ਜਾਣੋ ਸਿਰਪਾਓ ਦਾ ਇਤਿਹਾਸ, ਰਾਹੁਲ ਗਾਂਧੀ ਨੂੰ ਭੇਟ ਕਰਨ ਤੇ ਕਿਉਂ ਉੱਠੀ SGPC ਅੰਦਰੋਂ ਹੀ ਵਿਰੋਧ ਦੀ ਅਵਾਜ਼ ?

Updated On: 

19 Sep 2025 11:23 AM IST

ਸਿਰਪਾਓ ਸਿੱਖ ਪੰਥ ਵਿੱਚ ਇੱਕ ਵੱਡਾ ਸਨਮਾਨ ਹੈ। ਇਹ ਕਿਸੇ ਧਾਰਮਿਕ ਕਾਰਜ ਜਾਂ ਕੋਈ ਵੱਡੀ ਸੇਵਾ ਕਰਨ ਵਾਲੇ ਗੁਰਸਿੱਖ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਿੱਤਾ ਜਾਂਦਾ ਹੈ। ਹਾਲਾਂਕਿ ਕੁੱਝ ਇਤਿਹਾਸਕਾਰ ਮੰਨਦੇ ਹਨ ਕਿ ਸਿਰਪਾਓ ਦੇਣ ਦੀ ਸ਼ੁਰੂਆਤ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਹੋ ਗਈ ਸੀ। ਪੰਜਵੇਂ ਪਾਤਸ਼ਾਹ ਸ਼੍ਰੀ ਅਰਜੁਨ ਦੇਵ ਜੀ ਸਮੇਂ ਗੁਰਸਿੱਖਾਂ ਨੂੰ ਸਿਰਪਾਓ ਦਿੱਤਾ ਜਾਂਦਾ ਸੀ।

ਜਾਣੋ ਸਿਰਪਾਓ ਦਾ ਇਤਿਹਾਸ, ਰਾਹੁਲ ਗਾਂਧੀ ਨੂੰ ਭੇਟ ਕਰਨ ਤੇ ਕਿਉਂ ਉੱਠੀ SGPC ਅੰਦਰੋਂ ਹੀ ਵਿਰੋਧ ਦੀ ਅਵਾਜ਼ ?
Follow Us On

ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀਧਿਰ ਦੇ ਆਗੂ ਰਾਹੁਲ ਗਾਂਧੀ ਪਿਛਲੇ ਦਿਨੀਂ ਪੰਜਾਬ ਦੀ ਫੇਰੀ ਤੇ ਆਏ ਸਨ। ਜਿਸ ਦੌਰਾਨ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਵੀ ਕੀਤੀ। ਇਸ ਦੌਰਾਨ ਹੀ ਰਾਹੁਲ ਗਾਂਧੀ ਅੰਮ੍ਰਿਤਸਰ ਦੇ ਕਸਬਾ ਰਮਦਾਸ ਸਥਿਤ ਗੁਰਦੁਆਰਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਏ ਜਿਸ ਮਗਰੋਂ ਉੱਥੇ ਮੌਜੂਦ ਸੇਵਾਦਾਰਾਂ ਵੱਲੋਂ ਰਾਹੁਲ ਗਾਂਧੀ ਨੂੰ ਸਿਰਪਾਓ ਦੇਕੇ ਸਨਮਾਨ ਦਿੱਤਾ ਗਿਆ। ਜਿਸ ਦੀਆਂ ਵੀਡੀਓ ਸ਼ੋਸਲ ਮੀਡੀਆ ਉੱਪਰ ਵਾਇਰਲ ਹੋ ਗਈਆਂ। ਇਹਨਾਂ ਵੀਡੀਓਜ਼ ਦੇ ਵਾਇਰਲ ਹੋਣ ਤੋਂ ਬਾਅਦ ਸਿਆਸੀ ਤੌਰ ਤੇ ਇਸ ਦਾ ਕਾਫੀ ਵਿਰੋਧ ਹੋਇਆ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਮਾਮਲੇ ਦੀ ਜਾਂਚ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ।

ਇਸ ਕਮੇਟੀ ਵੱਲੋਂ ਜਾਂਚ ਪੂਰੀ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਨੇ ਸਿਰਪਾਓ ਦੇ ਵਾਲੇ ਪ੍ਰਬੰਧਕਾਂ ਤੇ ਕਾਰਵਾਈ ਕਰ ਦਿੱਤੀ। ਇਸ ਕਾਰਵਾਈ ਦਾ ਵੀ ਕਾਫੀ ਵਿਰੋਧ ਹੋਇਆ। ਖਾਸ ਕਰਕੇ ਕਾਂਗਰਸੀ ਆਗੂਆਂ ਚਾਹੇ ਰਾਜਾ ਵੜਿੰਗ ਹੋਣ ਜਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਰਿਆਂ ਨੇ ਇਸ ਕਾਰਵਾਈ ਨੂੰ ਗਲਤ ਦੱਸਿਆ। ਐਨਾ ਹੀ ਨਹੀਂ ਸ਼੍ਰੋਮਣੀ ਕਮੇਟੀ ਦੀ ਮੈਂਬਰ ਇੱਕ ਮੈਂਬਰ ਬੀਬੀ ਕਿਰਨਜੀਤ ਕੌਰ ਨੇ ਵੀ ਰਾਹੁਲ ਗਾਂਧੀ ਦੇ ਹੱਕ ਵਿੱਚ ਅਵਾਜ਼ ਉਠਾਈ। ਇਸ ਸਭ ਵਿਚਾਲੇ ਆਓ ਜਾਣਦੇ ਹਾਂ ਕਿ ਸਿਰਪਾਓ ਦੇਣ ਦਾ ਇਤਿਹਾਸ, ਸ਼੍ਰੋਮਣੀ ਕਮੇਟੀ ਦਾ ਤਰਕ ਅਤੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਦਾ ਵਿਰੋਧ ਕਰਨ ਵਾਲਿਆਂ ਦਾ ਤਰਕ।

ਸਿਰਪਾਓ ਦੇਣ ਦਾ ਇਤਿਹਾਸ

ਸਿਰਪਾਓ ਸਿੱਖ ਪੰਥ ਵਿੱਚ ਇੱਕ ਵੱਡਾ ਸਨਮਾਨ ਹੈ। ਇਹ ਕਿਸੇ ਧਾਰਮਿਕ ਕਾਰਜ ਜਾਂ ਕੋਈ ਵੱਡੀ ਸੇਵਾ ਕਰਨ ਵਾਲੇ ਗੁਰਸਿੱਖ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਿੱਤਾ ਜਾਂਦਾ ਹੈ। ਹਾਲਾਂਕਿ ਕੁੱਝ ਇਤਿਹਾਸਕਾਰ ਮੰਨਦੇ ਹਨ ਕਿ ਸਿਰਪਾਓ ਦੇਣ ਦੀ ਸ਼ੁਰੂਆਤ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਹੋ ਗਈ ਸੀ। ਪੰਜਵੇਂ ਪਾਤਸ਼ਾਹ ਸ਼੍ਰੀ ਅਰਜੁਨ ਦੇਵ ਜੀ ਸਮੇਂ ਗੁਰਸਿੱਖਾਂ ਨੂੰ ਸਿਰਪਾਓ ਦਿੱਤਾ ਜਾਂਦਾ ਸੀ। ਕਈ ਇਤਿਹਾਸਿਕ ਸਰੋਤ ਦੱਸਦੇ ਹਨ ਕਿ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਅਤੇ ਹੋਰ ਸਿੱਖਾਂ ਨੂੰ ਇਹ ਬਖ਼ਸਸ ਦਿੱਤੀ ਸੀ।

ਇਸ ਤੋਂ ਇਲਾਵਾ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਂ ਇਹ ਸਿਰਪਾਓ ਇੱਕ ਬਹਾਦਰੀ ਅਤੇ ਜੰਗਜੂ ਯੋਧਿਆਂ ਨੂੰ ਦਿੱਤੇ ਜਾਣ ਲੱਗੇ। ਜਦੋਂ ਪਾਤਸ਼ਾਹ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਸਿੱਖਾਂ ਦੇ ਜੌਹਰ ਦੇਖਿਆ ਕਰਦੇ ਸਨ ਤਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਸਿੱਖਾਂ ਨੂੰ ਸਿਰਪਾਓ ਦਿੱਤਾ ਜਾਂਦਾ ਸੀ। ਦਸ਼ਮੇਸ਼ ਪਿਤਾ ਤੋਂ ਬਾਅਦ ਇਹ ਰਵਾਇਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਣ ਲੱਗੀ।

ਸ਼੍ਰੋਮਣੀ ਕਮੇਟੀ ਦਾ ਤਰਕ

ਰਾਹੁਲ ਗਾਂਧੀ ਦੇ ਵਿਵਾਦ ਦੇ ਮਾਮਲੇ ਦੀ ਜਾਂਚ ਲਈ ਬਣੀ ਕਮੇਟੀ ਦੀ ਰਿਪੋਰਟ ਤੇ ਹੋਈ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਤਰਕ ਦਿੱਤਾ ਗਿਆ ਹੈ ਕਿ SGPC ਨੇ ਪਹਿਲਾਂ ਹੀ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਗ੍ਰੰਥੀਆਂ ਅਤੇ ਅਹੁਦੇਦਾਰਾਂ ਨੂੰ ਆਦੇਸ਼ ਕੀਤੇ ਹੋਏ ਹਨ ਕਿ ਸਿਰਪਾਓ, ਸਿਰਫ ਰਾਗੀ ਜੱਥਿਆਂ, ਧਾਰਮਿਕ ਸਖਸੀਅਤਾਂ ਅਤੇ ਸਿੱਖ ਮਹਾਪੁਰਸ਼ਾਂ ਨੂੰ ਹੀ ਦਿੱਤਾ ਜਾ ਸਕਦਾ ਹੈ। ਜਦੋਂ ਕਿ ਰਾਹੁਲ ਗਾਂਧੀ ਇੱਕ ਸਿਆਸੀ ਆਗੂ ਹਨ ਅਜਿਹੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਕੀਤੀ ਹੈ।

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ

SGPC ਦੇ ਫੈਸਲੇ ਦਾ ਵਿਰੋਧ

ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਕਾਰਵਾਈ ਦਾ ਜਿੱਥੇ ਕਾਂਗਰਸੀ ਆਗੂਆਂ ਨੇ ਵਿਰੋਧ ਕੀਤਾ ਹੈ ਤਾਂ ਉੱਥੇ ਹੀ ਸ਼੍ਰੋਮਣੀ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਨੇ ਵੀ ਵਿਰੋਧ ਕੀਤਾ ਹੈ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਇੱਕ ਨਿਮਾਣੇ ਸਿੱਖ ਵਾਂਗ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਹਨ ਅਤੇ ਉਹ ਪਹਿਲਾਂ ਵੀ ਕਈ ਵਾਰ ਦਰਬਾਰ ਸਾਹਿਬ ਵਿਖੇ ਵੀ ਨਤਮਸਤਕ ਹੋ ਚੁੱਕੇ ਹਨ। ਕਿਰਨਜੋਤ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਸਿੱਖਾਂ ਖਿਲਾਫ ਕੋਈ ਬਿਆਨਬਾਜ਼ੀ ਵੀ ਨਹੀਂ ਕੀਤੀ।

Pic Credit: Social Media

ਰਾਹੁਲ ਗਾਂਧੀ ਦਾ ਐਨਾ ਜ਼ਿਆਦਾ ਵਿਰੋਧ ਕਿਉਂ?

ਰਾਹੁਲ ਗਾਂਧੀ ਨੂੰ ਸਿਰਪਾਓ ਦੇਣ ਦਾ ਸਭ ਤੋਂ ਜ਼ਿਆਦਾ ਵਿਰੋਧ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਉਸ ਗਾਂਧੀ ਪਰਿਵਾਰ ਦੇ ਮੈਂਬਰ ਹਨ। ਜਿਸ ਨੂੰ ਸਿੱਖ 1984 ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਮੰਨਦੇ ਹਨ। ਹਾਲਾਂਕਿ ਕਿਰਨਜੋਤ ਕੌਰ ਨੇ ਹਵਾਲਾ ਦਿੰਦਿਆਂ ਕਿਹਾ ਕਿ ਜਿਸ ਵੇਲੇ ਉਹ ਨੁਸ਼ਲਕੁਸ਼ੀ ਹੋਈ ਸੀ ਉਸ ਸਮੇਂ ਰਾਹੁਲ ਗਾਂਧੀ ਬਹੁਤ ਛੋਟਾ ਸੀ ਅਤੇ ਉਸ ਵਿੱਚ ਰਾਹੁਲ ਦਾ ਕੋਈ ਹੱਥ ਨਹੀਂ ਸੀ ਅਜਿਹੇ ਵਿੱਚ ਕਿਸੇ ਹੋਰ ਵਿਅਕਤੀ ਵੱਲੋਂ ਕੀਤੇ ਗਏ ਗੁਨਾਹ ਦੀ ਸਜ਼ਾ ਰਾਹੁਲ ਗਾਂਧੀ ਨੂੰ ਕਿਵੇਂ ਦਿੱਤੀ ਜਾ ਸਕਦੀ ਹੈ। ਹਾਲਾਂਕਿ ਹੁਣ ਦੇਖਣਾ ਹੋਵੇਗਾ ਸਿਰਪਾਓ ਨੂੰ ਲੈਕੇ ਸ਼ੁਰੂ ਹੋਇਆ ਵਿਵਾਦ ਕਿੱਥੇ ਕੁ ਜਾਕੇ ਰੁਕਦਾ ਹੈ।