ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਇਤਿਹਾਸ, ਇੱਥੇ ਹੋਇਆ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼

May 03, 2024 | 5:00 AM

ਪਟਨਾ ਸ਼ਹਿਰ ਵਿੱਚ ਪਵਿੱਤਰ ਗੰਗਾ ਨਦੀ ਦੇ ਨੇੜੇ ਇਸ ਖੇਤਰ ਨੂੰ ਹੁਣ ਪਟਨਾ ਸਾਹਿਬ ਕਿਹਾ ਜਾਂਦਾ ਹੈ। ਇਸ ਇਲਾਕੇ ਨੂੰ ਪਹਿਲਾਂ ਕੁਚਾ ਫਾਰੂਖ ਖਾਨ ਕਿਹਾ ਜਾਂਦਾ ਸੀ। ਸ੍ਰੀ ਹਰਿਮੰਦਰ ਜੀ ਸਾਹਿਬ ਸਿੱਖਾਂ ਲਈ ਬਹੁਤ ਹੀ ਪਵਿੱਤਰ ਅਸਥਾਨ ਹੈ। ਇੱਥੇ ਸਿਰਫ਼ ਸਿੱਖ ਹੀ ਨਹੀਂ, ਹੋਰ ਧਰਮਾਂ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਮੱਥਾ ਟੇਕਦੇ ਹਨ। ਗੁਰਦੁਆਰਾ ਸਾਹਿਬ ਕੰਪਲੈਕਸ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ। ਰੰਗ-ਬਿਰੰਗੇ ਫੁੱਲ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ।

ਸਿੱਖ ਧਰਮ ਦਾ ਦੂਜਾ ਸਭ ਤੋਂ ਮਹੱਤਵਪੂਰਨ ਤਖ਼ਤ ਸ੍ਰੀ ਹਰਿਮੰਦਰ ਜੀ ਸਾਹਿਬ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਸਥਿਤ ਹੈ। ਇੱਥੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਨੂੰ ਪਟਨਾ ਵਿਖੇ ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੇ ਘਰ ਹੋਇਆ ਸੀ। ਗੁਰੂ ਸਾਹਿਬ ਜੀ ਦੇ ਬਚਪਨ ਦਾ ਨਾਮ ਗੋਬਿੰਦ ਰਾਏ ਸੀ। ਤਖ਼ਤ ਸ੍ਰੀ ਹਰਿਮੰਦਰ ਜੀ ਸਾਹਿਬ ਉਸੇ ਥਾਂ ‘ਤੇ ਮੌਜੂਦ ਹੈ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਧਰਤੀ ‘ਤੇ ਤਿੰਨ ਸਿੱਖ ਗੁਰੂਆਂ ਦੇ ਚਰਨ ਪੈ ਚੁੱਕੇ ਹਨ। ਇਸੇ ਕਾਰਨ ਪਟਨਾ ਸਾਹਿਬ ਦੇਸ਼-ਵਿਦੇਸ਼ ਵਿਚ ਵਸਦੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਆਸਥਾ ਦਾ ਕੇਂਦਰ ਰਿਹਾ ਹੈ।