ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਗੁਰੂ ਨਗਰੀ ਅੰਮ੍ਰਿਤਸਰ ਵਿੱਚ ਆਸਥਾ ਦਾ ਸੈਲਾਬ

Updated On: 

08 Oct 2025 10:53 AM IST

Guru Ramdas Prakash Purab: ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਸੈਲਾਬ ਉਮੜਿਆ। ਦੁਨੀਆ ਭਰ ਤੋਂ ਸ਼ਰਧਾਲੂ ਗੁਰੂ ਘਰ ਨਤਮਸਤਕ ਹੋ ਰਹੇ ਹਨ ਅਤੇ ਗੁਰਮਤਿ ਸਮਾਗਮਾਂ ਵਿੱਚ ਸ਼ਮੂਲੀਅਤ ਕਰ ਰਹੇ ਹਨ।

ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਗੁਰੂ ਨਗਰੀ ਅੰਮ੍ਰਿਤਸਰ ਵਿੱਚ ਆਸਥਾ ਦਾ ਸੈਲਾਬ
Follow Us On

ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਦਾ ਸੈਲਾਬ ਦੇਖਣ ਨੂੰ ਮਿਲ ਰਿਹਾ ਹੈ। ਦੇਸ਼-ਵਿਦੇਸ਼ ਤੋਂ ਆਈ ਸੰਗਤਾਂ ਗੁਰੂ ਘਰ ਵਿੱਚ ਮੱਥਾ ਟੇਕ ਕੇ ਰਹੀ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ।

ਉਨ੍ਹਾਂ ਨੇ ਕਿਹਾ ਕਿ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਬੈਰਾਗ ਤੇ ਨਿਮਰਤਾ ਦੀ ਮੂਰਤ ਹਨ। ਜਿਨ੍ਹਾਂ ਨੇ ਮਨੁੱਖਤਾ ਨੂੰ ਸੇਵਾ, ਸਿਮਰਨ ਅਤੇ ਨਿਵਿਰਤਾ ਦਾ ਮਾਰਗ ਦਿੱਤਾ। ਗਿਆਨੀ ਜੀ ਨੇ ਅੱਗੇ ਦੱਸਿਆ ਕਿ ਚੌਥੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸਾਰੀ ਦੁਨੀਆ ਦੀ ਸੰਗਤ ਵੱਲੋਂ ਬੜੇ ਚਾਵ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।

ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਦਿਨ ਭਰ ਗੁਰਮਤਿ ਸਮਾਗਮ

ਇਸ ਸੰਬੰਧ ਵਿੱਚ ਸਵੇਰੇ 8:30 ਵਜੇ ਤੋਂ ਦੁਪਹਿਰ 12 ਵਜੇ ਤੱਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਇ ਸਾਹਿਬ ਵਿਖੇ ਸੁੰਦਰ ਜਲਾਉ ਸਜਾਏ ਗਏ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਦਿਨ ਭਰ ਗੁਰਮਤਿ ਸਮਾਗਮ ਹੋਏ ਜਿੱਥੇ ਰਾਗੀ ਤੇ ਢਾੜੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਦੇ ਮਨਾਂ ਨੂੰ ਆਤਮਕ ਰੰਗ ਵਿੱਚ ਰੰਗ ਦਿੱਤਾ।

ਨਗਰ ਕੀਰਤਨ ਦਾ ਅਲੌਕਿਕ ਨਜ਼ਾਰਾ

ਸ਼ਾਮ ਸਮੇਂ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਦੀਪਮਾਲਾ ਦੀ ਰੌਣਕ ਨੇ ਪੂਰੇ ਦਰਬਾਰ ਸਾਹਿਬ ਪ੍ਰੰਗਣ ਨੂੰ ਅਲੌਕਿਕ ਪ੍ਰਕਾਸ਼ ਨਾਲ ਭਰ ਦਿੱਤਾ। ਇਸ ਤੋਂ ਬਾਅਦ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ। ਜਿਸ ਨੂੰ ਦੇਖਣ ਲਈ ਸੰਗਤਾਂ ਦੀ ਵੱਡੀ ਗਿਣਤੀ ਮੌਜੂਦ ਸੀ। ਰਾਤ ਦੇ ਦੀਵਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਜੇ ਜਿੱਥੇ ਭਾਈ ਦਵਿੰਦਰ ਸਿੰਘ ਸੁਹਾਣੇ ਵਾਲੇ ਨੇ ਸੁਰੀਲੀ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਫਿਰ ਗਿਆਨੀ ਇੰਦਰਪਾਲ ਸਿੰਘ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਦੇ ਉਪਦੇਸ਼ਾਂ ਨਾਲ ਜੋੜਿਆ। ਰਾਤ ਨੂੰ ਕਵੀ ਦਰਬਾਰ ਦਾ ਆਯੋਜਨ ਹੋਇਆ ਜੋ ਦੇਰ ਰਾਤ ਤੱਕ ਚੱਲਦਾ ਰਿਹਾ।

ਗਿਆਨੀ ਰਘਬੀਰ ਸਿੰਘ ਨੇ ਸੰਗਤ ਨੂੰ ਦਿੱਤੀ ਵਧਾਈ

ਅੰਤ ਵਿੱਚ ਗਿਆਨੀ ਰਘਬੀਰ ਸਿੰਘ ਨੇ ਸੰਸਾਰ ਭਰ ਦੀ ਸੰਗਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਧਾਈਆਂ ਦਿੱਤੀਆਂ ਅਤੇ ਅਪੀਲ ਕੀਤੀ ਕਿ ਸਾਰੇ ਗੁਰੂ ਘਰ ਆ ਕੇ ਦੀਵਾਨਾਂ ਵਿੱਚ ਹਾਜ਼ਰੀ ਭਰਨ, ਗੁਰੂ ਜਸ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ।