IPL 2026 Auction: ਅਈਅਰ-ਸਮਿਥ ਸਮੇਤ 1,355 ਖਿਡਾਰੀਆਂ ਨੇ ਰਜਿਸਟਰ ਕਰਵਾਇਆ ਨਾਮ, 45 ਖਿਡਾਰੀਆਂ ਦੀ ਬੇਸ ਪ੍ਰਾਈਸ ਸਭ ਤੋਂ ਜ਼ਿਆਦਾ
IPL 2026 Auction: ਕੁੱਲ 1,355 ਖਿਡਾਰੀਆਂ ਨੇ IPL 2026 ਦੇ ਮਿੰਨੀ-ਆਕਸ਼ਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਹਾਲਾਂਕਿ, ਸਿਰਫ਼ 77 ਖਿਡਾਰੀਆਂ ਦੀ ਜਗ੍ਹਾ ਹੀ ਖਾਲੀ ਹੈ, ਜਿਨ੍ਹਾਂ 'ਚ 31 ਵਿਦੇਸ਼ੀ ਖਿਡਾਰੀ ਸ਼ਾਮਲ ਹਨ।
IPL 2026 Auction (Photo: BCCI)
IPL Mini- Auction 2026: IPL 2026 ਦੀ ਮਿੰਨੀ-ਨਿਲਾਮੀ 16 ਦਸੰਬਰ ਨੂੰ ਅਬੂ ਧਾਬੀ ‘ਚ ਹੋਣ ਵਾਲੀ ਹੈ, ਜਿਸ ਲਈ ਕੁੱਲ 1,355 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ 1,355 ਨਾਵਾਂ ‘ਚੋਂ, 45 ਖਿਡਾਰੀ ਸਭ ਤੋਂ ਵੱਧ ਬੇਸ ਪ੍ਰਾਈਸ ਵਾਲੇ ਹਨ। ਇਨ੍ਹਾਂ ‘ਚੋਂ ਦੋ ਭਾਰਤੀ ਹਨ, ਜਦੋਂ ਕਿ 43 ਵਿਦੇਸ਼ੀ ਖਿਡਾਰੀ ਹਨ। ਇਨ੍ਹਾਂ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਹੈ। ਆਈਪੀਐਲ 2026 ਲਈ ਕੁੱਲ 77 ਖਿਡਾਰੀ ਸਲਾਟ ਉਪਲਬਧ ਹਨ, ਜਿਨ੍ਹਾਂ ‘ਚੋਂ 31 ਵਿਦੇਸ਼ੀ ਖਿਡਾਰੀਆਂ ਲਈ ਹਨ।
ਸਭ ਤੋਂ ਵੱਧ ਬੇਸ ਪ੍ਰਾਈਸ ਵਾਲੇ ਖਿਡਾਰੀ
ਰਵੀ ਬਿਸ਼ਨੋਈ ਤੇ ਵੈਂਕਟੇਸ਼ ਅਈਅਰ ਦੋ ਭਾਰਤੀ ਖਿਡਾਰੀ ਹਨ, ਜਿਨ੍ਹਾਂ ਨੇ ਆਈਪੀਐਲ 2026 ਦੀ ਮਿੰਨੀ ਨਿਲਾਮੀ ਲਈ ਆਪਣੀ ਬੇਸ ਪ੍ਰਾਈਸ ₹2 ਕਰੋੜ ਰੱਖਿਆ ਹੈ। ਇਨ੍ਹਾਂ ਤੋਂ ਇਲਾਵਾ, 2 ਕਰੋੜ ਰੁਪਏ ਦੇ ਬੇਸ ਪ੍ਰਾਈਸ ਵਾਲੇ 43 ਵਿਦੇਸ਼ੀ ਖਿਡਾਰੀਆਂ ‘ਚ ਆਸਟ੍ਰੇਲੀਆ ਦੇ ਕੈਮਰਨ ਗ੍ਰੀਨ, ਸਟੀਵ ਸਮਿਥ, ਸ਼ੌਨ ਐਬੋਟ, ਐਸ਼ਟਨ ਐਗਰ, ਕੂਪਰ ਕੌਨੋਲੀ, ਜੈਕ ਫਰੇਜ਼ਰ ਮੈਕਗਰਕ, ਜੋਸ ਇੰਗਲਿਸ, ਇੰਗਲੈਂਡ ਦੇ ਜੈਮੀ ਸਮਿਥ, ਗੁਸ ਐਟਕਿੰਸਨ, ਟੌਮ ਬੈਂਟਨ, ਟੌਮ ਕੁਰਨ, ਲਿਆਮ ਡਾਸਨ, ਲਿਆਮ ਲਿਵਿੰਗਸਟਨ, ਬੇਨ ਡਕੇਟ, ਡੈਨੀਅਲ ਲਾਰੈਂਸ, ਅਫਗਾਨਿਸਤਾਨ ਦੇ ਮੁਜੀਬ-ਉਰ-ਰਹਿਮਾਨ ਤੇ ਨਵੀਨ ਉਲ ਹੱਕ, ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ, ਰਚਿਨ ਰਵਿੰਦਰ, ਮਾਈਕਲ ਬ੍ਰੇਸਵੈੱਲ, ਦੱਖਣੀ ਅਫਰੀਕਾ ਦੇ ਗੇਰਾਲਡ ਕੋਏਟਜ਼ੀ, ਲੁੰਗੀ ਨਗੀਡੀ, ਐਨਰਿਚ ਨੋਰਖੀਆ ਤੇ ਸ਼੍ਰੀਲੰਕਾ ਦੇ ਮਹੀਸ਼ ਥੀਕਸ਼ਾਨਾ, ਮਥੀਸ਼ਾ ਪਥੀਰਾਣਾ, ਵਾਨਿੰਦੂ ਹਸਰੰਗਾ ਸ਼ਾਮਲ ਹਨ।
ਬੰਗਲਾਦੇਸ਼ ਦੇ ਹਰਫ਼ਨਮੌਲਾ ਸ਼ਾਕਿਬ ਅਲ ਹਸਨ ਨੇ ਵੀ ਆਪਣਾ ਨਾਮ ਰਜਿਸਟਰ ਕਰਵਾਇਆ ਹੈ। ਸ਼ਾਕਿਬ, ਜਿਸ ਕੋਲ ਆਈਪੀਐਲ ਦੇ ਨੌਂ ਸੀਜ਼ਨਾਂ ਦਾ ਤਜਰਬਾ ਹੈ, ਨੇ ਆਪਣੀ ਬੇਸ ਪ੍ਰਾਈਜ਼ 1 ਕਰੋੜ ਰੁਪਏ ਰੱਖੀ ਹੈ।
14 ਦੇਸ਼ਾਂ ਦੇ ਖਿਡਾਰੀਆਂ ਨੇ ਆਪਣੇ ਨਾਮ ਰਜਿਸਟਰ ਕਰਵਾਏ
14 ਦੇਸ਼ਾਂ ਦੇ ਵਿਦੇਸ਼ੀ ਖਿਡਾਰੀਆਂ ਨੇ ਆਈਪੀਐਲ 2026 ਦੇ ਮਿੰਨੀ ਆਕਸ਼ਨ ਲਈ ਆਪਣੇ ਨਾਮ ਰਜਿਸਟਰ ਕਰਵਾਏ ਹਨ, ਜਿਨ੍ਹਾਂ ‘ਚ ਅਫਗਾਨਿਸਤਾਨ, ਆਸਟ੍ਰੇਲੀਆ, ਬੰਗਲਾਦੇਸ਼, ਆਇਰਲੈਂਡ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਸ਼੍ਰੀਲੰਕਾ, ਵੈਸਟਇੰਡੀਜ਼, ਜ਼ਿੰਬਾਬਵੇ, ਨੀਦਰਲੈਂਡ, ਸਕਾਟਲੈਂਡ ਤੇ ਅਮਰੀਕਾ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ, ਇੱਕ ਮਲੇਸ਼ੀਆਈ ਕ੍ਰਿਕਟਰ, ਭਾਰਤੀ ਮੂਲ ਦੇ ਵਿਰਦੀਪ ਸਿੰਘ ਨੇ ਵੀ ਐਂਟਰੀ ਪ੍ਰਾਪਤ ਕੀਤੀ ਹੈ। ਸੱਜੇ ਹੱਥ ਦੇ ਮਲੇਸ਼ੀਆਈ ਹਰਫ਼ਨਮੌਲਾ ਨੇ ਆਪਣੀ ਬੇਸ ਪ੍ਰਾਈਜ਼ 30 ਲੱਖ ਰੁਪਏ ਰੱਖੀ ਹੈ।
77 ਸਲਾਟਾਂ ਲਈ 237.55 ਕਰੋੜ ਰੁਪਏ
ਆਈਪੀਐਲ 2026 ਲਈ ਖਿਡਾਰੀਆਂ ਨੂੰ ਬਰਕਰਾਰ ਰੱਖਣ ਦੀ ਆਖਰੀ ਮਿਤੀ ਖਤਮ ਹੋਣ ਤੋਂ ਬਾਅਦ, ਸਾਰੀਆਂ 10 ਆਈਪੀਐਲ ਫ੍ਰੈਂਚਾਇਜ਼ੀਜ਼ ਕੋਲ ਨਿਲਾਮੀ ਲਈ ਕੁੱਲ 237.55 ਕਰੋੜ ਰੁਪਏ ਬਾਕੀ ਹਨ। ਕੋਲਕਾਤਾ ਨਾਈਟ ਰਾਈਡਰਜ਼ ਕੋਲ ਸਭ ਤੋਂ ਵੱਧ 64.30 ਕਰੋੜ ਰੁਪਏ ਹਨ, ਉਸ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਕੋਲ 43.40 ਕਰੋੜ ਰੁਪਏ ਹਨ।
