Guru Ram Das Ji: ਯਤੀਮ ਬੱਚੇ ਤੋਂ ਸਿੱਖਾਂ ਦੇ ਗੁਰੂ ਤੱਕ… ਸੇਵਾ, ਸਿਦਕ ਦੀ ਮੂਰਤ, ਧੰਨੁ ਧੰਨੁ ਰਾਮਦਾਸ ਗੁਰੁ…
Guru Ram Das Prakash Purab: ਦੇਸ਼ ਦੁਨੀਆਂ ਵਿੱਚ ਅੱਜ ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੀਆਂ ਹਨ। ਆਓ ਪ੍ਰਕਾਸ਼ ਪੁਰਬ ਮੌਕੇ ਧੰਨ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਜਾਣੀਏ, ਕਿਵੇਂ 7 ਕੁ ਸਾਲ ਦੀ ਉਮਰ ਵਿੱਚ ਯਤੀਮ ਹੋਇਆ ਬੱਚਾ, ਸੇਵਾ ਅਤੇ ਸਿਦਕ ਨਾਲ ਸਿੱਖਾਂ ਦੇ ਚੌਥੇ ਗੁਰੂ ਬਣ ਗਏ।
Guru Ram Das Ji Biography: ਜੇਕਰ ਤੁਸੀਂ ਗੁਰਦੁਆਰਾ ਸਾਹਿਬ ਗਏ ਹੋ ਤਾਂ ਤੁਸੀਂ ਅਨੇਕਾਂ ਹੀ ਸੰਗਤਾਂ ਨੂੰ ਸੇਵਾ ਕਰਦਿਆਂ ਵੇਖਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਸੱਚੇ ਦਿਲੋਂ ਸੇਵਾ ਕਰਕੇ ਹੀ ਗੁਰੂ ਨਾਨਕ ਦੇ ਸਿੱਖ ਗੁਰੂ ਦੀ ਉਪਾਧੀ ਪ੍ਰਾਪਤ ਕਰ ਗਏ, ਪਹਿਲਾ ਜਦੋਂ ਭਾਈ ਲਹਿਣੇ ਨੇ ਸੇਵਾ ਕੀਤਾ ਤਾਂ ਗੁਰੂ ਨੇ ਉਸ ਨੂੰ ਸਭ ਕੁੱਝ ਬਖ਼ਸ਼ ਦਿੱਤਾ ਅਤੇ ਆਪਣਾ ਅੰਗ ਬਣਾ ਲਿਆ। ਫਿਰ ਜਦੋਂ ਗੁਰੂ ਅੰਗਦ ਜੀ ਨੇ ਸੇਵਾ ਕਰ ਰਹੇ ਬਾਬਾ ਅਮਰਦਾਸ ਨੂੰ ਵੇਖਿਆ ਤਾਂ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਥਾਪ ਦਿੱਤਾ। ਇੰਝ ਹੀ ਜਦੋਂ ਇਹੀ ਸੇਵਾ ਭਾਈ ਜੇਠਾ ਜੀ ਨੇ ਨਿਭਾਈ ਫਿਰ ਇੱਕ ਯਤੀਮ ਬੱਚਾ ਸਿੱਖਾਂ ਦਾ ਚੌਥਾ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਬਣ ਗਿਆ।
ਮੰਨਿਆ ਜਾਂਦਾ ਹੈ ਕਿ ਸੱਚੇ ਦਿਲੋਂ ਕੀਤੀ ਸੇਵਾ ਕਦੇ ਵੀ ਬੇਅਰਥ ਨਹੀਂ ਜਾਂਦੀ, ਸੱਚੇ ਗੁਰੂ ਦੀ ਸੇਵਾ ਕਰਨ ਵਾਲਾ ਕਦੇ ਭਗਤ ਬਣ ਜਾਂਦਾ ਹੈ ਤੇ ਜੇਕਰ ਸਿਦਕ ਵੀ ਹੋਵੇ ਤਾਂ ਫੇਰ ਰੱਬ ਦਾ ਰੱਬੀ ਰੂਪ ਵੀ ਬਣ ਜਾਂਦਾ ਹੈ। ਇਸੇ ਕਰਕੇ ਹੀ ਹੁਣ ਹਰ ਇੱਕ ਸਿੱਖ ਕਹਿੰਦਾ ਹੈ… ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ।
ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਜਨਮ ਸੋਢੀ ਪਰਿਵਾਰ ਵਿੱਚ ਪਿਤਾ ਹਰਦਾਸ ਜੀ ਦੇ ਘਰ ਮਾਤਾ ਦਯਾ ਜੀ ਦੇ ਕੁੱਖੋਂ ਲਾਹੌਰ ਵਿਖੇ ਚੂਨਾ ਮੰਡੀ ਇਲਾਕੇ ਵਿਖੇ ਹੋਇਆ। ਆਪ ਜੀ ਮਾਪਿਆਂ ਦੇ ਸਭ ਤੋਂ ਵੱਡੇ ਪੁੱਤਰ ਸਨ, ਇਸ ਕਰਕੇ ਪਰਿਵਾਰ ਵਾਲੇ ਪਿਆਰ ਨਾਲ ਆਪ ਜੀ ਨੂੰ ਜੇਠਾ ਕਿਹਾ ਕਰਦੇ ਸਨ। ਜੇਠਾ ਜੀ ਉੱਪਰ ਮਾਪਿਆਂ ਦਾ ਛਾਇਆ ਥੋੜ੍ਹੀ ਸਮਾਂ ਹੀ ਰਿਹਾ, ਅਜੇ ਉਮਰ 7 ਕੁ ਸਾਲ ਹੀ ਸੀ ਕਿ ਮਾਤਾ ਅਤੇ ਪਿਤਾ ਅਕਾਲ ਚਲਾਣਾ ਕਰ ਗਏ।
ਮਾਪਿਆਂ ਦੇ ਸਵਰਗਵਾਸ ਤੋਂ ਬਾਅਦ ਯਤੀਮ ਹੋਏ ਜੇਠਾ ਜੀ ਨੂੰ ਉਹਨਾਂ ਦੀ ਨਾਨੀ ਆਪਣੇ ਨਾਲ ਪਿੰਡ ਬਸਾਰਕੇ ਵਿਖੇ ਲੈ ਆਏ। ਇੱਥੇ ਪਰਿਵਾਰ ਦੇ ਕੰਮਾਂ ਵਿੱਚ ਹੱਥ ਵਟਾਉਣ ਤੋਂ ਇਲਾਵਾ ਅਤੇ ਆਰਥਿਕ ਮਦਦ ਲਈ ਆਪ ਜੀ ਨੇ ਘੁੰਙਣੀਆਂ (ਛੋਲੇ/ਕਣਕ ਆਦਿ ਦੇ ਉਬਲ਼ੇ ਦਾਣੇ) ਵੇਚਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਸਾਰਕੇ ਪਿੰਡ ਦੀ ਸੰਗਤ ਸ਼੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਆਇਆ ਕਰਦੀ ਸੀ। ਜਦੋਂ ਆਪ ਜੀ ਦੀ ਉਮਰ 12 ਕੁ ਸਾਲ ਦੀ ਸੀ ਤਾਂ ਆਪ ਜੀ ਵੀ ਸੰਗਤ ਨਾਲ ਸੇਵਾ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ ਆ ਗਏ।
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥ ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥
ਇਹ ਵੀ ਪੜ੍ਹੋ
ਭਾਵ ਸਤਿਗੁਰੂ ਦੀ ਕੀਤੀ ਹੋਈ ਸੇਵਾ ਸਫਲ ਹੁੰਦੀ ਹੈ ਜੇਕਰ ਕੋਈ ਸੱਚੇ ਮਨ ਨਾਲ ਕਰਦਾ ਹੈ, ਸੇਵਾ ਕਰਨ ਦਾ ਅਜਿਹਾ ਫਲ ਮਿਲਦਾ ਹੈ ਕਿ ਨਾ ਤਾਂ ਸੇਵਾ ਕਰਨ ਵਾਲੇ ਨੂੰ ਕੋਈ ਚਿੰਤਾ ਰਹਿੰਦੀ ਹੈ ਅਤੇ ਦੁਨੀਆਂ ਦੇ ਪਦਾਰਥ (ਪੈਸਾ, ਪਰਿਵਾਰਕ ਸੁੱਖ) ਸਭ ਮਿਲ ਜਾਂਦੇ ਹਨ।
ਅਜਿਹਾ ਹੀ ਭਾਈ ਜੇਠਾ ਜੀ ਨਾਲ ਹੋਇਆ, ਗੋਇੰਦਵਾਲ ਸਾਹਿਬ ਵਿਖੇ ਸੇਵਾ ਕਰਦਿਆਂ ਕਰਦਿਆਂ ਮਨ ਇਹਨਾਂ ਖੁਸ਼ ਰਹਿਣ ਲੱਗਿਆ ਕਿ ਵਾਪਸ ਆਪਣੇ ਪਿੰਡ ਬਸਾਰਕੇ ਜਾਣ ਦਾ ਹੀ ਖਿਆਲ ਛੱਡ ਦਿੱਤਾ ਅਤੇ ਹਮੇਸ਼ਾ-ਹਮੇਸ਼ਾ ਲਈ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਰਹਿਣ ਦਾ ਫੈਸਲਾ ਲਿਆ।
ਲੰਗਰ ਦੀ ਸੰਭਾਲੀ ਸੇਵਾ
ਗੋਇੰਦਵਾਲ ਸਾਹਿਬ ਵਿਖੇ ਰਹਿੰਦਿਆਂ ਭਾਈ ਜੇਠਾ ਜੀ ਨੇ ਆਪਣਾ ਤਨ ਅਤੇ ਮਨ ਗੁਰੂ ਦੀ ਸੇਵਾ ਵਿੱਚ ਲਗਾ ਦਿੱਤਾ, ਸਵੇਰ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਕਰਦੇ, ਇਸ ਤੋਂ ਬਾਅਦ ਲੰਗਰ ਦੀ ਸੇਵਾ ਕਰਦੇ। ਇਸ ਤੋਂ ਬਾਅਦ ਜੇਕਰ ਟਾਇਮ ਬਚ ਜਾਂਦਾ ਤਾਂ ਆਸ ਪਾਸ ਦੇ ਇਲਾਕਿਆਂ ਵਿੱਚ ਘੁੰਙਣੀਆਂ ਵੇਚ ਲਈ ਚਲੇ ਜਾਂਦੇ।
ਇਹ ਸਿਲਸਿਲਾ ਇੰਝ ਹੀ ਚਲਾ ਰਿਹਾ, ਸਮਾਂ ਗੁਜ਼ਰਦਾ ਰਿਹਾ ਅਤੇ ਭਾਈ ਜੇਠਾ ਸੇਵਾ ਵਿੱਚ ਲੱਗੇ ਰਹੇ.. ਨਾ ਕੋਈ ਲਾਲਚ… ਨਾ ਕੋਈ ਡਰ.. ਪਰ ਗੁਰੂ ਤਾਂ ਗੁਰੂ ਹੈ, ਉਹ ਆਪਣੇ ਭਗਤਾਂ ਦੀ ਪੈਜ ਰੱਖਦਾ ਆਇਆ ਹੈ। ਇੰਝ ਹੀ ਸੇਵਾ ਵਿੱਚ ਲੱਗੇ ਹੋਏ ਭਾਈ ਜੇਠਾ ਜੀ ਉੱਪਰ ਗੁਰੂ ਅਮਰਦਾਸ ਜੀ ਦੀ ਨਜ਼ਰ ਗਈ ਅਤੇ 1553 ਈਸਵੀ ਵਿੱਚ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ।
ਗੁਰੂ ਆਪਣੇ ਸਿੱਖ ਦੀਆਂ ਪ੍ਰੀਖਿਆਵਾਂ ਲੈਂਦਾ ਹੈ, ਇਹ ਪ੍ਰੀਖਿਆਵਾਂ ਗੁਰੂ ਰਾਮਦਾਸ ਜੀ ਦੀਆਂ ਵੀ ਹੋਈਆਂ। ਬੀਬੀ ਭਾਨੀ ਜੀ ਨਾਲ ਵਿਆਹ ਤੋਂ ਬਾਅਦ ਵੀ ਭਾਈ ਜੇਠਾ ਜੀ ਅੰਦਰ ਉਹੀ ਭਗਤੀ ਭਾਵ ਰਿਹਾ, ਉਹਨਾਂ ਅੰਦਰ ਕਦੇ ਵੀ ਇਹ ਨਹੀਂ ਆਇਆ ਕਿ ਉਹ ਬਾਕੀ ਸੰਗਤ ਨਾਲੋਂ ਉੱਚੇ ਹੋ ਗਏ ਹਨ ਕਿਉਂਕਿ ਉਹਨਾਂ ਦਾ ਗੁਰੂ ਨਾਲ ਸੰਸਾਰਿਕ ਰਿਸ਼ਤਾ ਹੋ ਗਿਆ ਹੈ। ਇੰਝ ਹੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਬਾਊਲੀ ਬਣਾਉਣ ਦਾ ਆਦੇਸ਼ ਦਿੱਤਾ। ਗੁਰੂ ਸਾਹਿਬ ਦਾ ਹੁਕਮ ਮੰਨਦਿਆਂ ਨਿਮਾਣੇ ਸਿੱਖ ਨੇ ਇਹ ਸੇਵਾ ਤਨਦੇਹੀ ਨਾਲ ਨਿਭਾਈ।
ਸੇਵਾ ਤੋਂ ਪ੍ਰਸੰਨ ਹੋਕੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਨਵਾਂ ਸ਼ਹਿਰ ਵਸਾਉਣ ਦਾ ਹੁਕਮ ਦਿੱਤਾ। ਜਿਸ ਨੂੰ ਸਿਰ ਮੱਥੇ ਕਬੂਲ ਕਰਦਿਆਂ 1574 ਈਸਵੀ ਵਿੱਚ ਤੁੰਗ , ਗੁਮਟਾਲਾ, ਸੁਲਤਾਨਵਿੰਡ ਆਦਿ ਪਿੰਡਾਂ ਦੀ ਜ਼ਮੀਨ ਲੈਕੇ ਇੱਕ ਪਿੰਡ ਵਸਾਇਆ ਜੋ ਕਿ ਗੁਰੂ ਕਾ ਚੱਕ ਵਜੋਂ ਜਾਣਿਆ ਗਿਆ। ਇਸ ਦੇ ਪੂਰਬ ਵਾਲੇ ਪਾਸੇ ਇੱਕ ਸਰੋਵਰ ਦਾ ਨਿਰਮਾਣ ਕਰਵਾਇਆ ਗਿਆ। ਬਾਅਦ ਵਿੱਚ ਜਾਕੇ ਇਸ ਪਿੰਡ ਦਾ ਨਾਮ ਰਾਮਦਾਸਪੁਰ ਅਤੇ ਸਰੋਵਰ ਨੂੰ ਅੰਮ੍ਰਿਤਸਰ ਵਜੋਂ ਜਾਣਿਆ ਗਿਆ।
ਹਾਂ ਜੀ ਉਹੀ ਅੰਮ੍ਰਿਤਸਰ ਸ਼ਹਿਰ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਸ਼ੁਸ਼ੋਭਿਤ ਹੈ। ਜਿੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਆਕੇ ਸੰਗਤਾਂ ਨਤਮਸਤਕ ਹੁੰਦੀਆਂ ਹਨ। ਇੱਥੋਂ ਦੇ ਲੰਗਰ ਦੀ ਚਰਚਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਹੁੰਦੀ ਹੈ, ਕਿਉਂਕਿ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਲੱਖਾਂ ਦੀ ਗਿਣਤੀ ਵਿੱਚ ਸੰਗਤ ਰੋਜ਼ਾਨਾ ਪ੍ਰਸ਼ਾਦਾ ਛਕਦੀ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
ਮਿਲੀ ਗੁਰਿਆਈ
ਗੁਰੂ ਅਮਰਦਾਸ ਜੀ ਸਾਹਮਣੇ ਸਿੱਖਾਂ ਦੇ ਚੌਥੇ ਗੁਰੂ ਚੁਣਨ ਲਈ 4 ਪ੍ਰਮੁੱਖ ਉਮੀਦਵਾਰ ਸਨ, ਜਿਨ੍ਹਾਂ ਵਿੱਚ 2 ਪੁੱਤਰ (ਬਾਬਾ ਮੋਹਨ ਅਤੇ ਮੋਹਰੀ) ਅਤੇ 2 ਜਵਾਈ (ਰਾਮਾ ਅਤੇ ਜੇਠਾ) ਸਨ। ਗੁਰੂ ਨੇ ਕਸਵੱਟੀ ਉੱਪਰ ਪਰਖਿਆ ਤਾਂ ਭਾਈ ਜੇਠਾ ਜੀ ਹੀ ਅਜਿਹੀ ਸ਼ਖਸੀਅਤ ਸਨ ਜੋ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਤੇ ਸੇਵਾ ਅਤੇ ਸਿਦਕ ਦੇ ਧਾਰਨੀ ਸਨ। ਇਸ ਤਰ੍ਹਾਂ ਸਿੱਖਾਂ ਦੇ ਚੌਥੇ ਗੁਰੂ ਹੋਣ ਦਾ ਮਾਣ ਸ੍ਰੀ ਗੁਰੂ ਰਾਮਦਾਸ ਜੀ ਨੂੰ ਪ੍ਰਾਪਤ ਹੋਇਆ।
ਗੁਰੂ ਰਾਮਦਾਸ ਜੀ ਦੀ ਉਸਤਤ ਕਰਦੇ ਹੋਏ ਭਾਟਿ ਕੀਰਤਿ ਜੀ ਲਿਖਦੇ ਹਨ
ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ
ਆਪ ਜੀ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਤੇ ਸਿੱਖੀ ਦੇ ਪ੍ਰਚਾਰ ਪਸਾਰ ਲਈ ਕਈ ਅਹਿਮ ਕਦਮ ਚੁੱਕੇ। ਗੁਰੂ ਰਾਮਦਾਸ ਜੀ ਨੇ ਗ੍ਰਹਿਸਥੀ ਜੀਵਨ ਵਿੱਚ ਰਹਿੰਦਿਆਂ ਭਗਤੀ ਕੀਤੀ। ਚੌਥੇ ਗੁਰੂ ਜੀ ਦੇ ਘਰ 3 ਪੁੱਤਰ ਹੋਏ। ਵੱਡੇ ਪੁੱਤਰ ਪ੍ਰਿਥੀ ਚੰਦ, ਦੂਜੇ ਮਹਾਂ ਦੇਵ ਜੀ ਅਤੇ ਤੀਜੇ ਸ੍ਰੀ ਅਰਜਨ ਦੇਵ ਜੀ। ਸ਼੍ਰੀ ਗੁਰੂ ਨਾਨਕ ਸਾਹਿਬ ਦੇ ਚੌਥੇ ਵਾਰਸ ਸ੍ਰੀ ਗੁਰੂ ਰਾਮਦਾਸ ਸਾਹਿਬ ਗੁਰਗੱਦੀ ਉੱਪਰ 7 ਸਾਲ ਰਹੇ ਅਤੇ ਸੇਵਾ ਅਤੇ ਨਾਮ ਸਿਮਰਨ ਜਪਦੇ ਰਹੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗਾਂ ਵਿੱਚ ਬਾਣੀ ਦਰਜ ਹੈ ਜਿੰਨਾਂ ਵਿੱਚੋਂ 30 ਰਾਗ ਇਕੱਲੇ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚੋਂ ਹਨ। ਗੁਰੂ ਰਾਮਦਾਸ ਜੀ ਤੋਂ ਪਹਿਲਾਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਜੀ ਨੇ 20 ਰਾਗਾਂ ਅਤੇ ਗੁਰੂ ਅਮਰਦਾਸ ਜੀ ਨੇ 18 ਰਾਗਾਂ ਵਿੱਚ ਬਾਣੀ ਲਿਖੀ। ਆਖੀਰ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਸਾਹਿਬ ਨੂੰ ਪੰਜਵੇਂ ਗੁਰੂ ਥਾਪ ਕੇ ਗੁਰੂ ਰਾਮਦਾਸ ਜੀ 1581 ਈਸਵੀ ਵਿੱਚ ਸਵਰਗਵਾਸ ਹੋ ਗਏ।
