Hukamnama Sri Darbar Sahib 8 March 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 8 March 2026
Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।
Hukamnama Sri Darbar Sahib 8 March 2026
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
ਰਾਗੁ ਸੂਹੀ ਛੰਤ ਮਹਲਾ ੧ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ ॥ ਮੈਲੀ ਅਵਗਣਿ ਚਿਤਿ ਬਿਨੁ ਗੁਰ ਗੁਣ ਨ ਸਮਾਵਨੀ ਬਲਿ ਰਾਮ ਜੀਉ ॥ ਗੁਣ ਸਾਰ ਨ ਜਾਣੀ ਭਰਮਿ ਭੁਲਾਣੀ ਜੋਬਨੁ ਬਾਦਿ ਗਵਾਇਆ ॥ ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ ਸਹਜੁ ਨ ਭਾਇਆ ॥ ਸਤਿਗੁਰ ਪੂਛਿ ਨ ਮਾਰਗਿ ਚਾਲੀ ਸੂਤੀ ਰੈਣਿ ਵਿਹਾਣੀ ॥ ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ ॥੧॥
ਭਰਿ ਜੋਬਨਿ = ਭਰੀ ਜਵਾਨੀ ਵਿਚ, ਭਰ = ਜਵਾਨੀ ਦੇ ਸਮੇ। ਮੈ = ਸ਼ਰਾਬ। ਮਤ = ਮੱਤ, ਮਸਤ। ਪੇਈਅੜੈ ਘਰਿ = ਪੇਕੇ ਘਰ ਵਿਚ। ਪਾਹੁਣੀ = ਪ੍ਰਾਹੁਣੀ। ਬਲਿ = ਸਦਕੇ। ਰਾਮ = ਹੇ ਰਾਮ! ਅਵਗਣਿ = ਔਗੁਣ ਦੇ ਕਾਰਨ। ਚਿਤਿ = ਚਿੱਤ ਵਿਚ। ਨ ਸਮਾਵਨੀ = ਨਹੀਂ ਸਮਾਂਦੇ। ਸਾਰ = ਕਦਰ। ਭਰਮਿ = ਭਟਕਣਾ ਵਿਚ। ਬਾਦਿ = ਵਿਅਰਥ। ਵਰੁ = ਖਸਮ-ਪ੍ਰਭੂ। ਸਹਜੁ = ਸੁਭਾਉ। ਭਾਇਆ = ਚੰਗਾ ਲੱਗਾ। ਪੂਛਿ = ਪੁੱਛ ਕੇ। ਮਾਰਗਿ = (ਸਹੀ) ਰਸਤੇ ਉਤੇ। ਰੈਣਿ = (ਜ਼ਿੰਦਗੀ ਦੀ) ਰਾਤ। ਬਾਲਤਣ = ਬਾਲ-ਉਮਰ ਵਿਚ (ਹੀ)। ਧਨ = ਜੀਵ-ਇਸਤ੍ਰੀ ॥੧॥
ਰਾਗ ਸੂਹੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਛੰਤ’ (ਛੰਦ)। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਹਾਂ (ਤੂੰ ਕੈਸੀ ਅਚਰਜ ਲੀਲਾ ਰਚਾਈ ਹੈ!) ਜੀਵ-ਇਸਤ੍ਰੀ (ਤੇਰੀ ਰਚੀ ਮਾਇਆ ਦੇ ਪ੍ਰਭਾਵ ਹੇਠ) ਜਵਾਨੀ ਦੇ ਸਮੇ ਇਉਂ ਮਸਤ ਹੈ ਜਿਵੇਂ ਸ਼ਰਾਬ ਪੀ ਕੇ ਮਦ ਹੋਸ਼ ਹੈ, (ਇਹ ਭੀ ਨਹੀਂ ਸਮਝਦੀ ਕਿ) ਇਸ ਪੇਕੇ-ਘਰ ਵਿਚ (ਇਸ ਜਗਤ ਵਿਚ) ਉਹ ਇਕ ਪ੍ਰਾਹੁਣੀ ਹੀ ਹੈ। ਵਿਕਾਰਾਂ ਦੀ ਕਮਾਈ ਨਾਲ ਚਿੱਤ ਵਿਚ ਉਹ ਮੈਲੀ ਰਹਿੰਦੀ ਹੈ ਜੋ (ਗੁਰੂ ਦੀ ਸਰਨ ਨਹੀਂ ਆਉਂਦੀ, ਤੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਹਿਰਦੇ ਵਿਚ) ਗੁਣ ਟਿਕ ਨਹੀਂ ਸਕਦੇ। (ਮਾਇਆ ਦੀ) ਭਟਕਣਾ ਵਿਚ ਪੈ ਕੇ ਜੀਵ-ਇਸਤ੍ਰੀ ਨੇ (ਪ੍ਰਭੂ ਦੇ) ਗੁਣਾਂ ਦੀ ਕੀਮਤ ਨਾਹ ਸਮਝੀ, ਕੁਰਾਹੇ ਪਈ ਰਹੀ, ਤੇ ਜਵਾਨੀ ਦਾ ਸਮਾ ਵਿਅਰਥ ਗਵਾ ਲਿਆ। ਨਾਹ ਉਸ ਨੇ ਖਸਮ-ਪ੍ਰਭੂ ਨਾਲ ਸਾਂਝ ਪਾਈ, ਨਾਹ ਉਸ ਦੇ ਦਰ ਨਾਹ ਉਸ ਦੇ ਘਰ ਤੇ ਨਾਹ ਹੀ ਉਸ ਦੇ ਦਰਸਨ ਦੀ ਕਦਰ ਪਛਾਣੀ। (ਭਟਕਣਾ ਵਿਚ ਹੀ ਰਹਿ ਕੇ) ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਦਾ ਸੁਭਾਉ ਭੀ ਪਸੰਦ ਨਾਹ ਆਇਆ। ਮਾਇਆ ਦੇ ਮੋਹ ਵਿਚ ਸੁੱਤੀ ਹੋਈ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਸਾਰੀ ਰਾਤ ਬੀਤ ਗਈ, ਸਤਿਗੁਰੂ ਦੀ ਸਿੱਖਿਆ ਲੈ ਕੇ ਜੀਵਨ ਦੇ ਠੀਕ ਰਸਤੇ ਉਤੇ ਕਦੇ ਭੀ ਨਾਹ ਤੁਰੀ। ਹੇ ਨਾਨਕ! ਅਜੇਹੀ ਜੀਵ-ਇਸਤ੍ਰੀ ਨੇ ਤਾਂ ਬਾਲ-ਉਮਰੇ ਹੀ ਰੰਡੇਪਾ ਸਹੇੜ ਲਿਆ, ਤੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਦਾ ਹਿਰਦਾ-ਕਮਲ ਕੁਮਲਾਇਆ ਹੀ ਰਿਹਾ ॥੧॥
ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!
