IND vs AUS 2nd T20i Match: ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਬੁਰੀ ਤਰ੍ਹਾਂ ਹਰਾਇਆ, 44 ਦੌੜਾਂ ਨਾਲ ਜਿੱਤਿਆ ਮੈਚ
ਭਾਰਤ ਨੇ ਦੂਜੇ ਮੈਚ 'ਚ ਇਕਤਰਫਾ ਖੇਡ ਦਿਖਾਈ, ਜਿਸ ਦੇ ਖਿਲਾਫ ਆਸਟ੍ਰੇਲੀਆ ਦੀ ਟੀਮ ਕੁਝ ਖਾਸ ਨਹੀਂ ਕਰ ਸਕੀ ਅਤੇ ਮੈਚ ਹਾਰ ਗਈ। ਇਸ ਜਿੱਤ ਨਾਲ ਭਾਰਤ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ 'ਚ 2-0 ਨਾਲ ਅੱਗੇ ਹੈ। ਇਸ ਮੈਚ ਵਿੱਚ ਭਾਰਤ ਲਈ ਤਿੰਨ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ।
ਸਪੋਰਟਸ ਨਿਊਜ। ਭਾਰਤੀ ਬੱਲੇਬਾਜ਼ਾਂ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਟੀਮ ਇੰਡੀਆ ਨੇ ਦੂਜੇ ਟੀ-20 ਮੈਚ ‘ਚ ਆਸਟ੍ਰੇਲੀਆ ਨੂੰ 44 ਦੌੜਾਂ ਨਾਲ ਹਰਾਇਆ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯਸ਼ਸਵੀ ਜੈਸਵਾਲ, ਈਸ਼ਾਨ ਕਿਸ਼ਨ ਅਤੇ ਰਿਤੂਰਾਜ ਗਾਇਕਵਾੜ ਦੇ ਅਰਧ ਸੈਂਕੜਿਆਂ ਦੀ ਬਦੌਲਤ 20 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 235 ਦੌੜਾਂ ਬਣਾਈਆਂ। ਇਸ ਵੱਡੇ ਸਕੋਰ ਦੇ ਸਾਹਮਣੇ ਆਸਟ੍ਰੇਲੀਆਈ ਟੀਮ 20 ਓਵਰਾਂ ‘ਚ ਨੌਂ ਵਿਕਟਾਂ ਗੁਆ ਕੇ 191 ਦੌੜਾਂ ਹੀ ਬਣਾ ਸਕੀ। ਭਾਰਤ ਲਈ ਰਵੀ ਬਿਸ਼ਨੋਈ ਨੇ ਤਿੰਨ ਵਿਕਟਾਂ ਲਈਆਂ। ਇਸ ਜਿੱਤ ਨਾਲ ਭਾਰਤ ਹੁਣ ਪੰਜ ਮੈਚਾਂ ਦੀ ਟੀ-20 ਸੀਰੀਜ਼ ‘ਚ 2-0 ਨਾਲ ਅੱਗੇ ਹੈ।
ਯਸ਼ਸਵੀ ਜੈਸਵਾਲ ਨੇ 53 ਦੌੜਾਂ, ਗਾਇਕਵਾੜ ਨੇ 58 ਦੌੜਾਂ ਅਤੇ ਈਸ਼ਾਨ ਕਿਸ਼ਨ ਨੇ 52 ਦੌੜਾਂ ਬਣਾਈਆਂ। ਅੰਤ ਵਿੱਚ ਰਿੰਕੂ ਸਿੰਘ ਨੇ ਇੱਕ ਵਾਰ ਫਿਰ ਆਪਣੇ ਫਿਨਿਸ਼ਿੰਗ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਨੌਂ ਗੇਂਦਾਂ ਵਿੱਚ ਅਜੇਤੂ 31 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਮਾਰਕਸ ਸਟੋਇਨਿਸ ਨੇ ਸਭ ਤੋਂ ਵੱਧ 45 ਦੌੜਾਂ ਬਣਾਈਆਂ।
ਆਸਟ੍ਰੇਲੀਆ ਦੀ ਬੱਲੇਬਾਜ਼ੀ ਅਸਫਲ ਰਹੀ
236 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਨੂੰ ਸਟੀਵ ਸਮਿਥ ਅਤੇ ਮੈਥਿਊ ਸ਼ਾਰਟ ਨੇ ਤੇਜ਼ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕੀਤੀ। ਇਹ ਦੋਵੇਂ ਪਹਿਲੇ ਦੋ ਓਵਰਾਂ ‘ਚ ਸਫਲ ਰਹੇ ਪਰ ਇਸ ਸੀਰੀਜ਼ ‘ਚ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਸੂਰਿਆਕੁਮਾਰ ਯਾਦਵ ਨੇ ਤੀਜੇ ਓਵਰ ‘ਚ ਗੇਂਦ ਰਵੀ ਬਿਸ਼ਨੋਈ ਨੂੰ ਸੌਂਪ ਦਿੱਤੀ। ਰਵੀ ਨੇ ਇਸ ਓਵਰ ਦੀ ਪੰਜਵੀਂ ਗੇਂਦ ‘ਤੇ ਸ਼ਾਰਟ (19) ਨੂੰ ਪਵੇਲੀਅਨ ਦਾ ਰਸਤਾ ਦਿਖਾਇਆ। ਪਿਛਲੇ ਮੈਚ ‘ਚ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਜੋਸ਼ ਇੰਗਲਿਸ਼ ਵੀ ਇਸ ਮੈਚ ‘ਚ ਕੁਝ ਖਾਸ ਨਹੀਂ ਕਰ ਸਕੇ। ਪੰਜਵੇਂ ਓਵਰ ਦੀ ਦੂਜੀ ਗੇਂਦ ‘ਤੇ ਰਵੀ ਨੇ ਉਸ ਨੂੰ ਤਿਲਕ ਵਰਮਾ ਹੱਥੋਂ ਕੈਚ ਕਰਵਾ ਕੇ ਪਵੇਲੀਅਨ ਭੇਜ ਦਿੱਤਾ। ਉਸ ਨੇ ਸਿਰਫ਼ ਦੋ ਦੌੜਾਂ ਬਣਾਈਆਂ। ਗਲੇਨ ਮੈਕਸਵੈੱਲ (12) ਭਾਰਤ ਲਈ ਖ਼ਤਰਾ ਹੋ ਸਕਦੇ ਸੀ ਪਰ ਅਕਸ਼ਰ ਪਟੇਲ ਨੇ ਉਨ੍ਹਾਂ ਨੂੰ ਜੈਸਵਾਲ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਵੱਡੀ ਕਾਮਯਾਬੀ ਦਿਵਾਈ। ਪ੍ਰਸਿਧ ਕ੍ਰਿਸ਼ਨਾ ਨੇ ਵੀ ਅੱਠਵੇਂ ਓਵਰ ਦੀ ਦੂਜੀ ਗੇਂਦ ‘ਤੇ ਸਟੀਵ ਸਮਿਥ ਨੂੰ ਪੈਵੇਲੀਅਨ ਭੇਜ ਦਿੱਤਾ। ਸਮਿਥ ਨੇ 19 ਦੌੜਾਂ ਬਣਾਈਆਂ।
ਟਿਮ-ਸਟੋਇਨਿਸ ਭਾਈਵਾਲੀ
ਆਸਟ੍ਰੇਲੀਆ ਨੇ ਸਿਰਫ 58 ਦੌੜਾਂ ‘ਤੇ ਆਪਣੀਆਂ ਚਾਰ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਟਿਮ ਡੇਵਿਡ ਅਤੇ ਮਾਰਕਸ ਸਟੋਇਨਿਸ ਨੇ ਤੂਫਾਨੀ ਤਰੀਕੇ ਨਾਲ ਦੌੜਾਂ ਬਣਾਈਆਂ ਅਤੇ ਪੰਜਵੇਂ ਵਿਕਟ ਲਈ 38 ਗੇਂਦਾਂ ‘ਤੇ 81 ਦੌੜਾਂ ਦੀ ਸਾਂਝੇਦਾਰੀ ਕੀਤੀ। ਰਵੀ ਨੇ ਟਿਮ ਡੇਵਿਡ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸ ਸੱਜੇ ਹੱਥ ਦੇ ਬੱਲੇਬਾਜ਼ ਨੇ 22 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾਈਆਂ। ਮਾਰਕਸ ਸਟੋਇਨਿਸ ਅਰਧ ਸੈਂਕੜੇ ਵੱਲ ਵਧ ਰਹੇ ਸੀ ਪਰ ਪੰਜ ਦੌੜਾਂ ਨਾਲ ਖੁੰਝ ਗਏ। ਮੁਕੇਸ਼ ਕੁਮਾਰ ਨੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਇਆ। ਸਟੋਇਨਿਸ ਨੇ 25 ਗੇਂਦਾਂ ਵਿੱਚ ਦੋ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ। ਇਸ ਤੋਂ ਬਾਅਦ ਪ੍ਰਸਿਧ ਕ੍ਰਿਸ਼ਨਾ ਨੇ 16ਵੇਂ ਓਵਰ ‘ਚ ਸ਼ਾਨ ਐਬੋਟ (1) ਅਤੇ ਨਾਥਨ ਐਲਿਸ (1) ਨੂੰ ਆਊਟ ਕਰਕੇ ਆਸਟ੍ਰੇਲੀਆ ਦੀ ਹਾਰ ‘ਤੇ ਮੋਹਰ ਲਗਾ ਦਿੱਤੀ। ਅਰਸ਼ਦੀਪ ਸਿੰਘ ਨੇ 17ਵੇਂ ਓਵਰ ਦੀ ਆਖਰੀ ਗੇਂਦ ‘ਤੇ ਐਡਮ ਜ਼ਾਂਪਾ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।
ਭਾਰਤ ਦੀ ਜ਼ਬਰਦਸਤ ਸ਼ੁਰੂਆਤ
ਇਸ ਤੋਂ ਪਹਿਲਾਂ ਆਸਟ੍ਰੇਲੀਆਈ ਕਪਤਾਨ ਮੈਥਿਊ ਵੇਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ। ਜੈਸਵਾਲ ਅਤੇ ਰਿਤੁਰਾਜ ਨੇ ਟੀਮ ਨੂੰ ਜ਼ਬਰਦਸਤ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ 77 ਦੌੜਾਂ ਜੋੜੀਆਂ। ਅਰਧ ਸੈਂਕੜਾ ਜੜਨ ਤੋਂ ਬਾਅਦ ਜੈਸਵਾਲ 25 ਗੇਂਦਾਂ ਵਿੱਚ ਨੌਂ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 53 ਦੌੜਾਂ ਬਣਾ ਕੇ ਐਲਿਸ ਦਾ ਸ਼ਿਕਾਰ ਬਣੇ। ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਆਸਟ੍ਰੇਲੀਆਈ ਟੀਮ ਨੂੰ ਰਾਹਤ ਨਹੀਂ ਮਿਲੀ।
ਇਹ ਵੀ ਪੜ੍ਹੋ
ਈਸ਼ਾਨ ਕਿਸ਼ਨ ਨੇ ਆਉਂਦੇ ਹੀ ਤੂਫਾਨ ਖੜ੍ਹਾ ਕਰ ਦਿੱਤਾ ਅਤੇ ਰਿਤੂਰਾਜ ਤੋਂ ਪਹਿਲਾਂ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ। ਉਹ 16ਵੇਂ ਓਵਰ ਦੀ ਦੂਜੀ ਗੇਂਦ ‘ਤੇ ਸਟੋਇਨਿਸ ਦਾ ਸ਼ਿਕਾਰ ਬਣ ਗਏ। ਉਨ੍ਹਾਂ ਨੇ 32 ਗੇਂਦਾਂ ਵਿੱਚ ਤਿੰਨ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਰਿਤੁਰਾਜ ਅਤੇ ਈਸ਼ਾਨ ਵਿਚਾਲੇ 87 ਦੌੜਾਂ ਦੀ ਸਾਂਝੇਦਾਰੀ ਹੋਈ। ਕਪਤਾਨ ਸੂਰਿਆਕੁਮਾਰ 10 ਗੇਂਦਾਂ ਵਿੱਚ 19 ਦੌੜਾਂ ਬਣਾ ਕੇ ਆਊਟ ਹੋ ਗਏ। ਰਿਤੁਰਾਜ ਆਖਰੀ ਓਵਰ ਦੀ ਦੂਜੀ ਗੇਂਦ ‘ਤੇ ਪਵੇਲੀਅਨ ਪਰਤ ਗਏ। ਉਨ੍ਹਾਂ ਨੇ 43 ਗੇਂਦਾਂ ਖੇਡੀਆਂ, ਜਿਨ੍ਹਾਂ ‘ਚੋਂ ਉਸ ਨੇ ਤਿੰਨ ‘ਤੇ ਚੌਕੇ ਤੇ ਦੋ ਛੱਕੇ ਲਾਏ।
ਰਿੰਕੂ ਸਿੰਘ ਦਾ ਤੂਫਾਨ
ਸੂਰਿਆਕੁਮਾਰ ਦੇ ਆਊਟ ਹੋਣ ਤੋਂ ਬਾਅਦ ਆਏ ਰਿੰਕੂ ਸਿੰਘ ਨੇ ਆਉਂਦੇ ਹੀ ਤੂਫਾਨੀ ਤਰੀਕੇ ਨਾਲ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਇਸ ਮੈਚ ਵਿੱਚ ਸਿਰਫ਼ ਨੌਂ ਗੇਂਦਾਂ ਦਾ ਸਾਹਮਣਾ ਕੀਤਾ ਅਤੇ ਚਾਰ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ ਨਾਬਾਦ 31 ਦੌੜਾਂ ਬਣਾਈਆਂ। ਉਨ੍ਹਾ ਦੇ ਨਾਲ ਤਿਲਕ ਵਰਮਾ ਦੋ ਗੇਂਦਾਂ ‘ਤੇ ਸੱਤ ਦੌੜਾਂ ਬਣਾ ਕੇ ਨਾਬਾਦ ਰਹੇ। ਆਸਟ੍ਰੇਲੀਆ ਲਈ ਨਾਥਨ ਐਲਿਸ ਨੇ ਤਿੰਨ ਵਿਕਟਾਂ ਲਈਆਂ।