ਜਿਨ੍ਹਾਂ ਦੇ ਪ੍ਰਭੂ ਭਗਤੀ ਵਿੱਚ ਲਿਖੇ ਵੈਰਾਗ ਮਈ ਸ਼ਬਦ, ਜਾਣੋਂ ਭਗਤ ਭੀਖਨ ਜੀ | bhagat bhikhan ji jiwani guru granth sahib sikh history know full in punjabi Punjabi news - TV9 Punjabi

ਜਿਨ੍ਹਾਂ ਦੇ ਪ੍ਰਭੂ ਭਗਤੀ ਵਿੱਚ ਲਿਖੇ ਵੈਰਾਗ ਮਈ ਸ਼ਬਦ, ਜਾਣੋਂ ਭਗਤ ਭੀਖਨ ਜੀ

Published: 

15 Jul 2024 06:15 AM

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿੱਚ 15 ਭਗਤ ਸਾਹਿਬਾਨਾਂ ਦੀ ਬਾਣੀ ਸ਼ਾਮਿਲ ਹੈ। ਉਹਨਾਂ ਭਗਤਾਂ ਵਿੱਚੋਂ ਇੱਕ ਹਨ ਭਗਤ ਭੀਖਨ ਜੀ। ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਅੱਜ ਜਾਣਾਂਗੇ ਭਗਤ ਭੀਖਨ ਜੀ ਬਾਰੇ।

ਜਿਨ੍ਹਾਂ ਦੇ ਪ੍ਰਭੂ ਭਗਤੀ ਵਿੱਚ ਲਿਖੇ ਵੈਰਾਗ ਮਈ ਸ਼ਬਦ, ਜਾਣੋਂ ਭਗਤ ਭੀਖਨ ਜੀ

ਭਗਤ ਭੀਖਨ ਜੀ

Follow Us On

ਭਗਤ ਭੀਖਨ ਜੀ ਦੇ 2 ਸ਼ਬਦ ਰਾਗੁ ਸੋਰਠਿ ਹੇਠ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਉਹਨਾਂ ਦੇ ਜਨਮ ਅਤੇ ਜੀਵਨ ਕਾਲ ਸਬੰਧੀ ਵੱਖ ਵੱਖ ਵਿਦਿਵਾਨਾਂ ਵਿੱਚ ਮਤਭੇਦ ਹਨ। ਭਗਤ ਦੀਆਂ ਰਚਨਾਵਾਂ ਨੂੰ ਦੇਖਦਿਆਂ ਕਈ ਵਿਦਵਾਨ ਉਹਨਾਂ ਨੂੰ ਹਿੰਦੂ ਸੰਤ ਵੀ ਆਖ ਦਿੰਦੇ ਹਨ। ਪਰ ਦੂਜੇ ਪਾਸੇ ਜ਼ਿਆਦਾਤਰ ਵਿਦਵਾਨ ਉਹਨਾਂ ਨੂੰ ਇਸਲਾਮ ਧਰਮ ਦੇ ਸੂਫੀ ਮੱਤ ਨਾਲ ਸਬੰਧਿਤ ਮੰਨਦੇ ਹਨ।

ਭਗਤ ਭੀਖਨ ਜੀ ਮੱਧਕਾਲੀ ਭਾਰਤੀ ਸੰਤ ਹਨ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਤੇ ਇਤਿਹਾਸਕਾਰ ਮੈਕਾਲਫ਼ ਦੇ ਅਨੁਸਾਰ ਭਗਤ ਭੀਖਨ ਜੀ ਦਾ ਜਨਮ ਸਾਲ 1480 ਈਸਵੀ ਵਿੱਚ ਕਾਕੌਰੀ ਵਿਖੇ ਹੋਇਆ। ਜੋ ਅੱਜ ਕੱਲ੍ਹ ਦੇ ਉੱਤਰ ਪ੍ਰਦੇਸ਼ ਵਿੱਚ ਪੈਂਦਾ ਹੈ। ਪਰ ਕਈ ਵਿਦਿਵਾਨ ਇਸ ਨਾਲ ਸਹਿਮਤ ਨਹੀਂ ਹਨ। ਆਪ ਜੀ ਦੀ ਬਾਣੀ ਵਿੱਚ ਵੈਰਾਗ ਦੀ ਭਾਵਨਾ ਹੈ।

ਸਾਦਾ ਜੀਵਨ ਬਤੀਤ ਕਰਦੇ ਸਨ ਭੀਖਨ ਜੀ

ਇਤਿਹਾਸਿਕ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਭਗਤ ਭੀਖਨ ਜੀ ਸਾਦਾ ਜੀਵਨ ਬਤੀਤ ਕਰਦੇ ਹਨ। ਭੀਖਨ ਦਾ ਜੀਵਨ ਇੱਕ ਆਦਰਸ਼ ਗ੍ਰਹਿਸਥੀ ਵਾਲਾ ਸੀ। ਭੀਖਨ ਜੀ ਦੇ ਵਿਦਵਾਨ ਅਤੇ ਬੁੱਧੀਜੀਵੀ ਹੋਣ ਕਰਕੇ ਪ੍ਰਸਿੱਧੀ ਦੂਰ-ਦੂਰ ਤੱਕ ਫੈਲੀ ਹੋਈ ਸੀ। ਫਿਰ ਆਪ ਜੀ ਭਗਤੀ ਲਹਿਰ ਦੇ ਪ੍ਰਭਾਵ ਹੇਠ ਆ ਗਏ ਅਤੇ ਅੰਧਵਿਸ਼ਵਾਸਾਂ ਅਤੇ ਕੂੜ ਰਸਮਾਂ ਦੇ ਅਲੋਚਕ ਬਣ ਗਏ। ਆਪ ਜੀ ਨੇ ਜਿੰਦਗੀ ਭਰ ਕੂੜ ਰੀਤੀ ਰਿਵਾਜਾਂ ਦਾ ਖੰਡਨ ਕੀਤਾ।

ਆਪ ਜੀ ਗ੍ਰਹਿਸਥੀ ਜੀਵਨ ਨੂੰ ਜਿਉਂਦੇ ਹੋਏ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ। ਆਪ ਜੀ ਦੀ ਬਾਣੀ ਵਿੱਚ ਵੈਰਾਗ ਦੀ ਭਾਵਨਾ ਦਿਖਾਈ ਦਿੰਦੀ ਹੈ।

ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥
ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥੧॥
ਰਾਮ ਰਾਇ ਹੋਹਿ ਬੈਦ ਬਨਵਾਰੀ ॥
ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥
ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥
ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥੨॥
ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥ (ਅੰਗ 659)

ਭੀਖਨ ਜੀ ਕਹਿੰਦੇ ਹਨ ਕਿ ਮਨੁੱਖ ਆਪਣੇ ਜੀਵਨ ਵਿੱਚ 5 ਵਿਕਾਰਾਂ ਵਿੱਚ ਫਸਿਆ ਰਹਿੰਦਾ ਹੈ ਪਰ ਜੇਕਰ ਪ੍ਰਮਾਤਮਾ ਮਿਹਰ ਦੀ ਨਜ਼ਰ ਕਰ ਦੇਵੇ ਤਾਂ ਮਨੁੱਖ ਭਵਜਲ ਤੋਂ ਪਾਰ ਹੋ ਜਾਂਦਾ ਹੈ। ਅਖੀਰ ਭਗਤ ਭੀਖਨ ਜੀ 97 ਸਾਲ ਦੀ ਉਮਰ ਬਤੀਤ ਕਰਦੇ ਹੋਏ 1574 (631 ਬਿਕਰਮੀ) ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।

Exit mobile version