IND vs SA 1st ODI: ਸੈਮਸਨ ਨੂੰ ਮਿਲੀ ਐਂਟਰੀ, ਪਲੇਇੰਗ 11 ‘ਚ ਕਿਸ ਨੂੰ ਮੌਕਾ ਦੇਣਗੇ ਰਾਹੁਲ ?
India vs South Africa Playing 11 Prediction: ਇਸ ਵਨਡੇ ਸੀਰੀਜ਼ 'ਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਵਰਗੇ ਟੀਮ ਇੰਡੀਆ ਦੇ ਸੀਨੀਅਰ ਖਿਡਾਰੀ ਨਹੀਂ ਖੇਡਣਗੇ। ਅਜਿਹੇ 'ਚ ਇਹ ਉਨ੍ਹਾਂ ਖਿਡਾਰੀਆਂ ਲਈ ਮੌਕਾ ਹੈ, ਜਿਨ੍ਹਾਂ ਨੂੰ ਹਾਲ ਹੀ 'ਚ ਘੱਟ ਮੌਕੇ ਮਿਲੇ ਹਨ ਜਾਂ ਜਿਨ੍ਹਾਂ ਨੂੰ ਆਉਣ ਵਾਲੇ ਸਾਲਾਂ 'ਚ ਜ਼ਿਆਦਾ ਮੌਕੇ ਮਿਲਣ ਵਾਲੇ ਹਨ।
ਟੀ-20 ਸੀਰੀਜ਼ ਪੂਰੀ ਹੋਣ ਤੋਂ ਬਾਅਦ ਹੁਣ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਸੀਰੀਜ਼ ਦਾ ਐਕਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਸੀਰੀਜ਼ ਦਾ ਪਹਿਲਾ ਮੈਚ ਐਤਵਾਰ 17 ਦਸੰਬਰ ਨੂੰ ਜੋਹਾਨਸਬਰਗ ‘ਚ ਖੇਡਿਆ ਜਾਣਾ ਹੈ। ਇਸ ਸੀਰੀਜ਼ ਲਈ ਟੀਮ ਇੰਡੀਆ ਦੀ ਕਪਤਾਨੀ ਅਤੇ ਟੀਮ ‘ਚ ਵੀ ਕੁਝ ਬਦਲਾਅ ਕੀਤੇ ਗਏ ਹਨ। ਟੀ-20 ਸੀਰੀਜ਼ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਵਨਡੇ ਤੋਂ ਪਹਿਲਾਂ ਹੀ ਬਾਹਰ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਜਗ੍ਹਾ ਕੇਐੱਲ ਰਾਹੁਲ ਇਸ ਸੀਰੀਜ਼ ‘ਚ ਕਪਤਾਨੀ ਸੰਭਾਲਣ ਜਾ ਰਹੇ ਹਨ। ਪਹਿਲੇ ਮੈਚ ‘ਚ ਉਹ ਕਿਹੜੇ ਖਿਡਾਰੀਆਂ ਨੂੰ ਮੌਕਾ ਦੇਵੇਗਾ ‘ਤੇ ਨਜ਼ਰ ਰੱਖੀ ਜਾਵੇਗੀ। ਕੀ ਕਿਸੇ ਖਿਡਾਰੀ ਨੂੰ ਡੈਬਿਊ ਕਰਨ ਦਾ ਮੌਕਾ ਮਿਲੇਗਾ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ।
ਕਰੀਬ 23 ਮਹੀਨੇ ਪਹਿਲਾਂ ਕੇਐੱਲ ਰਾਹੁਲ ਨੇ ਦੱਖਣੀ ਅਫਰੀਕਾ ‘ਚ ਵਨਡੇ ਸੀਰੀਜ਼ ‘ਚ ਪਹਿਲੀ ਵਾਰ ਟੀਮ ਇੰਡੀਆ ਦੀ ਕਪਤਾਨੀ ਕੀਤੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਟੈਸਟ ਮੈਚ ‘ਚ ਕਮਾਨ ਸੰਭਾਲੀ ਸੀ। ਉਦੋਂ ਟੀਮ ਇੰਡੀਆ ਨੂੰ ਉਸ ਸੀਰੀਜ਼ ‘ਚ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਰਾਹੁਲ ਦੀ ਲੀਡਰਸ਼ਿਪ ਦੀ ਗੁਣਵੱਤਾ ‘ਤੇ ਸਵਾਲ ਖੜ੍ਹੇ ਹੋ ਗਏ ਸਨ। ਹੁਣ ਭਾਵੇਂ ਇਸ ਸਾਲ ਕੋਈ ਵਨਡੇ ਟੂਰਨਾਮੈਂਟ ਨਹੀਂ ਹੈ ਪਰ 2025 ਦੀ ਚੈਂਪੀਅਨਜ਼ ਟਰਾਫੀ ਨੂੰ ਧਿਆਨ ‘ਚ ਰੱਖਦੇ ਹੋਏ ਰਾਹੁਲ ਇਸ ਸੀਰੀਜ਼ ‘ਚ ਮਜ਼ਬੂਤ ਕਪਤਾਨੀ ਨਾਲ ਆਪਣਾ ਦਾਅਵਾ ਮਜ਼ਬੂਤ ਕਰ ਸਕਦੇ ਹਨ।
ਰਾਹੁਲ ਕੋਲ ਹੈ ਵੱਡਾ ਮੌਕਾ
ਹਾਲਾਂਕਿ ਇਸ ਦੇ ਲਈ ਮੈਦਾਨ ‘ਤੇ ਕਪਤਾਨੀ ਸੰਭਾਲਣ ਤੋਂ ਪਹਿਲਾਂ ਰਾਹੁਲ ਨੂੰ ਮੈਦਾਨ ਤੋਂ ਬਾਹਰ ਵੀ ਕੁਝ ਸਖ਼ਤ ਫੈਸਲੇ ਲੈਣੇ ਪੈਣਗੇ, ਜੋ ਪਲੇਇੰਗ ਇਲੈਵਨ ਦੀ ਚੋਣ ਨਾਲ ਸਬੰਧਤ ਹੋਣਗੇ। ਇਸ ਸੀਰੀਜ਼ ਲਈ ਰਾਹੁਲ ਕੋਲ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਹਾਰਦਿਕ ਪੰਡਯਾ, ਜਸਪ੍ਰੀਤ ਬੁਮਰਾਹ ਵਰਗੇ ਤਜਰਬੇਕਾਰ ਖਿਡਾਰੀ ਨਹੀਂ ਹਨ, ਇਸ ਲਈ ਇਹ ਉਸ ਲਈ ਚੁਣੌਤੀ ਤਾਂ ਜ਼ਿਆਦਾ ਹੈ ਹੀ, ਸਗੋਂ ਬਿਹਤਰ ਮੌਕਾ ਵੀ ਹੈ। ਮੈਚ ਤੋਂ ਇੱਕ ਦਿਨ ਪਹਿਲਾਂ ਰਾਹੁਲ ਨੇ ਵੀ ਇਸ ਸਬੰਧੀ ਆਪਣੇ ਇਰਾਦੇ ਜ਼ਾਹਰ ਕੀਤੇ ਸਨ।
ਰਾਹੁਲ ਨੇ ਸ਼ਨੀਵਾਰ 16 ਦਸੰਬਰ ਨੂੰ ਪ੍ਰੈੱਸ ਕਾਨਫਰੰਸ ‘ਚ ਐਲਾਨ ਕੀਤਾ ਕਿ ਵਿਸਫੋਟਕ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਸੀਰੀਜ਼ ‘ਚ ਮੌਕਾ ਮਿਲੇਗਾ ਅਤੇ ਉਹ ਮੱਧਕ੍ਰਮ ‘ਚ ਬੱਲੇਬਾਜ਼ੀ ਕਰਨਗੇ। ਹਾਲਾਂਕਿ ਰਾਹੁਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਖੁਦ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲਣਗੇ। ਰਾਹੁਲ ਨੇ ਇਹ ਵੀ ਕਿਹਾ ਕਿ ਇਸ ਸੀਰੀਜ਼ ਦੌਰਾਨ ਰਿੰਕੂ ਸਿੰਘ ਨੂੰ ਵੀ ਮੌਕਾ ਮਿਲੇਗਾ। ਹਾਲਾਂਕਿ ਇਸ ਗੱਲ ਦੀ ਸੰਭਾਵਨਾ ਨਹੀਂ ਜਾਪਦੀ ਹੈ ਕਿ ਉਹ ਪਹਿਲੇ ਮੈਚ ਵਿੱਚ ਹੀ ਚੁਣੇ ਜਾਣਗੇ। ਫਿਰ ਰਾਹੁਲ ਕਿਹੜੇ ਖਿਡਾਰੀਆਂ ਨੂੰ ਮੌਕਾ ਦੇ ਸਕਦੇ ਹਨ?
ਓਪਨਿੰਗ ਅਤੇ ਸਪਿਨ ਡਿਪਾਰਟਮੈਂਟ ਵਿੱਚ ਸਵਾਲ
ਸਭ ਤੋਂ ਵੱਡਾ ਸਵਾਲ ਓਪਨਿੰਗ ਜੋੜੀ ਨੂੰ ਲੈ ਕੇ ਹੈ। ਰਿਤੂਰਾਜ ਗਾਇਕਵਾੜ ਦਾ ਖੇਡਣਾ ਤੈਅ ਹੈ ਪਰ ਉਨ੍ਹਾਂ ਦੇ ਨਾਲ ਓਪਨਰ ਕੌਣ ਹੋਵੇਗਾ? ਰਾਹੁਲ ਖੁਦ ਇਕ ਵਿਕਲਪ ਹਨ ਪਰ ਉਨ੍ਹਾਂ ਨੇ ਮੱਧਕ੍ਰਮ ‘ਚ ਖੇਡਣ ਦਾ ਫੈਸਲਾ ਕੀਤਾ ਹੈ। ਅਜਿਹੇ ‘ਚ ਨੌਜਵਾਨ ਬੱਲੇਬਾਜ਼ ਸਾਈ ਸੁਦਰਸ਼ਨ ਨੂੰ ਅੰਤਰਰਾਸ਼ਟਰੀ ਡੈਬਿਊ ਦਾ ਮੌਕਾ ਮਿਲਣਾ ਤੈਅ ਹੈ। ਤੀਜੇ ਨੰਬਰ ‘ਤੇ ਉਨ੍ਹਾਂ ਦੇ ਨਾਲ ਤਿਲਕ ਵਰਮਾ ਨੂੰ ਮੌਕਾ ਮਿਲ ਸਕਦਾ ਹੈ। ਸ਼੍ਰੇਅਸ ਅਈਅਰ, ਰਾਹੁਲ ਅਤੇ ਸੈਮਸਨ ਚੌਥੇ, ਪੰਜਵੇਂ ਅਤੇ ਛੇਵੇਂ ਨੰਬਰ ‘ਤੇ ਹੋ ਸਕਦੇ ਹਨ।
ਇਹ ਵੀ ਪੜ੍ਹੋ
ਜਿੱਥੋਂ ਤੱਕ ਗੇਂਦਬਾਜ਼ੀ ਦਾ ਸਵਾਲ ਹੈ ਤਾਂ ਯੁਜਵੇਂਦਰ ਚਾਹਲ ਦੀ ਵਾਪਸੀ ਯਕੀਨੀ ਹੈ ਅਤੇ ਅਕਸ਼ਰ ਪਟੇਲ ਉਸ ਦੇ ਨਾਲ ਦੂਜੇ ਸਪਿਨਰ ਬਣ ਸਕਦੇ ਹਨ। ਟੀ-20 ਸੀਰੀਜ਼ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਕੁਲਦੀਪ ਯਾਦਵ ਨੂੰ ਪਹਿਲੇ ਮੈਚ ‘ਚ ਆਰਾਮ ਦਿੱਤਾ ਜਾ ਸਕਦਾ ਹੈ। ਅਵੇਸ਼ ਖਾਨ, ਮੁਕੇਸ਼ ਕੁਮਾਰ ਅਤੇ ਅਰਸ਼ਦੀਪ ਸਿੰਘ ਤੋਂ ਇਲਾਵਾ ਟੀਮ ਕੋਲ ਤੇਜ਼ ਗੇਂਦਬਾਜ਼ਾਂ ਦਾ ਕੋਈ ਵਿਕਲਪ ਨਹੀਂ ਹੈ।
ਟੀਮ ਇੰਡੀਆ ਦੀ ਸੰਭਾਵਿਤ ਪਲੇਇੰਗ 11
ਕੇਐਲ ਰਾਹੁਲ (ਕਪਤਾਨ-ਵਿਕਟਕੀਪਰ), ਸਾਈ ਸੁਦਰਸ਼ਨ, ਰੁਤੁਰਾਜ ਗਾਇਕਵਾੜ, ਤਿਲਕ ਵਰਮਾ, ਸ਼੍ਰੇਅਸ ਅਈਅਰ, ਸੰਜੂ ਸੈਮਸਨ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਅਵੇਸ਼ ਖਾਨ, ਯੁਜਵੇਂਦਰ ਚਾਹਲ ਅਤੇ ਮੁਕੇਸ਼ ਕੁਮਾਰ।