Eid ul Fitr 2025: ਭਾਰਤ ਵਿੱਚ ਹੋਇਆ ਚਾਂਦ ਦਾ ਦੀਦਾਰ, ਭਲਕੇ ਮਨਾਇਆ ਜਾਵੇਗਾ ਈਦ-ਉਲ-ਫਿਤਰ
ਭਾਰਤ ਵਿੱਚ ਈਦ ਸਾਊਦੀ ਅਰਬ ਤੋਂ ਇੱਕ ਦਿਨ ਬਾਅਦ ਮਨਾਈ ਜਾਂਦੀ ਹੈ। ਸਾਊਦੀ ਅਰਬ ਵਿੱਚ 29 ਮਾਰਚ ਨੂੰ ਈਦ ਦਾ ਚਾਂਦ ਨਜ਼ਰ ਆਇਆ ਸੀ। ਅਜਿਹੀ ਸਥਿਤੀ ਵਿੱਚ, ਸਾਊਦੀ ਅਰਬ ਵਿੱਚ 30 ਮਾਰਚ ਨੂੰ ਈਦ ਮਨਾਈ ਗਈ। ਇਸ ਦੇ ਨਾਲ ਹੀ, ਅੱਜ ਭਾਰਤ ਵਿੱਚ ਸਾਰਿਆਂ ਦੀਆਂ ਨਜ਼ਰਾਂ ਅਸਮਾਨ 'ਤੇ ਟਿਕੀਆਂ ਹੋਈਆਂ ਸਨ, ਜਿਸ ਤੋਂ ਬਾਅਦ ਆਖਰਕਾਰ ਇੰਤਜ਼ਾਰ ਖਤਮ ਹੋਇਆ ਅਤੇ ਚੰਦਰਮਾ ਦਿਖਾਈ ਦਿੱਤਾ। ਹੁਣ ਈਦ ਕੱਲ੍ਹ ਯਾਨੀ 31 ਮਾਰਚ ਨੂੰ ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਈ ਜਾਵੇਗੀ।
ਭਾਰਤ ਵਿੱਚ ਹੋਇਆ ਚਾਂਦ ਦਾ ਦੀਦਾਰ, ਭਲਕੇ ਮਨਾਇਆ ਜਾਵੇਗਾ ਈਦ-ਉਲ-ਫਿਤਰ
Eid ul Fitr 2025 in India: ਇਸ ਸਾਲ ਦੇ ਰਮਜ਼ਾਨ ਮਹੀਨੇ ਦੇ ਪੂਰੇ ਹੋਣ ‘ਤੇ ਚਾਂਦ ਦਿਖਣ ਤੋਂ ਬਾਅਦ ਈਦ-ਉਲ-ਫਿਤਰ ਦਾ ਤਿਉਹਾਰ ਕੱਲ੍ਹ ਯਾਨੀ ਸੋਮਵਾਰ ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾਵੇਗਾ। ਇਸ ਤੋਂ ਪਹਿਲਾਂ ਸਾਊਦੀ ਅਰਬ ਵਿੱਚ ਸ਼ਨੀਵਾਰ, 29 ਮਾਰਚ ਨੂੰ ਚਾਂਦ ਦੇਖਿਆ ਗਿਆ ਸੀ। ਜਿੱਥੇ ਈਦ 30 ਮਾਰਚ ਨੂੰ ਮਨਾਈ ਜਾ ਰਹੀ ਹੈ। ਰਮਜ਼ਾਨ ਤੋਂ ਬਾਅਦ ਇਹ ਦਿਨ ਖਾਸ ਤੌਰ ‘ਤੇ ਖੁਸ਼ੀ ਤੇ ਜਸ਼ਨ ਦਾ ਦਿਨ ਹੁੰਦਾ ਹੈ। ਭਾਰਤ ਤੋਂ ਇਲਾਵਾ, ਪਾਕਿਸਤਾਨ ਤੇ ਬੰਗਲਾਦੇਸ਼ ਸਮੇਤ ਕਈ ਹੋਰ ਦੇਸ਼ਾਂ ਵਿੱਚ ਕੱਲ੍ਹ ਈਦ-ਉਲ-ਫਿਤਰ ਮਨਾਇਆ ਜਾਵੇਗਾ।
ਦੇਸ਼ ਭਰ ਦੀਆਂ ਵੱਖ-ਵੱਖ ਮਸਜਿਦਾਂ ਤੇ ਈਦਗਾਹਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਈਦ ਦੀ ਨਮਾਜ਼ ਅਦਾ ਕਰਨਗੇ। ਇਸ ਦੇ ਨਾਲ ਹੀ ਰਵਾਇਤੀ ਪਕਵਾਨਾਂ ਤੇ ਮਠਿਆਈਆਂ ਦਾ ਦੌਰ ਸ਼ੁਰੂ ਹੋਵੇਗਾ। ਕਈ ਥਾਵਾਂ ‘ਤੇ ਈਦ ਵਾਲੇ ਦਿਨ ਵਿਸ਼ੇਸ਼ ਮੇਲੇ ਵੀ ਲਗਾਏ ਜਾਂਦੇ ਹਨ, ਜਿੱਥੇ ਲੋਕ ਖਰੀਦਦਾਰੀ ਕਰਦੇ ਹਨ ਅਤੇ ਇੱਕ ਦੂਜੇ ਨੂੰ ਜੱਫੀ ਪਾ ਕੇ ਵਧਾਈ ਦਿੰਦੇ ਹਨ। ਈਦ-ਉਲ-ਫਿਤਰ ਦਾ ਇਹ ਤਿਉਹਾਰ ਪੂਰੀ ਦੁਨੀਆ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਨੂੰ ਖੁਸ਼ੀ ਤੇ ਧਾਰਮਿਕ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਈਦ ਵਾਲੇ ਦਿਨ ਮੁਸਲਿਮ ਘਰਾਂ ਵਿੱਚ ਲੋਕ ਨਵੇਂ ਕੱਪੜੇ ਪਾਉਂਦੇ ਹਨ ਤੇ ਘਰ ਵਿੱਚ ਸੇਵੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਰਮਜ਼ਾਨ ਦੇ ਮਹੀਨੇ ਵਿੱਚ ਰੋਜਾ ਰੱਖਣ ਅਤੇ ਨਮਾਜ਼ ਪੜ੍ਹਨ ਤੋਂ ਬਾਅਦ, ਈਦ ਦਾ ਦਿਨ ਅੱਲ੍ਹਾ ਵੱਲੋਂ ਇਨਾਮ ਵਜੋਂ ਦਿੱਤਾ ਜਾਂਦਾ ਹੈ।
ਐਤਵਾਰ ਨੂੰ ਈਦ ਦੇ ਪਹਿਲੇ ਦਿਨ, ਦੇਸ਼ ਭਰ ਦੇ ਬਾਜ਼ਾਰਾਂ ਵਿੱਚ ਲੋਕ ਈਦ ਦੀ ਖਰੀਦਦਾਰੀ ਕਰਦੇ ਦੇਖੇ ਗਏ। ਜੰਮੂ-ਕਸ਼ਮੀਰ ਵਿੱਚ ਈਦ ਦੇ ਜਸ਼ਨਾਂ ਦੀਆਂ ਤਿਆਰੀਆਂ ਵਿੱਚ ਰੁੱਝੇ ਡੋਡਾ ਦੇ ਲੋਕ ਕੱਪੜੇ ਅਤੇ ਹੋਰ ਚੀਜ਼ਾਂ ਖਰੀਦਣ ਲਈ ਬਾਜ਼ਾਰਾਂ ਵਿੱਚ ਇਕੱਠੇ ਹੋਏ। ਦਿੱਲੀ, ਲਖਨਊ ਤੇ ਅਸਾਮ ਸਮੇਤ ਕਈ ਸ਼ਹਿਰਾਂ ਵਿੱਚ ਈਦ ਦਾ ਚਾਂਦ ਨਜ਼ਰ ਆ ਗਿਆ ਹੈ, ਜਿਸ ਤੋਂ ਬਾਅਦ ਸਾਰਿਆਂ ਨੇ ਈਦ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।