ਸੈਲਫ਼ੀ ਲੈਣ ਤੋਂ ਇਨਕਾਰ ਮਗਰੋਂ ਕ੍ਰਿਕੇਟਰ ਪ੍ਰਿਥਵੀ ਸ਼ਾਅ ਦੀ ਕਾਰ ਨਾਲ ਭੰਨ-ਤੋੜ
ਹਮਲਾ ਕਰਨ ਅਤੇ ਫ਼ਿਰੌਤੀ ਵਸੂਲੀ ਦੀ ਧਾਰਾਵਾਂ ਹੇਠ ਮਹਿਲਾ ਸਮੇਤ 8 ਮੁਲਜ਼ਮਾਂ ਤੇ ਮਾਮਲਾ ਦਰਜ, ਵਾਰਦਾਤ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ
ਮੁੰਬਈ : ਭਾਰਤੀ ਕ੍ਰਿਕੇਟਰ ਪ੍ਰਿਥਵੀ ਸ਼ਾਅ ਦੀ ਕਾਰ ‘ਤੇ ਇੱਕ ਵਿਅਕਤੀ ਨੇ ਬੇਸਬਾਲ ਬੈਟ ਮਾਰ ਕੇ ਓਦੋਂ ਭੰਨ-ਤੋੜ ਕੀਤੀ ਜਦੋਂ ਸ਼ਾਅ ਬੁੱਧਵਾਰ ਤੜਕੇ ਮੁੰਬਈ ਦੇ ਸਾਂਤਾਕ੍ਰੂਜ਼ ਸਥਿਤ ਇੱਕ ਲਗਜ਼ਰੀ ਹੋਟਲ ਚੋਂ ਖਾਣਾ ਖਾ ਕੇ ਬਾਹਰ ਨਿੱਕਲੇ ਸਨ। ਉਸ ਤੋਂ ਪਹਿਲਾਂ ਹੋਟਲ ਦੇ ਬਾਹਰ ਸੈਲਫ਼ੀ ਲੈਣ ਦੀ ਜਿੱਦ ਕਰ ਰਹੇ ਇੱਕ ਵਿਅਕਤੀ ਦੀ ਸ਼ਾਅ ਨਾਲ ਕੁੱਝ ਬਹਿਸ ਹੋਈ ਸੀ। ਇਹ ਜਾਣਕਾਰੀ ਮੁੰਬਈ ਪੁਲਿਸ ਦੇ ਆਲਾ ਅਧਿਕਾਰੀਆਂ ਵੱਲੋਂ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਇੱਕ ਮੁਲਜ਼ਮ ਮਹਿਲਾ ਸਮੇਤ 8 ਹਮਲਾਵਰ ਮੁਲਜ਼ਮਾਂ ਦੇ ਖ਼ਿਲਾਫ਼ ਸ਼ਾਅ ਦੀ ਕਾਰ ਨਾਲ ਭੰਨ-ਤੋੜ ਕਰਨ ਅਤੇ ਫ਼ਿਰੌਤੀ ਵਸੂਲੀ ਦੇ ਇਲਜ਼ਾਮ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
ਇਹ ਹੈ ਮਾਮਲਾ :
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਦੀ ਕਾਰ ਉੱਤੇ ਹਮਲਾ ਉਸ ਵੇਲੇ ਕੀਤਾ ਗਿਆ’ ਜਦੋਂ ਸ਼ਾਅ ਆਪਣੇ ਕਾਰੋਬਾਰੀ ਦੋਸਤ ਆਸ਼ੀਸ਼ ਯਾਦਵ ਨਾਲ ਸਾਂਤਾਕ੍ਰੂਜ਼ ਦੇ ਘਰੇਲੂ ਹਵਾਈ ਅੱਡੇ ਦੇ ਨੇੜੇ ਹੋਟਲ ‘ਚ ਖਾਣਾ ਖਾਣ ਜਾ ਰਹੇ ਸੀ। ਸ਼ਾਅ ਅਤੇ ਆਸ਼ੀਸ਼ ਇੱਕ ਫਲੈਟ ‘ਚ ਤਿੰਨ ਸਾਲਾਂ ਤੋਂ ਇਕੱਠੇ ਰਹਿੰਦੇ ਹਨ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਦੇ ਮੁਤਾਬਕ, ਹੋਟਲ ਦੇ ਬਾਹਰ ਇੱਕ ਅਣਜਾਣ ਵਿਅਕਤੀ ਸ਼ਾ ਦੇ ਨਾਲ ਸੈਲਫ਼ੀ ਖਿੱਚਵਾਉਣ ਲਈ ਅੱਗੇ ਆਇਆ ਸੀ। ਪਹਿਲਾਂ ਤਾਂ ਸ਼ਾਅ ਨੇ ਉਸ ਨੂੰ ਇਨਕਾਰ ਨਹੀਂ ਸੀ ਕੀਤਾ ਪਰ ਉਹ ਵਿਅਕਤੀ ਬਾਰ-ਬਾਰ ਸੈਲਫ਼ੀ ਲੈਣ ਦੀ ਜਿੱਦ ਕਰਨ ਲੱਗਦਾ ਹੈ, ਤਾਂ ਕ੍ਰਿਕੇਟਰ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੰਦੇ ਹਨ। ਫ਼ਿਰ ਮੁਲਜ਼ਮ ਸ਼ਾਅ ਦੇ ਨਾਲ ਬਹਿਸ ਕਰਨ ਲੱਗਦਾ ਹੈ ਅਤੇ ਬਦਤਮੀਜ਼ੀ ਤੇ ਉਤਾਰੂ ਹੋ ਜਾਂਦਾ ਹੈ। ਹੋਟਲ ਮਨੇਜਰ ਉਸ ਅਣਜਾਣ ਵਿਅਕਤੀ ਨੂੰ ਉਥੋਂ ਚਲੇ ਜਾਣ ਲਈ ਕਹਿੰਦੇ ਹਨ।ਇਸ ਤੋਂ ਬਾਅਦ ਸ਼ਾਅ ਆਪਣੇ ਦੋਸਤ ਨਾਲ ਅੰਦਰ ਚਲੇ ਜਾਂਦੇ ਹਨ ਅਤੇ ਜਦੋਂ ਖਾਣਾ ਖਾ ਕੇ ਬਾਹਰ ਆਉਂਦੇ ਹਨ ਤਾਂ ਉੱਥੇ ਓਹੀ ਮੁਲਜ਼ਮ ਬੇਸਬਾਲ ਬੈਟ ਲੈ ਕੇ ਖੜਿਆ ਨਜ਼ਰ ਆਉਂਦਾ ਹੈ। ਸ਼ਾਅ ਦੋਸਤ ਨਾਲ ਜਾ ਕੇ ਆਪਣੀ ਕਾਰ ‘ਚ ਬੈਠ ਜਾਂਦੇ ਹਨ ਤਾਂ ਮੁਲਜਮ ਬੇਸਬਾਲ ਬੈਟ ਦੇ ਨਾਲ ਉਹਨਾਂ ਦੀ ਕਾਰ ਦਾ ਸ਼ੀਸ਼ਾ ਭੰਨ ਦਿੰਦਾ ਹੈ
ਲਗਾਤਾਰ ਪਿੱਛਾ ਕਰਦੇ ਰਹੇ ਮੁਲਜ਼ਮ :
ਖਤਰੇ ਨੂੰ ਵੇਖਦੇ ਹੋਏ ਉਹਨਾਂ ਦੇ ਦੋਸਤ ਸ਼ਾਅ ਨੂੰ ਇੱਕ ਹੋਰ ਕਾਰ ‘ਚ ਬਿਠਾ ਕੇ ਓਸ਼ੀਵਾੜਾ ਵੱਲ ਲੈ ਜਾਂਦੇ ਹਨ, ਪਰ ਰਸਤੇ ਵਿੱਚ ਤਿੰਨ ਮੋਟਰ ਸਾਈਕਲਾਂ ਅਤੇ ਸਫ਼ੇਦ ਰੰਗ ਦੀ ਇੱਕ ਕਾਰ ਉਨ੍ਹਾਂ ਦਾ ਲਗਾਤਾਰ ਪਿੱਛਾ ਕਰਦੀ ਰਹਿੰਦੀਆਂ ਹਨ, ਅਤੇ ਉਥੇ ਲਿੰਕ ਰੋਡ ‘ਤੇ ਪੇਟ੍ਰੋਲ ਪੰਪ ਨੇੜੇ ਯੂ-ਟਰਨ ਲੈਣ ਵੇਲ਼ੇ ਪਿੱਛੋਂ ਆ ਰਿਹਾ ਇੱਕ ਹਮਲਾਵਰ ਬੇਸਬਾਲ ਬੈਟ ਮਾਰ ਕੇ ਕਾਰ ਦਾ ਸ਼ੀਸ਼ਾ ਭੰਨ ਦਿੰਦਾ ਹੈ।
ਮਹਿਲਾ ਨੇ ਮੰਗੇ ਸੀ 50,000 ਰੁਪਏ :
ਦੱਸਿਆ ਜਾਂਦਾ ਹੈ ਕਿ ਇਹਨਾਂ ਮੁਲਜ਼ਮਾਂ ਦੀ ਟੋਲੀ ਵਿੱਚ ਸ਼ਾਮਲ ਇੱਕ ਮਹਿਲਾ ਮੁਲਜ਼ਮ ਸ਼ਾਅ ਨਾਲ ਬਹਿਸ ਸ਼ੁਰੂ ਕਰ ਦਿੰਦੀ ਹੈ ਅਤੇ ਉਹਨਾਂ ਨੂੰ ਮਾਮਲਾ ਰਫ਼ਾ ਦਫ਼ਾ ਕਰਨ ਦੇ ਬਦਲੇ 50 ਹਜ਼ਾਰ ਰੁਪਏ ਮੰਗਦੀ ਹੈ ਅਤੇ ਧਮਕੀ ਦਿੰਦੀ ਹੈ ਕਿ ਉਹ ਪੁਲਿਸ ਥਾਣੇ ਵਿੱਚ ਉਨ੍ਹਾਂ ਦੇ ਖਿਲਾਫ਼ ਝੂਠਾ ਮਾਮਲਾ ਦਰਜ ਕਰਾਵੇਗੀ।