ਇਰਾਕ ਵਿੱਚ 22 ਸਾਲ ਦੀ ਯੂਟਿਊਬਰ ਦੀ ਪਿਤਾ ਦੇ ਹੱਥੀਂ ਆਨਰ ਕਿਲਿੰਗ ਵਿੱਚ ਗਲਾ ਘੋਟ ਕੇ ਹੱਤਿਆ

Published: 

05 Feb 2023 11:23 AM

ਇਰਾਕੀ ਸਮਾਜ ਵਿੱਚ ਕਨੂੰਨੀ ਅੜਚਨਾਂ ਅਤੇ ਸਰਕਾਰੀ ਦਖਲ ਅੰਦਾਜੀ ਕਰਕੇ ਔਰਤਾਂ ਨੂੰ ਬੇਹੱਦ ਪਿਛੜੇ ਸੂਰਤੇਹਾਲ ਵਿੱਚ ਰਹਿਣਾ ਪੈਂਦਾ ਹੈ। ਸਰਕਾਰੀ ਕਨੂੰਨ ਇੰਨੇ ਕਮਜ਼ੋਰ ਹਨ ਕਿ ਓਹ ਘਰੇਲੂ ਜੁਲਮ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਨੂੰ ਇਨਸਾਫ ਨਹੀਂ ਦਿਵਾ ਸਕਦੇ।

ਇਰਾਕ ਵਿੱਚ 22 ਸਾਲ ਦੀ ਯੂਟਿਊਬਰ ਦੀ ਪਿਤਾ ਦੇ ਹੱਥੀਂ ਆਨਰ ਕਿਲਿੰਗ ਵਿੱਚ ਗਲਾ ਘੋਟ ਕੇ ਹੱਤਿਆ
Follow Us On

ਇਰਾਕ ਵਿੱਚ ਆਪਣੇ ਪਿਤਾ ਦੇ ਹੱਥੀਂ ਇੱਕ ਨੌਜਵਾਨ ਯੂਟਿਊਬਰ ਕੁੜੀ ਦੀ ਆਨਰ ਕਿਲਿੰਗ ਦੇ ਨਾਂ ਤੇ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਗਈ। ਹੁਣ ਇਸਨੂੰ ਲੈ ਕੇ ਇਰਾਕ ਵਿੱਚ ਬੇਹੱਦ ਰੋਸ਼ ਬਣਿਆ ਹੋਇਆ ਹੈ ਅਤੇ ਪੂਰੇ ਇਰਾਕ ਵਿੱਚ ਲੋਕੀ ਇਸ ਨੂੰ ਲੈ ਬੜੇ ਗੁੱਸੇ ‘ਚ ਹਨ। ਇਰਾਕ ਸਰਕਾਰ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਇੱਕ ਪੋਸਟ ਰਾਹੀਂ ਦਸਿਆ ਗਿਆ ਕਿ 22 ਸਾਲਾਂ ਦੀ ਟਿੱਬਾ ਅਲ ਅਲੀ ਦੀ 31 ਜਨਵਰੀ ਨੂੰ ਇਰਾਕ ਦੇ ਦੱਖਣ ਸੂਬੇ ਦੀਵਾਨੀਆਂ ਵਿੱਚ ਉਨ੍ਹਾਂ ਦੇ ਪਿਤਾ ਦੇ ਹੱਥੀਂ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਟਰਕੀ ਵਿੱਚ ਰਹਿਣ ਵਾਲੀ ਟਿੱਬਾ ਅਲ ਅਲੀ ਅਤੇ ਉਨ੍ਹਾਂ ਦੇ ਪਿਤਾ ਦਰਮਿਆਨ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਵਿੱਚ ਅਲੀ ਇਰਾਕ ਆ ਕੇ ਆਪਣੇ ਪਰਿਵਾਰ ਨਾਲ ਗੱਲਬਾਤ ਕਰਕੇ ਮਾਮਲਾ ਹੱਲ ਕਰਨਾ ਚਾਹੁੰਦੀ ਸੀ। ਦੱਸਿਆ ਜਾਂਦਾ ਹੈ ਕਿ ਟਿੱਬਾ ਅਲ ਅਲੀ ਅਤੇ ਉਨ੍ਹਾਂ ਦੇ ਪਿਤਾ ਵਿੱਚ ਹੋਈ ਗਲਬਾਤ ਦੀ ਰਿਕਾਰਡਿੰਗ ਰਾਹੀਂ ਇਸ ਗੱਲ ਦੇ ਸੰਕੇਤ ਮਿਲ਼ੇ ਹਨ ਕਿ ਉਸ ਦੇ ਪਿਤਾ ਆਪਣੀ ਬੇਟੀ ਦੇ ਟਰਕੀ ਵਿੱਚ ਕੱਲੇ ਰਹਿਣ ਦੇ ਫੈਸਲੇ ਨੂੰ ਲੈ ਕੇ ਨਾਖੁਸ਼ ਸਨ।

ਪੁਲਿਸ ਵੱਲੋਂ ਇਸ ਪਰਿਵਾਰ ਨਾਲ ਹਾਲੇ ਗੱਲਬਾਤ ਸ਼ੁਰੂ ਹੋਈ ਹੀ

ਮੰਤਰਾਲੇ ਨੇ ਅੱਗੇ ਦੱਸਿਆ ਕਿ ਇਰਾਕ ਪੁਲਿਸ ਵੱਲੋਂ ਇਸ ਪਰਿਵਾਰ ਨਾਲ ਹਾਲੇ ਗੱਲਬਾਤ ਸ਼ੁਰੂ ਹੋਈ ਹੀ ਸੀ, ਓਸ ਤੋਂ ਅਗਲੇ ਹੀ ਦਿਨ ਪਿਤਾ ਦੇ ਹੱਥੀਂ ਆਪਣੀ ਬੇਟੀ ਦਾ ਕਤਲ ਕਰ ਦਿੱਤੇ ਜਾਣ ਦੀ ਖਬਰ ਸੁਣ ਕੇ ਸਾਰੇ ਹੈਰਾਨ ਰਹਿ ਗਏ। ਆਪਣੀ ਬੇਟੀ ਨੂੰ ਕਤਲ ਕਰ ਦੇਣ ਦਾ ਜੁਰਮ ਪਿਤਾ ਵੱਲੋਂ ਮੰਨ ਲਿਆ ਗਿਆ ਹੈ। ਅਸਲ ਗੱਲ ਇਹ ਹੈ ਕਿ ਟਿੱਬਾ ਅਲ ਅਲੀ ਯੂਟਿਊਬ ਤੇ ਬੇਹੱਦ ਚਰਚਿਤ ਸਨ, ਜਿੱਥੇ ਉਹਨਾਂ ਵੱਲੋਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਲੈ ਕੇ ਪੋਸਟਾਂ ਪਾਈਆਂ ਜਾਂਦੀਆਂ ਰਹੀਆਂ ਸਨ ਅਤੇ ਉਹਨਾਂ ਪੋਸਟਾਂ ਵਿੱਚ ਟਿੱਬਾ ਅਲ ਅਲੀ ਦਾ ਮੰਗੇਤਰ ਵੀ ਕਦੀ ਕਦੀ ਨਜ਼ਰ ਆਉਂਦਾ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਪਿਤਾ ਅਤੇ ਬੇਟੀ ਦਰਮਿਆਨ ਝਗੜੇ ਦਾ ਇਹ ਸਿਲਸਿਲਾ ਸਾਲ 2015 ਤੋਂ ਚਲਿਆ ਆ ਰਿਹਾ ਹੈ। ਟਿੱਬਾ ਸਾਲ 2017 ਵਿੱਚ ਆਪਣੇ ਪਰਿਵਾਰ ਨਾਲ ਟਰਕੀ ਗਈ ਸੀ, ਪਰ ਉਥੋਂ ਇਰਾਕ ਵਾਪਸ ਪਰਤਣ ਮਗਰੋਂ ਅਲੀ ਨੇ ਪਰਿਵਾਰ ਨਾਲ ਰਹਿਣ ਦੇ ਬਜਾਏ ਟਰਕੀ ਵਿੱਚ ਰਹਿਣ ਦਾ ਫੈਸਲਾ ਕਰ ਲਿਆ ਸੀ।

ਐਤਵਾਰ ਨੂੰ ਬਗਦਾਦ ਵਿੱਚ ਵੱਡੇ ਪ੍ਰਦਰਸ਼ਨ ਦਾ ਐਲਾਨ

ਟਿੱਬਾ ਦੀ ਮੌਤ ਦੇ ਬਾਅਦ ਇਰਾਕ ਵਿੱਚ ਸੋਸ਼ਲ ਮੀਡੀਆ ਤੇ ਖੂਬ ਹੰਗਾਮਾ ਹੋ ਰਿਹਾ ਹੈ। ਐਤਵਾਰ ਨੂੰ ਬਗਦਾਦ ਵਿੱਚ ਇਕ ਵੱਡੇ ਪ੍ਰਦਰਸ਼ਨ ਦਾ ਐਲਾਨ ਕਰਦੇ ਹੋਏ ਟਿੱਬਾ ਨੂੰ ਇਨਸਾਫ ਦਿਵਾਉਣ ਦੀ ਗੱਲ ਕੀਤੀ ਜਾ ਰਹੀ ਹੈ। ਟਵਿੱਟਰ ਤੇ ਇੱਕ ਸਾਬਕਾ ਨੇਤਾ ਅਲਾ ਤਲਬਨੀ ਨੇ ਲਿਖਿਆ, ਸਾਡੇ ਇਰਾਕੀ ਸਮਾਜ ਵਿੱਚ ਕਨੂੰਨੀ ਅੜਚਨਾਂ ਅਤੇ ਸਰਕਾਰੀ ਦਖਲ ਅੰਦਾਜੀ ਕਰਕੇ ਔਰਤਾਂ ਨੂੰ ਬੇਹੱਦ ਪਿਛੜੇ ਸੂਰਤੇਹਾਲ ਵਿੱਚ ਰਹਿਣਾ ਪੈਂਦਾ ਹੈ। ਸਰਕਾਰੀ ਕਨੂੰਨ ਇੰਨੇ ਕਮਜ਼ੋਰ ਹਨ ਕਿ ਓਹ ਘਰੇਲੂ ਜੁਲਮ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਨੂੰ ਇਨਸਾਫ ਨਹੀਂ ਦਿਵਾ ਸਕਦੇ।

ਟਿੱਬਾ ਦਾ ਭਰਾ ਉਸਦਾ ਸ਼ਰੀਰਿਕ ਸ਼ੋਸ਼ਣ ਕਰਦਾ ਸੀ

ਇਰਾਕ ਵਿੱਚ ਮਾਨਵਾਧਿਕਾਰ ਕਾਰਜਕਰਤਾ ਹਨਾ ਐਡਵਰ ਦਾ ਕਹਿਣਾ ਹੈ ਕਿ ਟਿੱਬਾ ਅਲ ਅਲੀ ਨੇ ਇਰਾਕ ਵਿੱਚ ਆਪਣਾ ਪਰਿਵਾਰ ਛੱਡਣ ਦਾ ਫੈਸਲਾ ਇਸ ਕਰਕੇ ਲਿਆ ਸੀ ਕਿਉਂਕਿ ਘਰ ਵਿੱਚ ਉਸ ਦਾ ਭਰਾ ਅਲੀ ਦਾ ਸ਼ਰੀਰਿਕ ਸ਼ੋਸ਼ਣ ਕਰਦਾ ਸੀ।

ਪੀਨਲ ਕੋਡ ਅਜਿਹੀਆਂ ਵਾਰਦਾਤਾਂ ਨੂੰ ਹਲਕੇ ਵਿੱਚ ਲੈਂਦਾ ਹੈ

ਦੂਜੇ ਪਾਸੇ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਅਲੀ ਦੇ ਕਤਲਕਾਂਡ ਨੂੰ ਬੇਹਦ ਖੌਫਨਾਕ ਦਸਦਿਆਂ ਕਿਹਾ ਕਿ ਇਰਾਕੀ ਪੀਨਲ ਕੋਡ ਹਾਲੇ ਵੀ ਅਜਿਹੀਆਂ ਆਨਰ ਕਿਲਿੰਗ ਸਬੰਧੀ ਵਾਰਦਾਤਾਂ ਨੂੰ ਬੜੇ ਹਲਕੇ ਵਿੱਚ ਲੈਂਦਾ ਹੈ, ਭਾਵੇਂ ਕਿਸੇ ਕੁੜੀ ਜਾਂ ਔਰਤ ਤੇ ਜਾਨਲੇਵਾ ਹਮਲਾ ਕੀਤਾ ਜਾਵੇ ਜਾਂ ਉਸਦਾ ਕਤਲ ਹੋ ਜਾਵੇ, ਕੋਈ ਫ਼ਰਕ ਨਹੀਂ ਪੈਂਦਾ। ਜਦੋਂ ਤਕ ਇਰਾਕੀ ਅਧਿਕਾਰੀ ਔਰਤਾਂ ਅਤੇ ਕੁੜੀਆਂ ਦੀ ਰੱਖਿਆ ਕਰਨ ਵਿੱਚ ਮਜਬੂਤ ਕਾਨੂੰਨ ਨਹੀਂ ਬਣਾਉਂਦੇ, ਓਦੋਂ ਤਕ ਅਜਿਹੀਆਂ ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ ਵਾਰਦਾਤਾਂ ਹੁੰਦਿਆਂ ਰਹਿਣਗਿਆਂ।