ਇਜ਼ਰਾਈਲ-ਲੇਬਨਾਨ ਵਿਚਾਲੇ 10 ਦਿਨਾਂ ਦੀ ਜੰਗਬੰਦੀ, ਰਾਸ਼ਟਰਪਤੀ ਟਰੰਪ ਨੇ ਕੀਤਾ ਐਲਾਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੇਬਨਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਭਿਆਨਕ ਜੰਗ ਦੇ ਦੌਰਾਨ ਇੱਕ ਬਹੁਤ ਵੱਡਾ ਐਲਾਨ ਕੀਤਾ ਹੈ। ਟਰੰਪ ਦੇ ਮੁਤਾਬਕ, ਦੋਵਾਂ ਦੇਸ਼ਾਂ ਵਿਚਾਲੇ 10 ਦਿਨਾਂ ਦੀ ਜੰਗਬੰਦੀ (ਸੀਜ਼ਫਾਇਰ) 'ਤੇ ਸਹਿਮਤੀ ਬਣ ਗਈ ਹੈ, ਜਿਸ ਦਾ ਮੁੱਖ ਮਕਸਦ ਖੇਤਰ ਵਿੱਚ ਵਧਦੇ ਤਣਾਅ ਨੂੰ ਘੱਟ ਕਰਨਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੇਬਨਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਭਿਆਨਕ ਜੰਗ ਦੇ ਦੌਰਾਨ ਇੱਕ ਬਹੁਤ ਵੱਡਾ ਐਲਾਨ ਕੀਤਾ ਹੈ। ਟਰੰਪ ਦੇ ਮੁਤਾਬਕ, ਦੋਵਾਂ ਦੇਸ਼ਾਂ ਵਿਚਾਲੇ 10 ਦਿਨਾਂ ਦੀ ਜੰਗਬੰਦੀ ‘ਤੇ ਸਹਿਮਤੀ ਬਣ ਗਈ ਹੈ, ਜਿਸ ਦਾ ਮੁੱਖ ਮਕਸਦ ਖੇਤਰ ਵਿੱਚ ਵਧਦੇ ਤਣਾਅ ਨੂੰ ਘੱਟ ਕਰਨਾ ਹੈ।
ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਇਤਿਹਾਸਕ ਫੈਸਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜੰਗਬੰਦੀ ਲੇਬਨਾਨ ਦੇ ਰਾਸ਼ਟਰਪਤੀ ਜੋਸੇਫ ਔਨ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਹੋਈ ਵਿਸਥਾਰਪੂਰਵਕ ਗੱਲਬਾਤ ਤੋਂ ਬਾਅਦ ਸੰਭਵ ਹੋਈ ਹੈ। ਅਮਰੀਕੀ ਸਮੇਂ ਅਨੁਸਾਰ ਇਹ ਜੰਗਬੰਦੀ ਅੱਜ ਸ਼ਾਮ 5 ਵਜੇ ਤੋਂ ਲਾਗੂ ਹੋ ਜਾਵੇਗੀ।
ਭਾਰੀ ਜਾਨੀ ਨੁਕਸਾਨ ਤੋਂ ਬਾਅਦ ਰਾਹਤ ਦੀ ਖ਼ਬਰ
ਇਹ ਸੀਜ਼ਫਾਇਰ ਦਾ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਸੀ। ਰਿਪੋਰਟਾਂ ਅਨੁਸਾਰ, ਇਜ਼ਰਾਈਲੀ ਹਮਲਿਆਂ ਕਾਰਨ ਹੁਣ ਤੱਕ ਲੇਬਨਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ 2,196 ਤੱਕ ਪਹੁੰਚ ਗਈ ਹੈ। ਇਜ਼ਰਾਈਲ ਅਤੇ ਈਰਾਨ ਸਮਰਥਿਤ ਹਿਜ਼ਬੁੱਲਾ ਅੱਤਵਾਦੀ ਸਮੂਹ ਵਿਚਕਾਰ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੀ ਇਸ ਖੂਨੀ ਜੰਗ ਤੋਂ ਬਾਅਦ, ਮੰਗਲਵਾਰ ਨੂੰ ਵਾਸ਼ਿੰਗਟਨ ਵਿੱਚ ਲੇਬਨਾਨ ਅਤੇ ਇਜ਼ਰਾਈਲ ਨੇ ਦਹਾਕਿਆਂ ਬਾਅਦ ਪਹਿਲੀ ਵਾਰ ਸਿੱਧੀ ਡਿਪਲੋਮੈਟਿਕ ਗੱਲਬਾਤ ਕੀਤੀ।
34 ਸਾਲਾਂ ਬਾਅਦ ਇਤਿਹਾਸਕ ਮੁਲਾਕਾਤ
ਰਾਸ਼ਟਰਪਤੀ ਟਰੰਪ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ 34 ਸਾਲਾਂ ਵਿੱਚ ਪਹਿਲੀ ਵਾਰ ਵਾਸ਼ਿੰਗਟਨ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਮੌਜੂਦਗੀ ਵਿੱਚ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ, “ਮੈਂ ਉਪ-ਰਾਸ਼ਟਰਪਤੀ ਜੇਡੀ ਵੈਂਸ ਅਤੇ ਵਿਦੇਸ਼ ਮੰਤਰੀ ਰੂਬੀਓ ਨੂੰ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਡੈਨ ਰਜ਼ਿਨ ਕੇਨ ਦੇ ਨਾਲ ਮਿਲ ਕੇ ਇਜ਼ਰਾਈਲ ਅਤੇ ਲੇਬਨਾਨ ਵਿੱਚ ਸਥਾਈ ਸ਼ਾਂਤੀ ਸਥਾਪਿਤ ਕਰਨ ਲਈ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।”
ਟਰੰਪ ਨੇ ਆਪਣੇ ਸੰਬੋਧਨ ਵਿੱਚ ਅੱਗੇ ਕਿਹਾ ਕਿ ਵਿਸ਼ਵ ਭਰ ਵਿੱਚ ਹੁਣ ਤੱਕ 9 ਜੰਗਾਂ ਨੂੰ ਖ਼ਤਮ ਕਰਵਾਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਰਹੀ ਹੈ ਅਤੇ ਇਹ (ਇਜ਼ਰਾਈਲ-ਲੇਬਨਾਨ ਜੰਗ) ਉਨ੍ਹਾਂ ਦੀ 10ਵੀਂ ਜੰਗ ਹੋਵੇਗੀ ਜਿਸ ਨੂੰ ਉਹ ਖ਼ਤਮ ਕਰਵਾਉਣ ਜਾ ਰਹੇ ਹਨ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ 10 ਦਿਨਾਂ ਦੀ ਮੋਹਲਤ ਨਾਲ ਖੇਤਰ ਵਿੱਚ ਮਾਨਵਤਾਵਾਦੀ ਸਹਾਇਤਾ ਪਹੁੰਚਾਉਣ ਅਤੇ ਸਥਾਈ ਸ਼ਾਂਤੀ ਲਈ ਰਾਹ ਪੱਧਰਾ ਕਰਨ ਵਿੱਚ ਮਦਦ ਮਿਲੇਗੀ।
