ਜਿੱਥੇ ਸਵਾ ਲੱਖ ਨਾਲ ਲੜਿਆ ਸੀ ਇੱਕ ਇੱਕ ਸਿੱਖ, ਜਾਣੋਂ ਗੁਰਦੁਆਰਾ ਕਤਲਗੜ੍ਹ ਸਾਹਿਬ ਦਾ ਇਤਿਹਾਸ
ਸਿੱਖ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ ਇਸ ਦੇ ਹਰ ਇੱਕ ਸਫ਼ੇ ਤੇ ਕੋਈ ਨਾ ਕੋਈ ਕੁਰਬਾਨੀ ਜ਼ਰੂਰ ਮਿਲੇਗੀ। ਕਦੇ ਕਦੇ ਸੋਚਕੇ ਵੀ ਰੂਹ ਕੰਬ ਜਾਂਦੀ ਹੈ ਕਿ ਕਿੰਨੇ ਬਹਾਦਰ ਸੀ ਉਹ ਯੋਧੇ। ਜਿਨ੍ਹਾਂ ਨੂੰ ਗੁਰੂ ਦੇ ਹੁਕਮਾਂ ਆਪਣੀ ਜਾਨ ਤੋਂ ਕਿਤੇ ਜ਼ਿਆਦਾ ਪਿਆਰੇ ਸਨ। ਅਜਿਹੇ ਹੀ ਪਿਆਰਿਆਂ ਦੀ ਸਹਾਦਤ ਦੀ ਯਾਦਗਾਰ ਆਓ ਜਾਣਦੇ ਹਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦਾ ਇਤਿਹਾਸ
ਜਦੋਂ ਡੁੱਲ੍ਹਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ
ਬਾਬਾ ਅਜੀਤ ਸਿੰਘ ਦੀ ਸ਼ਹਾਦਤ
ਗੁਰੂ ਸਾਹਿਬ ਨੇ 8 ਸਿੰਘਾਂ ਦਾ ਜੱਥਾ ਤਿਆਰ ਕੀਤਾ। ਇਸ ਜੱਥੇ ਦੀ ਅਗਵਾਈ ਵੱਡੇ ਫਰਜੰਦ ਸਾਹਿਬਜਾਦਾ ਅਜੀਤ ਸਿੰਘ ਜੀ ਨੂੰ ਦਿੱਤੀ ਗਈ। ਸ਼ਾਇਦ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਕੋਈ ਪਿਤਾ ਆਪਣੇ ਪੁੱਤ ਨੂੰ ਜੰਗ ਦੇ ਮੈਦਾਨ ਵਿੱਚ ਭੇਜ ਰਿਹਾ ਹੈ। ਜਦੋਂ ਕਿ ਉਹਨਾਂ ਨੂੰ ਪਤਾ ਸੀ ਮੁਗਲ ਫੌਜ ਸਾਹਮਣੇ ਸ਼ਹਾਦਤ ਹੋ ਸਕਦੀ ਹੈ। ਪਰ ਗੁਰੂ ਸਾਹਿਬ ਨੇ ਜਿੱਥੇ ਨੂੰ ਭੇਜਿਆ, ਸਿੰਘਾਂ ਦੇ ਬੁਲੰਦ ਹੌਂਸਲਿਆਂ ਨੇ ਮੁਗਲ ਫੌਜ ਨੂੰ ਭਾਜੜਾਂ ਪਾ ਦਿੱਤੀਆਂ। ਲੜਦੇ ਜੂਝਦੇ ਸਿੰਘਾਂ ਸਮੇਤ ਬਾਬਾ ਅਜੀਤ ਸਿੰਘ ਵੀ ਸ਼ਹੀਦ ਹੋਏ ਗਏ, ਪੁੱਤਰ ਦੀ ਸ਼ਹਾਦਤ ਵੇਖ ਗੁਰੂ ਪਾਤਸ਼ਾਹ ਨੇ ਬੋਲੇ ਸੌ ਨਿਹਾਲ ਦਾ ਜੈਕਾਰਾ ਛੱਡਿਆ… ਵੱਡੇ ਭਰਾ ਦੀ ਸ਼ਹਾਦਤ ਦੇਖ ਛੋਟੇ ਭਰਾ ਬਾਬਾ ਜੁਝਾਰ ਸਿੰਘ ਵੀ ਗੁਰੂ ਪਾਤਸ਼ਾਹ ਕੋਲ ਆਏ ਅਤੇ ਜੰਗ ਵਿੱਚ ਜਾਣ ਦੀ ਬੇਨਤੀ ਕੀਤੀ। ਗੁਰੂ ਪਾਤਸ਼ਾਹ ਨੇ ਖੁਸ਼ ਹੋਏ ਲਾਡਾਂ ਨਾਲ ਪੁੱਤ ਨੂੰ ਘੁੱਟ ਕੇ ਛਾਤੀ ਨਾਲ ਲਗਾਇਆ ਤੇ ਕਿਹਾ ਜਾਓ ਪੁੱਤਰ ਜੀ ਸੂਰਮਿਆਂ ਦੀ ਪਹਿਚਾਣ ਜੰਗ ਵਿੱਚ ਹੁੰਦੀ ਹੈ।ਬਾਬਾ ਜੁਝਾਰ ਸਿੰਘ ਦੀ ਸ਼ਹਾਦਤ
ਗੁਰੂ ਪਾਤਸ਼ਾਹ ਨੇ ਸਾਹਿਬਜਾਦੇ ਨੂੰ ਜੰਗ ਵਿੱਚ ਜਾਣ ਲਈ ਤਿਆਰ ਕੀਤਾ। ਬਾਬਾ ਜੁਝਾਰ ਸਿੰਘ ਜੀ ਦੀ ਉਮਰ 14 ਸਾਲ 8 ਮਹੀਨੇ ਤੇ 17 ਦਿਨ ਦੀ ਸੀ। ਉਹਨਾਂ ਦੇ ਜੱਥੇ ਵਿੱਚ ਪੰਜ ਪਿਆਰਿਆਂ ਵਿੱਚੋ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਸਮੇਤ 3 ਹੋਰ ਸਿੰਘ ਸ਼ਾਮਿਲ ਹੋਏ। ਗੁਰੂ ਪਾਤਸ਼ਾਹ ਗੜ੍ਹੀ ਦੇ ਉੱਪਰ ਖੜ੍ਹੇ ਹੋਕੇ ਸਾਹਿਬਜ਼ਾਦਿਆਂ ਵੱਲੋਂ ਜੰਗ ਦੇ ਮੈਦਾਨ ਵਿੱਚ ਦਿਖਾਏ ਦਾ ਰਹੇ ਜੌਹਰ ਦੇਖ ਰਹੇ ਸਨ। ਲੜਦੇ ਲੜਦੇ ਬਾਬਾ ਜੁਝਾਰ ਸਿੰਘ ਉਸ ਥਾਂ ਤੇ ਪਹੁੰਚੇ ਜਿੱਥੇ ਵੱਡੇ ਭਰਾ ਬਾਬਾ ਅਜੀਤ ਸਿੰਘ ਦੀ ਮ੍ਰਿਤਕ ਦੇਹ ਪਈ ਹੋਈ ਸੀ। ਜਿਵੇਂ ਹੀ ਬਾਬਾ ਜੁਝਾਰ ਸਿੰਘ ਬਾਬਾ ਅਜੀਤ ਸਿੰਘ ਕੋਲ ਜਾ ਲੱਗੇ ਤਾਂ ਇੱਕ ਤੀਰ ਆਕੇ ਉਹਨਾਂ ਦੀ ਛਾਤੀ ਵਿੱਚ ਲੱਗਾ। ਉਹ ਵੀ ਸ਼ਹਾਦਤ ਪ੍ਰਾਪਤ ਕਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਚਲੇ ਗਏ। ਇਹ ਜੰਗ ਗੁਰੂ ਸਾਹਿਬ ਦੇ ਪਿਆਰੇ ਮੋਹਕਮ ਸਿੰਘ ਦੀ ਸ਼ਹਾਦਤ ਨਾਲ ਸ਼ੁਰੂ ਹੋਈ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਨਾਲ ਇਸ ਦਾ ਅੰਤ ਹੋਇਆ। ਗੁਰੂ ਜੀ ਦੀਆਂ ਅੱਖਾਂ ਸਾਹਮਣੇ ਲਾਡਾਂ ਨਾਲ ਪਾਲੇ ਪੁੱਤ ਜ਼ਮੀਨ ਤੇ ਪਏ ਹੋਏ ਸਨ। ਸਾਹਿਬਜਾਦਿਆ ਦੀ ਸ਼ਹਾਦਤ ਪਿੱਛੋ ਗੁਰੂ ਸਾਹਿਬ ਨੇ ਖੁਦ ਜੰਗ ਜਾਣ ਦਾ ਫੈਸਲਾ ਲਿਆ ਪਰ ਪੰਜ ਪਿਆਰਿਆਂ ਨੇ ਹੁਕਮ ਕੀਤਾ ਕਿ ਉਹ ਜੰਗ ਵਿੱਚ ਨਹੀਂ ਜਾਣਗੇ। ਸਿੱਖ ਪੰਥ ਵਿੱਚ ਪੰਜ ਪਿਆਰਿਆਂ ਦਾ ਹੁਕਮ ਗੁਰੂ ਨੂੰ ਵੀ ਮੰਨਣਾ ਪੈਂਦਾ ਹੈ। ਪੰਜ ਪਿਆਰਿਆਂ ਦੇ ਹੁਕਮ ਸਦਕਾ ਗੁਰੂ ਸਾਹਿਬ ਤਾੜੀ ਮਾਰਦੇ ਹੋਏ ਚਮਕੌਰ ਦੀ ਗੜ੍ਹੀ ਨੂੰ ਛੱਡ ਮਾਛੀਵਾੜੇ ਦੇ ਜੰਗਲਾਂ ਵੱਲ ਰਵਾਨਾ ਹੋ ਗਏ। ਜਿਸ ਥਾਂ ਸਿੰਘਾਂ ਦਾ ਖੂਨ ਡੁੱਲ੍ਹਿਆ ਅਤੇ ਸਾਹਿਬਜਾਦਿਆ ਦੀ ਸ਼ਾਹਦਤ ਹੋਈ ਉਸ ਥਾਂ ਤੇ ਅੱਜ ਗੁਰਦੁਆਰਾ ਕਤਲਗੜ੍ਹ ਸਾਹਿਬ ਸੁਸੋਭਿਤ ਹੈ।
Follow Us
