ਜਿੱਥੋਂ ਠੀਕ ਹੋਇਆ ਸੀ ਦਾਰਾ ਸ਼ਿਕੋਹ, ਜਾਣੋ ਨੌ ਲੱਖਾ ਬਾਗ ਦਾ ਇਤਿਹਾਸ

Published: 

26 Jan 2025 06:15 AM

ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਥੇ ਸਿੱਖਾਂ ਨੂੰ ਹਥਿਆਰਬੰਦ ਹੋਣ ਦਾ ਹੁਕਮ ਦਿੱਤਾ। ਉੱਥੇ ਹੀ ਸਿੱਖਾਂ ਨੂੰ ਕੁਦਰਤ ਨਾਲ ਜੁੜਣ ਦਾ ਵੀ ਸੁਨੇਹਾ ਦਿੱਤਾ। ਗੁਰੂ ਪਾਤਸ਼ਾਹ ਨੇ ਅਨੰਦਪੁਰ ਨੇੜੇ ਕੀਰਤਪੁਰ ਸਾਹਿਬ ਵਿਖੇ ਇੱਕ ਬਾਗ ਲਗਵਾਇਆ ਜਿਸ ਨੂੰ ਸੰਗਤਾਂ ਨੌ ਲੱਖਾ ਬਾਗ ਦੇ ਨਾਮ ਨਾਲ ਜਾਣਦੀਆਂ ਹਨ।

ਜਿੱਥੋਂ ਠੀਕ ਹੋਇਆ ਸੀ ਦਾਰਾ ਸ਼ਿਕੋਹ, ਜਾਣੋ ਨੌ ਲੱਖਾ ਬਾਗ ਦਾ ਇਤਿਹਾਸ

ਨੌ ਲੱਖਾ ਬਾਗ ਦਾ ਇਤਿਹਾਸ

Follow Us On

ਜਦੋਂ ਕੋਈ ਵੀ ਵਿਅਕਤੀ ਸਿੱਖ ਦਾ ਜ਼ਿਕਰ ਕਰਦਾ ਹੈ ਤਾਂ ਮਨ ਵਿੱਚ ਮਹਾਨ ਯੋਧਿਆਂ ਦੀ ਤਸਵੀਰ ਉਭਰਦੀ ਹੈ। ਇਹ ਤਸਵੀਰ ਜੰਗ ਵਿੱਚ ਜੂਝਦਿਆਂ ਸਿੰਘਾਂ ਦੀ ਜਾਂ ਮਜ਼ਲੂਮਾਂ ਉੱਪਰ ਹੋ ਰਹੇ ਅੱਤਿਆਚਾਰ ਖਿਲਾਫ਼ ਗੁਰੂ ਸਾਹਿਬ ਵੱਲੋਂ ਉਠਾਈ ਸਮਸ਼ੀਰ ਦੀ ਹੁੰਦੀ ਹੈ ਜਾਂ ਤਸਵੀਰ ਹੁੰਦੀ ਹੈ ਬਾਬੇ ਨਾਨਕ ਦੀ, ਉਸ ਅਧਿਆਤਮਕਵਾਦ ਦੀ, ਉਸ ਕ੍ਰਿਤ ਦੇ ਸਿਧਾਂਤ ਅਤੇ ਅਕਾਲ ਪੁਰਖ ਦੇ ਜਾਪ ਦੀ। ਪਰ ਸਿੱਖ ਸਿਰਫ਼ ਜੰਗਾਂ ਹੀ ਨਹੀਂ ਲੜੇ, ਸਭ ਤੋਂ ਪਹਿਲਾਂ ਸਿੱਖ ਸ਼ਬਦ ਗੁਰੂ ਨਾਲ ਜੁੜੇ, ਜਿੱਥੋਂ ਉਹਨਾਂ ਨੂੰ ਜੀਵਨ ਜਿਊਣ ਦੀ ਜਾਂਚ ਮਿਲੀ। ਇਸ ਤੋਂ ਬਾਅਦ ਸਿੱਖਾਂ ਨੇ ਮਾਨਵਤਾ ਦੀ ਸੇਵਾ ਦਾ ਪ੍ਰਣ ਲਿਆ।

ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਥੇ ਸਿੱਖਾਂ ਨੂੰ ਹਥਿਆਰਬੰਦ ਹੋਣ ਦਾ ਹੁਕਮ ਦਿੱਤਾ। ਉੱਥੇ ਹੀ ਸਿੱਖਾਂ ਨੂੰ ਕੁਦਰਤ ਨਾਲ ਜੁੜਣ ਦਾ ਵੀ ਸੁਨੇਹਾ ਦਿੱਤਾ। ਗੁਰੂ ਪਾਤਸ਼ਾਹ ਨੇ ਅਨੰਦਪੁਰ ਨੇੜੇ ਕੀਰਤਪੁਰ ਸਾਹਿਬ ਵਿਖੇ ਇੱਕ ਬਾਗ ਲਗਵਾਇਆ ਜਿਸ ਨੂੰ ਸੰਗਤਾਂ ਨੌ ਲੱਖਾ ਬਾਗ ਦੇ ਨਾਮ ਨਾਲ ਜਾਣਦੀਆਂ ਹਨ।

ਸ਼੍ਰੀ ਹਰਿਗੋਬਿੰਦ ਸਾਹਿਬ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ ਵਾਰਿਸ ਸ਼੍ਰੀ ਹਰਿਰਾਇ ਜੀ ਬਣੇ। ਸੱਤਵੇਂ ਸਤਿਗੁਰੂ ਨੇ ਛੇਵੇਂ ਪਾਤਸ਼ਾਹ ਦੇ ਦਿਖਾਏ ਮਾਰਗ ਤੇ ਚੱਲਦਿਆਂ ਨੌ ਲੱਖਾ ਬਾਗ ਵਿੱਚ ਵਿੱਚ ਹੋਰ ਵੀ ਜ਼ਿਆਦਾ ਦਰਖ਼ਤ ਲਗਵਾਏ। ਇਸ ਬਾਗ ਦੇ ਨੇੜੇ ਘੋੜਿਆਂ ਅਤੇ ਹੋਰ ਪਸ਼ੂਆਂ ਨੂੰ ਰੱਖਿਆ ਜਾਂਦਾ ਸੀ। ਐਨਾ ਹੀ ਨਹੀਂ ਸ਼੍ਰੀ ਹਰਿਰਾਇ ਜੀ ਨੇ ਇਸ ਬਾਗ ਵਿੱਚ ਕਈ ਹੋਰ ਜੜੀ ਬੂਟੀਆਂ ਦੇ ਪੌਦੇ ਵੀ ਲਗਾਏ। ਜਿਨ੍ਹਾਂ ਦੀ ਵਰਤੋਂ ਬਿਮਾਰਾਂ ਦੇ ਇਲਾਜ਼ ਲਈ ਕੀਤੀ ਜਾਂਦੀ ਸੀ।

ਦਿੱਲੀ ਦੇ ਤਖ਼ਤ ਤੇ ਬੈਠੇ ਬਾਦਸ਼ਾਹ ਸ਼ਾਹਜ਼ਹਾਂ ਦੇ ਪੁੱਤਰ ਦਾਰਾ ਸਿਕੋਹ ਬਹੁਤ ਬਿਮਾਰ ਹੋ ਗਿਆ। ਬਾਦਸ਼ਾਹ ਨੇ ਹਕੀਮਾਂ ਵੈਦਾਂ ਤੋਂ ਇਲਾਜ ਕਰਵਾਇਆ ਪਰ ਦਾਰਾ ਸ਼ਿਕੋਹ ਠੀਕ ਨਹੀਂ ਹੋਇਆ। ਫੇਰ ਕਿਸੇ ਨੇ ਬਾਦਸ਼ਾਹ ਨੂੰ ਖ਼ਬਰ ਦਿੱਤੀ ਕਿ ਕੀਰਤਪੁਰ ਕੋਲ ਦਵਾਖਾਨਾ ਹੈ ਜੇਕਰ ਤੁਸੀਂ ਉੱਥੋ ਦਵਾਈ ਦੇ ਲਵੋ ਤਾਂ ਤੁਹਾਡਾ ਪੁੱਤਰ ਠੀਕ ਹੋ ਜਾਵੇਗਾ। ਆਪਣੇ ਪੁੱਤਰ ਦੀ ਸਲਾਮਤੀ ਲਈ ਬਾਦਸ਼ਾਹ ਨੇ ਇੱਕ ਪੱਤਰ ਅਤੇ ਕੁੱਝ ਲੋਕ ਕੀਰਤਪੁਰ ਸਾਹਿਬ ਭੇਜੇ।

ਪੱਤਰ ਵਿੱਚ ਬਾਦਸ਼ਾਹ ਨੇ ਬੇਨਤੀ ਕੀਤੀ ਸੀ ਕਿ ਮੈਨੂੰ ਆਪਣੇ ਪੁੱਤਰ ਦੇ ਇਲਾਜ਼ ਲਈ ਤੁਹਾਡੀ ਮਦਦ ਚਾਹੀਦੀ ਹੈ। ਸ਼੍ਰੀ ਹਰਿਰਾਏ ਜੀ ਨੇ ਦਿੱਲੀ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਜੋ ਲੋਕ ਉਹਨਾਂ ਨੂੰ ਲੈਣ ਲਈ ਆਏ ਸਨ ਉਹਨਾਂ ਨੂੰ ਕੁੱਝ ਜੜੀਆਂ ਬੂਟੀਆਂ ਦਿੱਤੀਆਂ। ਜਿਨ੍ਹਾਂ ਦਾ ਸੇਵਨ ਕਰਨ ਤੋਂ ਬਾਅਦ ਦਾਰਾ ਸ਼ਿਕੋਹ ਠੀਕ ਹੋ ਗਿਆ। ਇਸ ਤੋਂ ਬਾਅਦ ਉਹ ਸ਼ੁਕਰਾਨੇ ਵਜੋਂ ਸ਼੍ਰੀ ਹਰਿਰਾਇ ਜੀ ਦੇ ਦਰਸ਼ਨ ਕਰਨ ਕੀਰਤਪੁਰ ਸਾਹਿਬ ਵਿਖੇ ਵੀ ਆਏ।

ਅੱਜ ਵੀ ਸੰਗਤਾਂ ਇਸ ਪਵਿੱਤਰ ਬਾਗ ਵਿੱਚ ਆਉਂਦੀਆਂ ਹਨ। ਹੁਣ ਇਸ ਬਾਗ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਇਸ ਦੇ ਲਈ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਖੇਤੀਬਾੜੀ ਬਾਗਬਾਨੀ ਵਿਭਾਗ ਦੀ ਵੀ ਮਦਦ ਲੈਂਦੀ ਹੈ।