ਫਰੀਦਕੋਟ ਨਿਊਜ: ਕੁਝ ਦਿਨ ਪਹਿਲਾਂ ਪੰਜਾਬ ਅੰਦਰ ਪਏ
ਮੀਂਹ ਅਤੇ ਗੜੇਮਾਰੀ ਕਰਕੇ ਕਿਸਾਨਾਂ ਦੀ ਕਣਕ, ਸਰੋਂ ਅਤੇ ਹਰੇ ਚਾਰੇ ਦੀਆ ਫਸਲਾਂ ਦੇ ਨਾਲ ਨਾਲ ਸਬਜੀਆਂ ਦੀਆਂ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਫਰੀਦਕੋਟ ਜਿਲ੍ਹੇ ਦੇ ਪਿੰਡ ਘੁਗਿਆਣਾਂ ਦੇ ਟਮਾਟਰ ਕਿਸਾਨਾਂ ਤੇ ਵੀ ਕੁਦਰਤ ਦੀ ਮਾਰ ਪਈ ਹੈ। ਇਥੋਂ ਦੇ ਕਿਸਾਨਾ ਇੱਕ ਲੱਖ ਰੁਪਏ ਪ੍ਰਤੀ ਏਕੜ ਸਲਾਨਾਂ ਦਰ ਨਾਲ ਠੇਕੇ ਤੇ ਜਮੀਨ ਲੈ ਕੇ ਟਮਾਟਰ ਦੀ ਖੇਤੀ ਕਰ ਰਹੇ ਸਨ।
ਪੀੜਤ ਕਿਸਾਨਾਂ ਨੇ ਦੱਸਿਆ ਕਿ ਉਹ ਮਹਿੰਗੇ ਮੁੱਲ ਤੇ ਜਮੀਨਾਂ ਠੇਕੇ ਤੇ ਜਮੀਨ ਲੈ ਕੇ ਟਮਾਟਰ ਦੀ ਕਾਸ਼ਤ ਕਰਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਟਮਾਟਰ ਦੀ ਫਸਲ ਬੀਜੀ ਸੀ ਜਿਸ ਨੂੰ ਇਕ ਲਾਇਲਾਜ ਬਿਮਾਰੀ ਲੱਗ ਗਈ, ਜਿਸ ਕਰਕੇ ਪੂਰੇ ਪਿੰਡ ਵਿਚ ਲਗਭਗ 500 ਏਕੜ ਦੇ ਕਰੀਬ ਫਸਲ ਬੁਰੀ ਤਰਾਂ ਨਾਲ ਬਰਬਾਦ ਹੋ ਗਈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਅਤੇ ਹੋਰ ਨਿੱਜੀ ਦਵਾਈ ਕੰਪਨੀਆਂ ਦੇ ਅਧਿਕਾਰੀ ਵੀ ਜੋਰ ਲਗਾ ਕੇ ਥੱਕ ਗਏ ਹਨ ਪਰ ਬਿਮਾਰੀ ਦੀ ਮਾਰ ਹੇਠ ਆਈ ਫਸਲ ਸਿਹਤਮੰਦ ਨਹੀਂ ਹੋ ਸਕੀ। ਸਗੋਂ ਉਨ੍ਹਾਂ ਦੀ ਸਾਰੀ ਫਸਲ ਪੂਰੀ ਤਰਾਂ ਨਸ਼ਟ ਹੋ ਗਈ ਹੈ।
ਟਮਾਟਰ ਤੇ ਪਈ ਲਾਇਲਾਜ ਬਿਮਾਰੀ ਦੀ ਮਾਰ
ਕਿਸਾਨਾਂ ਨੇ ਦੱਸਿਆ ਕਿ ਪਿੰਡ ਵਿਚ ਉਨ੍ਹਾਂ ਦੇ ਵਢੇਰੇ ਵੀ ਸਬਜੀਆ ਦੀ ਕਾਸ਼ਤ ਕਰਦੇ ਸਨ ਅਤੇ ਹੁਣ ਉਹ ਵੀ ਬਚਪਨ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਹਨ। ਪਹਿਲਾਂ ਵੀ ਅਜਿਹੀਆ ਬਿਮਾਰੀਆਂ ਟਮਾਟਰ ਦੀ
ਫਸਲ ਨੂੰ ਲਗਦੀਆਂ ਰਹੀਆ ਹਨ, ਪਰ ਦੋ ਚਾਰ ਦਿਨ ਵਿੱਚ ਹੀ ਉਨ੍ਹਾਂ ਦਾ ਪ੍ਰਭਾਵ ਖਤਮ ਹੋ ਜਾਂਦਾ ਸੀ।ਪਰ ਇਸ ਵਾਰ ਇਹ ਬਿਮਾਰੀ ਕਾਫੀ ਲੰਬੀ ਚੱਲ ਰਹੀ ਹੈ ਅਤੇ ਇਸ ਤੇ ਕਿਸੇ ਵੀ ਕੀਟਨਾਸ਼ਕ ਦਾ ਕੋਈ ਵੀ ਅਸਰ ਨਹੀਂ ਹੋ ਰਿਹਾ। ਇਸ ਨਾਲ ਟਮਾਟਰਾਂ ਦੇ ਪੌਦਿਆਂ ਦੇ ਪੱਤੇ ਸੜ ਕੇ ਸੁੱਕ ਰਹੇ ਹਨ ਅਤੇ ਲੱਗਿਆ ਹੋਇਆ ਫਲ ਵੀ ਸੜ ਰਿਹਾ ਹੈ। ਜੇਕਰ ਕੋਈ ਫਲ ਬਿਮਾਰੀ ਤੋਂ ਬਚ ਜਾਂਦਾ ਹੈ ਤਾਂ ਉਹ ਤੇਜ ਧੁੱਪ ਕਾਰਨ ਖਰਾਬ ਹੋ ਰਿਹਾ ਹੈ।
ਉਹਨਾਂ ਕਿਹਾ ਕਿ ਅਸੀਂ ਪ੍ਰਤੀ ਏਕੜ ਇਕ ਲੱਖ ਰੁਪਏ ਠੇਕੇ ਤੇ ਜਮੀਨ ਲੈ ਕੇ ਖੇਤੀ ਕੀਤੀ ਹੈ ਅਤੇ ਫਸਲ ਦੀ ਤਿਆਰੀ ਲਈ ਇਕ ਲੱਖ ਰੁਪਏ ਦਾ ਖਰਚਾ ਆ ਗਿਆ, ਉਸਤੋਂ ਬਾਅਦ ਵੀ ਫਸਲ ਨਹੀਂ ਬਚੀ। ਉਹਨਾਂ ਕਿਹਾ ਕਿ ਹੁਣ ਤਾਂ ਨੌਬਤ ਇਥੋਂ ਤੱਕ ਆ ਗਈ ਹੈ ਕਿ ਇਸ ਵਾਰ ਹਰੇਕ ਕਿਸਾਨ ਪ੍ਰਤੀ ਏਕੜ 2 ਲੱਖ ਦੇ ਕਰਜੇ ਹੇਠ ਆ ਗਿਆ ਹਨ ਅਤੇ ਇਸ ਵਾਰ ਘਰ ਵਿਕਣ ਤੱਕ ਦੀ ਨੌਬਤ ਆ ਗਈ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਾਕੀ ਕਿਸਾਨਾਂ ਦੀ ਤਰਾਂ ਉਹਨਾਂ ਨੂੰ ਵੀ ਬਣਦਾ
ਮੁਆਵਜਾ ਜਲਦ ਤੋਂ ਜਲਦ ਦਿੱਤਾ ਜਾਵੇ ਜਿਸ ਨਾਲ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ