀ 354 ,294, 509 ਤੇ 510 ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਮੁਲਜਮ ਸ਼ੰਕਰ ਮਿਸ਼ਰਾ ਨੂੰ 42 ਦਿਨਾਂ ਬਾਅਦ ਬੇਂਗਲੁਰੂ ਤੋਂ ਗਿ੍ਰਫ਼ਤਾਰ ਕੀਤਾ ਸੀ। ਮੁਲਜਮ ਵੱਲੋਂ ਲਗਾਤਾਰ ਆਪਣੀ ਲੋਕੇਸ਼ਨ ਬਦਲੀ ਜਾ ਰਹੀ ਸੀ। ਸ਼ੰਕਰ ਇਕ ਇੰਟਰਨੈਸ਼ਨਲ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਘਟਨਾ ਤੋਂ ਬਾਅਦ ਕੰਪਨੀ ਨੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ।