ਪ੍ਰੀਖਿਆ ‘ਚ ਜਾਣ ਤੋਂ ਰੋਕੇ ਜਾਣ ‘ਤੇ SGPC ਨੇ ਕੀਤੀ ਕਾਰਵਾਈ ਦੀ ਮੰਗ, ਕਰਤਾਰਪੁਰ ਲਾਂਘੇ ਦਾ ਚੁੱਕਿਆ ਮੁੱਦਾ

Updated On: 

28 Jul 2025 19:36 PM IST

SGPC Meeting Update: ਮੀਟਿੰਗ ਤੋਂ ਬਾਅਦ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਈ ਗੰਭੀਰ ਮੁੱਦਿਆਂ 'ਤੇ ਆਪਣੇ ਵਿਚਾਰ ਰੱਖੇ। ਕਮੇਟੀ ਨੇ ਰਾਜਸਥਾਨ 'ਚ ਦੀ ਘਟਨਾ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਹਨ, ਜਿੱਥੇ ਸਿੱਖ ਵਿਦਿਆਰਥਣ ਨੂੰ ਕੇਵਲ ਕਕਾਰ ਪਹਿਨਣ ਕਰਕੇ ਜੁਡੀਸ਼ਰੀ ਦੇ ਪੇਪਰ ਤੋਂ ਰੋਕਿਆ ਗਿਆ ਸੀ।

ਪ੍ਰੀਖਿਆ ਚ ਜਾਣ ਤੋਂ ਰੋਕੇ ਜਾਣ ਤੇ SGPC ਨੇ ਕੀਤੀ ਕਾਰਵਾਈ ਦੀ ਮੰਗ, ਕਰਤਾਰਪੁਰ ਲਾਂਘੇ ਦਾ ਚੁੱਕਿਆ ਮੁੱਦਾ
Follow Us On

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਗ ਕਮੇਟੀ ਦੀ ਅਹਿਮ ਮੀਟਿੰਗ ਅੱਜ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਹੋਈ। ਰਾਜਸਥਾਨ ਚ ਇੱਕ ਵਿਦਿਆਰਥਣ ਨੂੰ ਇਸ ਲਈ ਪ੍ਰੀਖਿਆ ਚ ਨਹੀਂ ਜਾਣ ਦਿੱਤਾ ਗਿਆ ਸੀ ਕਿਉਂਕੀ ਉਸ ਨੇ ਹੱਥ ਚ ਕੜਾ ਪਾਇਆ ਹੋਇਆ ਸੀ।

ਮੀਟਿੰਗ ਤੋਂ ਬਾਅਦ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਈ ਗੰਭੀਰ ਮੁੱਦਿਆਂ ‘ਤੇ ਆਪਣੇ ਵਿਚਾਰ ਰੱਖੇ। ਕਮੇਟੀ ਨੇ ਰਾਜਸਥਾਨ ‘ਚ ਦੀ ਘਟਨਾ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਹਨ, ਜਿੱਥੇ ਸਿੱਖ ਵਿਦਿਆਰਥਣ ਨੂੰ ਕੇਵਲ ਕਕਾਰ ਪਹਿਨਣ ਕਰਕੇ ਜੁਡੀਸ਼ਰੀ ਦੇ ਪੇਪਰ ਤੋਂ ਰੋਕਿਆ ਗਿਆ ਸੀ। SGPC ਵੱਲੋਂ ਰਾਜਸਥਾਨ ਸਰਕਾਰ ਨੂੰ ਇਸ ਮਾਮਲੇ ‘ਚ ਈਮੇਲ ਰਾਹੀਂ ਸ਼ਿਕਾਇਤ ਭੇਜਣ ਦਾ ਐਲਾਨ ਕੀਤਾ ਗਿਆ ਹੈ। SGPC ਮੁਖੀ ਨੇ ਕਿਹਾ ਕਿ ਇਹ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ ਤੇ ਸਿੱਖ ਨੌਜਵਾਨਾਂ ਨਾਲ ਹੋ ਰਹੇ ਭੇਦਭਾਵ ਨੂੰ SGPC ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ।

ਐਡਵੋਕੇਟ ਧਾਮੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਈ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਜਾਂ ਉਨ੍ਹਾਂ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲਣ ਸਬੰਧੀ ਐਲਾਨ ਕੀਤੇ ਸਨ, ਪਰ ਅਜੇ ਤੱਕ ਉਨ੍ਹਾਂ ਉੱਤੇ ਕੋਈ ਅਮਲ ਨਹੀਂ ਕੀਤਾ ਗਿਆ। SGPC ਨੇ ਮੁੜ ਮੰਗ ਕੀਤੀ ਹੈ ਕਿ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਗੁਰਪੁਰਬ ਮੌਕੇ ਇਹ ਵਾਅਦੇ ਪੂਰੇ ਕਰਕੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ।

ਪ੍ਰਧਾਨ ਧਾਮੀ ਨੇ ਸੂਬਾ ਸਰਕਾਰ ਵੱਲੋਂ ਸ੍ਰੀਨਗਰ ਵਿੱਚ ਮਰਿਆਦਾ ਦੀ ਉਲੰਘਣਾ ਦੀ ਨਿਖੇਧੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਕਿ ਉਨ੍ਹਾਂ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਮਰਿਆਦਾ ਦੀ ਉਲੰਘਣਾ ਕਰ ਰਹੇ ਹਨ। ਇਸ ਦੇ ਨਾਲ ਹੀ SGPC ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਕਿ ਹੁਣ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸ੍ਰੀ ਦਰਬਾਰ ਸਾਹਿਬ ਤੋਂ ਰੋਜ਼ਾਨਾ ਲੰਗਰ ਭੇਜਿਆ ਜਾਵੇਗਾ। ਇਹ ਫੈਸਲਾ ਸੇਵਾ ਦੇ ਮੂਲ ਉਦੇਸ਼ ਨੂੰ ਪ੍ਰਗਟਾਉਂਦਾ ਹੈ।

ਲਾਂਘੇ ਦੀ ਪ੍ਰੀਕ੍ਰਿਆ ਨੂੰ ਬਣਾਇਆ ਜਾਵੇ ਸਰਲ: SGPC

SGPC ਵੱਲੋਂ ਕਰਤਾਰਪੁਰ ਲਾਂਘੇ ਦੀ ਪ੍ਰੀਕ੍ਰਿਆ ਨੂੰ ਸਰਲ ਬਣਾਉਣ, 20 ਡਾਲਰ ਦੀ ਫੀਸ ਖਤਮ ਕਰਨ ਅਤੇ ਪਾਸਪੋਰਟ ਦੀ ਥਾਂ ਆਧਾਰ ਕਾਰਡ ਨੂੰ ਪਛਾਣ ਪੱਤਰ ਵਜੋਂ ਮਨਣ ਦੀ ਮੰਗ ਕੀਤੀ ਗਈ। ਇਹ ਮੰਗ ਸਿੱਖ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ। ਫਤਹਿਗੜ੍ਹ ਸਾਹਿਬ ਵਿਖੇ SGPC ਵੱਲੋਂ ਜਥੇਦਾਰ ਗਿਆਨੀ ਜਗਤਾਰ ਸਿੰਘ ਟੌਹੜਾ ਦੇ ਨਾਮ ‘ਤੇ ਇੱਕ ਅਕੈਡਮੀ ਸਥਾਪਤ ਕੀਤੀ ਗਈ ਹੈ, ਜਿਥੇ ਸਿੱਖ ਬੱਚਿਆਂ ਨੂੰ UPSC ਅਤੇ ਹੋਰ ਮੁੱਖ ਟੈਸਟਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ।

ਇਸ ਸਾਲ 1200 ਬੱਚਿਆਂ ਵਿੱਚੋਂ 600 ਚੁਣੇ ਗਏ ਹਨ ਜੋ ਅਕੈਡਮੀ ‘ਚ ਤਿਆਰੀ ਕਰ ਰਹੇ ਹਨ। ਹਜੂਰ ਸਾਹਿਬ ਵੱਲੋਂ ਮੰਗ ਕੀਤੇ ਜਾਣ ਉਪਰੰਤ SGPC ਵੱਲੋਂ ਉੱਥੇ 200 ਸਰੂਪ ਭੇਜਣ ਦੀ ਵੀ ਗੱਲ ਕੀਤੀ ਗਈ। ਨਾਲ ਹੀ, ਦੇਸ਼ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸ਼ਤਾਬਦੀ ਸਮਾਗਮਾਂ ਲਈ ਸੱਦੇ ਭੇਜੇ ਜਾਣਗੇ।

ਇਸ ਮੌਕੇ SGPC ਨੇ ਇੱਕ ਹੋਰ ਗੰਭੀਰ ਮੁੱਦਾ ਵੀ ਚੁੱਕਿਆ ਕਿ SGPC ਅਹੁਦੇਦਾਰਾਂ ਨੂੰ ਧਮਕੀ ਭਰੀਆਂ ਈਮੇਲਾਂ ਮਿਲ ਰਹੀਆਂ ਹਨ। ਧਾਮੀ ਨੇ ਦੱਸਿਆ ਕਿ ਹੁਣ ਤੱਕ 12 ਤੋਂ ਵੱਧ ਈਮੇਲਾਂ ਮਿਲ ਚੁੱਕੀਆਂ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਸੁਰੱਖਿਆ ਸੰਬੰਧੀ ਜਿੰਮੇਵਾਰ ਐਜੰਸੀਆਂ ਤੋਂ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ।