IND vs AUS: ਟੀਮ ਇੰਡੀਆ ਦੇ ਆਲਰਾਊਂਡਰਸ ਤੋਂ ਹਾਰਿਆ ਆਸਟ੍ਰੇਲੀਆ, T20 ਸੀਰੀਜ਼ ਵਿੱਚ ਬਣਾਈ 2-1 ਦੀ ਬੜ੍ਹਤ

Updated On: 

06 Nov 2025 18:04 PM IST

IND vs AUS 4th T20I: ਟੀਮ ਇੰਡੀਆ ਨੇ ਆਸਟ੍ਰੇਲੀਆ ਵਿੱਚ T20 ਸੀਰੀਜ਼ ਨਾ ਹਾਰਨ ਦਾ ਆਪਣਾ ਰਿਕਾਰਡ ਕਾਇਮ ਰੱਖਿਆ ਹੈ। ਸੀਰੀਜ਼ ਦੇ ਚਾਰ ਮੈਚ ਪੂਰੇ ਹੋ ਚੁੱਕੇ ਹਨ, ਅਤੇ ਹੁਣ ਟੀਮ ਇੰਡੀਆ ਇਹ ਸੀਰੀਜ਼ ਨਹੀਂ ਹਾਰ ਸਕਦੀ। ਉੱਧਰ, ਆਸਟ੍ਰੇਲੀਆ ਦਾ ਘਰੇਲੂ ਮੈਦਾਨ 'ਤੇ ਭਾਰਤ ਨੂੰ ਟੀ-20 ਸੀਰੀਜ਼ ਵਿੱਚ ਹਰਾਉਣ ਦਾ ਇੰਤਜ਼ਾਰ ਹੋਰ ਵੀ ਲੰਬਾ ਹੋ ਗਿਆ ਹੈ।

IND vs AUS: ਟੀਮ ਇੰਡੀਆ ਦੇ ਆਲਰਾਊਂਡਰਸ ਤੋਂ ਹਾਰਿਆ ਆਸਟ੍ਰੇਲੀਆ, T20 ਸੀਰੀਜ਼ ਵਿੱਚ ਬਣਾਈ 2-1 ਦੀ ਬੜ੍ਹਤ

ਟੀਮ ਇੰਡੀਆ ਨੇ T20 ਸੀਰੀਜ਼ ਵਿੱਚ ਬਣਾਈ 2-1 ਦੀ ਬੜ੍ਹਤ Image Credit source: PTI

Follow Us On

ਟੀਮ ਇੰਡੀਆ ਨੇ ਚੌਥੇ T20 ਮੈਚ ਵਿੱਚ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾ ਦਿੱਤਾ । ਗੋਲਡ ਕੋਸਟ ਵਿੱਚ ਖੇਡੇ ਗਏ ਮੁਕਾਬਲੇ ਵਿੱਚਟੀਮ ਇੰਡੀਆ ਨੇ ਆਪਣੇ ਤਿੰਨ ਆਲਰਾਊਂਡਰਸ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਆਸਟ੍ਰੇਲੀਆ ਨੂੰ ਹਰਾ ਕੇ ਸੀਰੀਜ਼ ਵਿੱਚ 2-1 ਦੀ ਬੜ੍ਹਤ ਬਣਾਈ। ਇਸ ਦੈ ਨਾਲ ਹੀ ਟੀਮ ਇੰਡੀਆ ਤੇ ਸੀਰੀਜ਼ ਹਾਰਨ ਦਾ ਖ਼ਤਰਾ ਵੀ ਟਲ ਗਿਆ ਅਤੇ ਆਸਟ੍ਰੇਲੀਆ ਵਿੱਚ ਕਦੇ ਵੀ T20 ਸੀਰੀਜ਼ ਨਾ ਹਾਰਨ ਦਾ ਆਪਣਾ ਰਿਕਾਰਡ ਕਾਇਮ ਵੀ ਰੱਖਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤੀ ਟੀਮ ਨੇ 167 ਦੌੜਾਂ ਬਣਾਈਆਂ, ਪਰ ਆਸਟ੍ਰੇਲੀਆਈ ਟੀਮ ਸਿਰਫ਼ 119 ਦੌੜਾਂ ‘ਤੇ ਆਲ ਆਊਟ ਹੋ ਗਈ। ਟੀਮ ਇੰਡੀਆ ਦੀ ਜਿੱਤ ਦੇ ਸਿਤਾਰੇ ਆਲਰਾਊਂਡਰ ਸ਼ਿਵਮ ਦੂਬੇ ਅਤੇ ਅਕਸ਼ਰ ਪਟੇਲ ਰਹੇ, ਜਿਨ੍ਹਾਂ ਨੇ ਅਹਿਮ ਦੌੜਾਂ ਬਣਾਈਆਂ ਅਤੇ ਫਿਰ ਆਸਟ੍ਰੇਲੀਆਈ ਟੌਪ ਆਰਡਰ ਨੂੰ ਢਹਿ-ਢੇਰੀ ਕਰ ਦਿੱਤਾ।

ਟੀਮ ਇੰਡੀਆ ਨੇ ਗੋਲਡ ਕੋਸਟ ਦੇ ਕੈਰਾਰਾ ਓਵਲ ਵਿੱਚ ਪਹਿਲੀ ਵਾਰ ਕੋਈ ਅੰਤਰਰਾਸ਼ਟਰੀ ਮੈਚ ਖੇਡਿਆ, ਪਰ ਇਹ ਅਣਜਾਣ ਸਥਾਨ ਵੀ ਉਨ੍ਹਾਂ ਨੂੰ ਜਿੱਤਣ ਤੋਂ ਨਹੀਂ ਰੋਕ ਸਕਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਟੀਮ ਇੰਡੀਆ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 167 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ ਟੀਮ ਲਈ ਸਭ ਤੋਂ ਵੱਧ 46 ਦੌੜਾਂ ਬਣਾਈਆਂ, ਪਰ ਉਨ੍ਹਾਂ ਦਾ ਸਟ੍ਰਾਈਕ ਰੇਟ ਸਿਰਫ 117 ਸੀ। ਅਭਿਸ਼ੇਕ ਸ਼ਰਮਾ ਵੀ ਇਸ ਵਾਰ ਵੱਡੀ ਅਤੇ ਤੇਜ਼ ਪਾਰੀ ਖੇਡਣ ਵਿੱਚ ਅਸਫਲ ਰਹੇ, ਜਦੋਂ ਕਿ ਸ਼ਿਵਮ ਦੂਬੇ ਨੇ 18 ਗੇਂਦਾਂ ਵਿੱਚ 22 ਦੌੜਾਂ ਬਣਾਈਆਂ।

ਪਟੇਲ ਅਤੇ ਵਾਸ਼ਿੰਗਟਨ ਨੇ ਮਜਬੂਤ ਸਕੋਰ ਤੱਕ ਪਹੁੰਚਾਇਆ

ਕਪਤਾਨ ਸੂਰਿਆਕੁਮਾਰ ਯਾਦਵ ਨੇ 10 ਗੇਂਦਾਂ ਵਿੱਚ ਤੇਜੀ ਨਾਲ 20 ਦੌੜਾਂ ਬਣਾਈਆਂ ਪਰ ਫਿਰ ਉਹ ਆਊਟ ਹੋ ਗਏ, ਜਦੋਂ ਕਿ ਤਿਲਕ ਵਰਮਾ ਅਤੇ ਜਿਤੇਸ਼ ਸ਼ਰਮਾ ਵੀ ਅਸਫਲ ਰਹੇ। ਹਾਲਾਂਕਿ, ਆਖਰੀ ਓਵਰਾਂ ਵਿੱਚ, ਅਕਸ਼ਰ ਪਟੇਲ ਅਤੇ ਵਾਸ਼ਿੰਗਟਨ ਸੁੰਦਰ ਨੇ ਜਲਦੀ ਨਾਲ ਕੁਝ ਦੌੜਾਂ ਬਣਾਈਆਂ, ਜਿਸ ਨਾਲ ਭਾਰਤ ਨੂੰ ਇਸ ਮੁਸ਼ਕਲ ਪਿੱਚ ‘ਤੇ ਇੱਕ ਮਜ਼ਬੂਤ ​​ਸਕੋਰ ਤੱਕ ਪਹੁੰਚਣ ਵਿੱਚ ਮਦਦ ਮਿਲੀ। ਆਸਟ੍ਰੇਲੀਆ ਲਈ, ਨਾਥਨ ਐਲਿਸ ਨੇ ਸਿਰਫ਼ 21 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦੋਂ ਕਿ ਐਡਮ ਜ਼ੰਪਾ ਨੇ ਵੀ 3 ਵਿਕਟਾਂ ਲਈਆਂ।

ਆਸਟ੍ਰੇਲੀਆ ਨੇ ਭਾਰਤ ਵਾਂਗ ਹੀ ਸ਼ੁਰੂਆਤ ਕੀਤੀ, ਉਨ੍ਹਾਂ ਦੇ ਟੌਪ ਆਰਡਰ ਨੇ ਵਧੀਆ ਰਫ਼ਤਾਰ ਨਾਲ ਸਕੋਰ ਬਣਾਇਆ। ਹਾਲਾਂਕਿ, ਅਕਸ਼ਰ ਪਟੇਲ ਅਤੇ ਸ਼ਿਵਮ ਦੂਬੇ ਨੇ ਰੁਕ-ਰੁਕ ਕੇ ਵੱਡੇ ਝਟਕੇ ਦਿੱਤੇ, ਜਿਸ ਨਾਲ ਆਸਟ੍ਰੇਲੀਆ ਦੀ ਰਫਤਾਰ ਹੌਲੀ ਹੋ ਗਈ। ਅਕਸ਼ਰ ਨੇ ਓਪਨਰ ਮੈਥਿਊ ਸ਼ਾਰਟ ਅਤੇ ਤੀਜੇ ਨੰਬਰ ਦੇ ਬੱਲੇਬਾਜ਼ ਜੋਸ਼ ਇੰਗਲਿਸ ਨੂੰ ਆਊਟ ਕਰਕੇ ਪਹਿਲੇ ਦੋ ਝਟਕੇ ਦਿੱਤੇ। ਫਿਰ ਦੂਬੇ ਨੇ ਦੋ ਸਭ ਤੋਂ ਮਹੱਤਵਪੂਰਨ ਵਿਕਟਾਂ ਲਈਆਂ। ਉਨ੍ਹਾਂ ਨੇ ਪਹਿਲਾਂ ਆਸਟ੍ਰੇਲੀਆਈ ਕਪਤਾਨ ਮਿਸ਼ੇਲ ਮਾਰਸ਼ ਨੂੰ ਆਊਟ ਕੀਤਾ ਅਤੇ ਫਿਰ ਵਿਸਫੋਟਕ ਬੱਲੇਬਾਜ਼ ਟਿਮ ਡੇਵਿਡ ਨੂੰ ਸਸਤੇ ਵਿੱਚ ਆਊਟ ਕੀਤਾ।

ਵਾਸ਼ਿੰਗਟਨ ਸੁੰਦਰ ਨੇ ਆਸਟ੍ਰੇਲੀਆਈ ਪਾਰੀ ਨੂੰ ਸਮੇਟਿਆ

ਇੱਥੋਂ ਹੀ ਆਸਟ੍ਰੇਲੀਆ ਦੀ ਮੈਚ ਵਿੱਚ ਵਾਪਸੀ ਮੁਸ਼ਕਲ ਹੁੰਦੀ ਗਈ। ਆਸਟ੍ਰੇਲੀਆ ਨੇ 12ਵੇਂ ਓਵਰ ਵਿੱਚ ਡੇਵਿਡ ਸਮਿਥ ਦੇ ਰੂਪ ਵਿੱਚ ਆਪਣਾ ਚੌਥਾ ਵਿਕਟ 91 ਦੌੜਾਂ ‘ਤੇ ਗੁਆ ਦਿੱਤਾ, ਅਤੇ ਫਿਰ ਅਗਲੇ 28 ਦੌੜਾਂਦੇ ਅੰਦਰ ਆਪਣੀਆਂ ਬਾਕੀ ਛੇ ਵਿਕਟਾਂ ਗੁਆ ਦਿੱਤੀਆਂ, 18.2 ਓਵਰਾਂ ਵਿੱਚ ਸਿਰਫ਼ 119 ਦੌੜਾਂ ‘ਤੇ ਢਹਿ ਢੇਰੀ ਹੋ ਗਈ। ਅੰਤ ਵਿੱਚ, ਵਾਸ਼ਿੰਗਟਨ ਸੁੰਦਰ ਨੇ ਆਸਟ੍ਰੇਲੀਆਈ ਪਾਰੀ ਨੂੰ ਜਲਦੀ ਸਮੇਟਣ ਵਿੱਚ ਮੁੱਖ ਭੂਮਿਕਾ ਨਿਭਾਈ, ਆਪਣੇ ਅੱਠ ਗੇਂਦਾਂ ਦੇ ਸਪੈੱਲ ਵਿੱਚ ਤਿੰਨ ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।