9 ਸਾਲਾਂ ਤੋਂ ਸਰਕਾਰੀ ਮਦਦ ਦੀ ਉਡੀਕ ‘ਚ ਗੁੰਮਨਾਮ ਨੇਤਰਹੀਣ ਕ੍ਰਿਕਟਰ ਤਜਿੰਦਰ ਪਾਲ ਸਿੰਘ

Updated On: 

08 Feb 2023 12:01 PM

ਗੁੰਮਨਾਮ ਅੰਤਰਰਾਸ਼ਟਰੀ ਨੇਤਰਹੀਣ ਕ੍ਰਿਕਟਰ ਪੰਜਾਬ ਦੀ ਮਾਨ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਤਜਿੰਦਰ ਸਿੰਘ ਨੇ ਦੱਸਿਆ ਕਿ 2014 'ਚ ਹੋਏ ਵਲਡ ਕੱਪ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ।

9 ਸਾਲਾਂ ਤੋਂ ਸਰਕਾਰੀ ਮਦਦ ਦੀ ਉਡੀਕ ਚ ਗੁੰਮਨਾਮ ਨੇਤਰਹੀਣ ਕ੍ਰਿਕਟਰ ਤਜਿੰਦਰ ਪਾਲ ਸਿੰਘ
Follow Us On

ਭਾਰਤ ‘ਚ ਕ੍ਰਿਕਟਰਾਂ ਬਹੁਤ ਮਾਣ-ਸਤਿਕਾਰ ਵੀ ਦਿੱਤਾ ਜਾਂਦਾ ਹੈ । ਕੁਝ ਕ੍ਰਿਕਟਰ ਅਜਿਹੇ ਵੀ ਹਨ ਜੋ ਸਰੀਰਿਕ ਤੌਰ ਤੇ ਅਸਮਰੱਥ ਹੋਣ ਦੇ ਬਾਵਜੂਦ ਵੀ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਂ ਰੌਸ਼ਨ ਕਰ ਰਹੇ ਹਨ। ਪਰ ਫਿਰ ਵੀ ਇਨ੍ਹਾਂ ਦੀ ਮਦਦ ਲਈ ਸਰਕਾਰ ਸਰਕਾਰਾਂ ਵੱਲੋਂ ਮਦਦ ਦੇ ਹੱਥ ਨਹੀਂ ਵਧਾਏ ਜਾਂਦੇ। ਅਜਿਹਾ ਹੀ ਇੱਕ ਖਿਡਾਰੀ ਹੈ ਜਲੰਧਰ ਦਾ ਇੱਕ ਨੇਤਰਹੀਣ ਕ੍ਰਿਕਟਰ ਤਜਿੰਦਰ ਪਾਲ ਸਿੰਘ, ਜੋ ਨੇਤਰਹੀਣ ਕ੍ਰਿਕਟ ਵਿੱਚ ਪੰਜਾਬ ਦੀ ਟੀਮ ਦਾ ਇੱਕੋ ਇੱਕ ਖਿਡਾਰੀ ਹੈ ਅਤੇ ਉਹ ਭਾਰਤ ਲਈ ਵਿਸ਼ਵ ਕੱਪ ਤੱਕ ਖੇਡ ਚੁੱਕਾ ਹੈ ਪਰ ਫਿਰ ਵੀ ਸਰਕਾਰ ਵੱਲੋਂ ਉਸ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ।

ਸਰਕਾਰ ਨੇ ਨਹੀਂ ਕੀਤੀ ਮਦਦ

ਤਜਿੰਦਰ ਪਾਲ ਨੇ ਦੱਸਿਆ 2014 ਵਿੱਚ ਸਾਊਥ ਅਫਰੀਕਾ ਦੇ ਕੇਪਟਾਊਨ ਵਿੱਖੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਰਲਡ ਕੱਪ ਦਾ ਫਾਈਨਲ ਮੈਚ ਹੋਇਆ ਸੀ ਉਸ ਮੈਚ ਵਿਚ ਭਾਰਤ ਦੀ ਜਿੱਤ ਹੋਈ ਸੀ । ਉਸ ਵੇਲ੍ਹੇ ਉਸ ਨੇ ਪਾਕਿਸਤਾਨ ਦੇ ਖਿਲਾਫ ਦੋ ਵਿਕਟਾਂ ਲਈਆਂ ਸਨ ਤੇ ਨਾਲ ਹੀ ਚੰਗਾ ਸਕੋਰ ਵੀ ਕੀਤਾ ਸੀ । ਜਦੋਂ ਉਹ ਭਾਰਤ ਵਾਪਸ ਆਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਕੇਂਦਰ ਸਰਕਾਰ ਵੱਲੋਂ ਸਾਰੇ ਖਿਡਾਰੀਆਂ ਨੂੰ ਵਰਲਡ ਕੱਪ ਜਿੱਤਣ ਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਸੂਬਿਆਂ ਦੀ ਸਰਕਾਰ ਨੂੰ ਇਕ ਪੱਤਰ ਜਾਰੀ ਕਰਕੇ ਸਪੋਰਟਸ ਕੋਟੇ ਵਿਚ ਸਰਕਾਰੀ ਨੌਕਰੀ ਦੇਣ ਲਈ ਕਿਹਾ ਗਿਆ ਸੀ । ਤਜਿੰਦਰ ਪਾਲ ਨੇ ਕਿਹਾ ਬਾਕੀ ਸੂਬਿਆਂ ਦੀ ਸਰਕਾਰਾਂ ਨੇ ਖਿਡਾਰੀਆਂ ਨੂੰ ਚੰਗੀ ਪੋਸਟ ਉੱਤੇ ਸਪੋਰਟਸ ਕੋਟੇ ਵਿੱਚ ਨੌਕਰੀ ਦੇ ਦਿੱਤੀ ਹੈ ਪਰ ਪੰਜਾਬ ਉਹ ਹਾਲੇ ਤੱਕ ਨੌਕਰੀ ਦੀ ਇੰਤਜਾਰ ਹੀ ਕਰ ਰਿਹਾ ਹੈ

ਟੀਵੀ9 ਨੂੰ ਸੁਣਾਈ ਆਪਬੀਤੀ

ਇਸ ਸਬੰਧੀ ਤਜਿੰਦਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਸਿਰਫ਼ 8 ਸਾਲ ਦਾ ਸੀ ਜਦੋਂ ਉਸ ਦੀ ਇੱਕ ਦੁਰਘਟਨਾ ਕਾਰਨ ਆਪਣੀ ਅੱਖਾਂ ਚਲੀਆ ਗਈਆ। ਪਰ ਖੇਡਣ ਦਾ ਜਨੂੰਨ ਸੀ ਜਿਸ ਨੂੰ ਉਹ ਹਾਰਿਆ ਨਹੀਂ, ਜਿਸ ਦੇ ਆਧਾਰ ‘ਤੇ ਉਹ ਦੇਹਰਾਦੂਨ ਗਿਆ ਜਿੱਥੇ ਉਸ ਨੇ ਬਲਾਈਂਡ ਕ੍ਰਿਕਟ ਖੇਡਣਾ ਸਿੱਖਿਆ ਅਤੇ ਇਹ ਸਿੱਖਿਆ ਕਿ ਕਿਸ ਤਰ੍ਹਾਂ ਨੇਤਰਹੀਣ ਕ੍ਰਿਕਟ ‘ਚ ਵੀ ਪੂਰੀ ਤਰ੍ਹਾਂ ਨਾਲ ਆਵਾਜ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਉਨ੍ਹਾਂ ਅੱਗੇ ਗੱਲ ਕਰਦਿਆਂ ਕਿਹਾ ਕਿ ਇਹ ਆਮ ਕ੍ਰਿਕਟ ਵਾਂਗ ਹੈ ਪਰ ਇਸ ਵਿੱਚ ਅੰਡਰ ਆਰਮ ਗੇਂਦਬਾਜ਼ੀ ਕੀਤੀ ਜਾਂਦੀ ਹੈ ਅਤੇ ਖਿਡਾਰੀਆਂ ਦੇ 3 ਪੜਾਅ ਹੁੰਦੇ ਹਨ। ਕਿਸੇ ਖਿਡਾਰੀ ਦਾ ਜਿਸ ਤਰ੍ਹਾਂ ਦਾ ਦ੍ਰਿਸ਼ਟੀਕੋਣ ਹੁੰਦਾ ਹੈ, ਉਸ ਪੜਾਅ ‘ਤੇ ਉਨ੍ਹਾਂ ਨੇ ਕ੍ਰਿਕਟ ਖੇਡੀ ਹੈ। ਜੇਕਰ ਅਸੀਂ ਕ੍ਰਿਕਟ ਦੇ ਨਿਯਮਾਂ ਦੀ ਗੱਲ ਕਰੀਏ ਤਾਂ ਇਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਥੋੜਾ ਵੱਖਰਾ ਹੈ, ਪਰ ਇਸ ਵਿੱਚ ਵੀ ਉਹ ਉਸੇ ਤਰ੍ਹਾਂ ਅਭਿਆਸ ਕਰਦਾ ਹੈ ਅਤੇ ਸਖ਼ਤ ਮਿਹਨਤ ਕਰਦਾ ਹੈ।

ਸਰਕਾਰੀ ਮਦਦ ਦਾ ਹਾਲੇ ਵੀ ਹੈ ਇੰਤਜਾਰ

ਆਪਣੇ ਘਰ ਦੀ ਹਾਲਤ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਅਜੇ ਤੱਕ ਕੋਈ ਮਦਦ ਨਹੀਂ ਕੀਤੀ ਗਈ, ਜਦੋਂ ਵੀ ਉਹ ਆਪਣੀ ਫਾਈਲ ਲੈ ਕੇ ਸਰਕਾਰ ਕੋਲ ਗਏ ਹਨ ਤਾਂ ਉਨ੍ਹਾਂ ਨੂੰ ਕਿਸੇ ਨਾ ਕਿਸੇ ਬਹਾਨੇ ਵਾਪਸ ਭੇਜ ਦਿੱਤਾ ਗਿਆ ਹੈ। ਹੁਣ ਉਹ ਰੋਜ਼ੀ-ਰੋਟੀ ਕਮਾਉਣ ਲਈ ਛੋਟਾ-ਮੋਟਾ ਕੰਮ ਕਰ ਰਿਹਾ ਹੈ। ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਨਾਲ ਹੋਰ ਰਾਜਾਂ ਦੇ ਖਿਡਾਰੀ ਵੀ ਹਨ, ਉਨ੍ਹਾਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਜਾਂ ਤਾਂ ਨੌਕਰੀਆਂ ਜਾਂ ਪੈਸੇ ਦਿੱਤੇ ਹਨ ਤਾਂ ਜੋ ਉਹ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਅਤੇ ਇਸ ਤਰ੍ਹਾਂ ਦੇਸ਼ ਦਾ ਨਾਂ ਰੌਸ਼ਨ ਕਰ ਸਕਣ, ਪਰ ਪੰਜਾਬ ਸਰਕਾਰ ਨੇ ਅਜਿਹਾ ਨਹੀਂ ਕੀਤਾ। ਹੁਣ ਤੱਕ ਕੋਈ ਵੀ ਮਦਦ ਪ੍ਰਦਾਨ ਨਹੀਂ ਕੀਤੀ ਹੈ। ਅੰਤ ਵਿੱਚ ਉਨ੍ਹਾਂ ਸਰਕਾਰ ਨੂੰ ਗੁਹਾਰ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਜਲੰਧਰ ਵਿੱਚ ਸਪੋਰਟਸ ਇੰਡਸਟਰੀ ਬਣਾਉਣ ਦੀ ਗੱਲ ਕਰ ਰਹੀ ਹੈ ਪਰ ਪਹਿਲਾਂ ਉਨ੍ਹਾਂ ਖਿਡਾਰੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਦੇਸ਼ ਦੀ ਸੇਵਾ ਕਰ ਰਹੇ ਹਨ ਅਤੇ ਨਾਮਣਾ ਖੱਟ ਚੁੱਕੇ ਹਨ।