ਪਾਕਿਸਤਾਨੀ ਕਬੱਡੀ ਖਿਡਾਰੀ ਅਸੀਮਤ ਸਮੇਂ ਲਈ ਬੈਨ, ਭਾਰਤ ਲਈ ਖੇਡਿਆ ਸੀ ਮੈਚ ਤੇ ਲਹਿਰਾਇਆ ਸੀ ਤਿਰੰਗਾ
ਭਾਰਤ ਲਈ ਖੇਡਣਾ ਇੱਕ ਪਾਕਿਸਤਾਨੀ ਕਬੱਡੀ ਖਿਡਾਰੀ ਨੂੰ ਮਹਿੰਗਾ ਸਾਬਤ ਹੋਇਆ। ਉਸ ਨੂੰ ਇਸ ਹਰਕਤ ਲਈ ਅਸੀਮਤ ਸਮੇਂ ਲਈ ਬੈਨ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਹ ਘਟਨਾ ਇੱਕ ਨਿੱਜੀ ਟੂਰਨਾਮੈਂਟ ਦੌਰਾਨ ਵਾਪਰੀ, ਪਰ ਪਾਕਿਸਤਾਨ ਕਬੱਡੀ ਫੈਡਰੇਸ਼ਨ ਨੇ ਉਸ ਵਿਰੁੱਧ ਇਹ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।
ਪਾਕਿਸਤਾਨੀ ਕਬੱਡੀ ਖਿਡਾਰੀ ਉਬੈਦੁੱਲਾ ਰਾਜਪੂਤ
ਪਾਕਿਸਤਾਨ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਉਬੈਦੁੱਲਾ ਰਾਜਪੂਤ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਲਈ ਮੈਚ ਖੇਡਣ ਕਾਰਨ ਉਸ ‘ਤੇ ਕਾਰਵਾਈ ਕੀਤੀ ਗਈ ਹੈ। ਉਬੈਦੁੱਲਾ ਰਾਜਪੂਤ ਨੇ ਇਹ ਮੈਚ 16 ਦਸੰਬਰ ਨੂੰ ਬਹਿਰੀਨ ‘ਚ ਇੱਕ ਨਿੱਜੀ ਟੂਰਨਾਮੈਂਟ ਵਿੱਚ ਖੇਡਿਆ ਸੀ, ਜਿਸ ਤੋਂ ਬਾਅਦ ਪਾਕਿਸਤਾਨ ਕਬੱਡੀ ਫੈਡਰੇਸ਼ਨ ਨੇ ਉਸ ‘ਤੇ ਅਸੀਮਤ ਸਮੇਂ ਲਈ ਬੈਨ ਲਗਾ ਦਿੱਤਾ ਹੈ। ਪਾਕਿਸਤਾਨ ਕਬੱਡੀ ਫੈਡਰੇਸ਼ਨ ਨੇ ਹੁਣ ਉਬੈਦੁੱਲਾ ਰਾਜਪੂਤ ‘ਤੇ ਅਨੁਸ਼ਾਸਨੀ ਕਾਰਵਾਈ ਕੀਤੀ ਹੈ।
ਉਬੈਦੁੱਲਾ ਰਾਜਪੂਤ ਨੇ ਕੀ ਕੀਤਾ ਸੀ?
ਉਬੈਦੁੱਲਾ ਰਾਜਪੂਤ ਨਾ ਸਿਰਫ਼ ਭਾਰਤੀ ਟੀਮ ਦੀ ਜਰਸੀ ਪਹਿਨੀ, ਸਗੋਂ ਬਹਿਰੀਨ ‘ਚ ਇੱਕ ਨਿੱਜੀ ਟੂਰਨਾਮੈਂਟ ਦੌਰਾਨ ਭਾਰਤੀ ਝੰਡਾ ਵੀ ਲਹਿਰਾਇਆ ਸੀ, ਜਿਸ ਨਾਲ ਪਾਕਿਸਤਾਨ ਕਬੱਡੀ ਫੈਡਰੇਸ਼ਨ ਤਿਲਮਲਾ ਗਿਆ। ਉਬੈਦੁੱਲਾ ਰਾਜਪੂਤ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ‘ਚ ਉਹ ਭਾਰਤੀ ਜਰਸੀ ਪਹਿਨ ਕੇ ਭਾਰਤੀ ਝੰਡਾ ਲਹਿਰਾਉਂਦਾ ਦਿਖਾਈ ਦੇ ਰਿਹਾ ਸੀ।
ਪਾਕਿਸਤਾਨ ਕਬੱਡੀ ਫੈਡਰੇਸ਼ਨ ਨੇ ਕੀ ਕਿਹਾ?
ਪਾਕਿਸਤਾਨ ਕਬੱਡੀ ਫੈਡਰੇਸ਼ਨ ਨੇ ਉਬੈਦੁੱਲਾ ਰਾਜਪੂਤ ਨਾਲ ਜੁੜੇ ਮਾਮਲੇ ਸਬੰਧੀ ਇੱਕ ਐਮਰਜੈਂਸੀ ਮੀਟਿੰਗ ਬੁਲਾਈ। ਫੈਡਰੇਸ਼ਨ ਨੇ ਕਿਹਾ ਕਿ ਇਹ ਟੂਰਨਾਮੈਂਟ ਅਧਿਕਾਰਤ ਨਹੀਂ ਸੀ। ਇਸ ਟੂਰਨਾਮੈਂਟ ‘ਚ ਖੇਡਣ ਲਈ ਉਬੈਦੁੱਲਾ ਸਮੇਤ 15 ਖਿਡਾਰੀਆਂ ਨੇ ਫੈਡਰੇਸ਼ਨ ਕੋਲੋਂ ਐਨਓਸੀ ਨਹੀਂ ਲਈ ਸੀ। ਇਸ ਨਾਲ ਰਾਸ਼ਟਰ ਤੇ ਖੇਡਾਂ ਦੇ ਨਿਯਮ ਨੂੰ ਸੱਟ ਪਹੁੰਚੀ ਹੈ। ਫੈਡਰੇਸ਼ਨ ਦਾ ਕਹਿਣਾ ਹੈ ਕਿ ਬਿਨਾਂ ਇਜਾਜ਼ਤ ਦੇ ਖੇਡਣਾ ਤੇ ਰਾਸ਼ਟਰੀ ਚਿਨ੍ਹਾਂ ਦਾ ਇਸਤੇਮਾਲ ਬਿਲਕੁਲ ਵੀ ਸਹਿਣ ਨਹੀਂ ਕੀਤਾ ਜਾ ਸਕਦਾ।
ਉਬੈਦੁੱਲਾ ਰਾਜਪੂਤ ਨੇ ਆਪਣੇ ਬਚਾਅ ‘ਚ ਕੀ ਕਿਹਾ?
ਉਬੈਦੁੱਲਾ ਰਾਜਪੂਤ ਨੇ ਆਪਣੀ ਗਲਤੀ ਲਈ ਮੁਆਫੀ ਮੰਗੀ ਸੀ। ਉਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਅਣਜਾਣੇ ‘ਚ ਗਲਤੀ ਕੀਤੀ ਤੇ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਟੀਮ ਦਾ ਨਾਮ ਭਾਰਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਕੋਈ ਅਪਰਾਧ ਕੀਤਾ ਹੈ ਤਾਂ ਉਹ ਮੁਆਫੀ ਮੰਗਦੇ ਹਨ। ਉਨ੍ਹਾਂ ਦਾ ਇਰਾਦਾ ਗਲਤ ਨਹੀਂ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਵਿਸ਼ਵ ਕੱਪ ਨਹੀਂ ਸੀ, ਸਗੋਂ ਇੱਕ ਨਿੱਜੀ ਟੂਰਨਾਮੈਂਟ ਸੀ। ਇਸ ਲਈ, ਇਸ ਨੂੰ ਵਧਾ-ਚੜ੍ਹਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ।
