ਕਣਕ ਦੀ ਖਰੀਦ ‘ਤੇ ਪੰਜਾਬ ‘ਚ ਕੇਂਦਰ ਨੇ ਦਿੱਤੀ ਰਿਆਇਤ, 70 ਫੀਸਦੀ ਤੱਕ ਬਦਰੰਗ ਕਣਕ ਨੂੰ ਛੋਟ
Wheat Crop Procurement Relief: ਪੰਜਾਬ 'ਚ ਬੇਮੌਸਮੀ ਬਰਸਾਤ ਕਾਰਨ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬੇਮੌਸਮੀ ਬਰਸਾਤ ਤੇ ਗੜ੍ਹੇਮਾਰੀ ਕਾਰਨ 1.25 ਲੱਖ ਏਕੜ ਤੋਂ ਵੱਧ ਖੇਤਰ ਦੀ ਫਸਲ ਦਾ ਨੁਕਸਾਨ ਹੋ ਗਿਆ ਹੈ। ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਏਗੀ ਤੇ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂਕਣਕ ਖਰੀਦ ਦੇ ਮਾਪਦੰਡਾਂ ਚ ਛੋਟ ਦੇਣ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਨੇ ਕਣਕ ਖਰੀਦ ਤੇ ਵੱਡੀ ਰਿਆਇਤ ਦਿੰਦਿਆਂ 70 ਫੀਸਦੀ ਤੱਕ ਬਦਰੰਗ ਕਣਕ ਨੂੰ ਖਰੀਦਣ ਦਾ ਐਲਾਨ ਕੀਤਾ ਹੈ। ਇਹੀ ਨਹੀਂ, ਨਾਲ ਹੀ 15 ਫੀਸਦੀ ਤੱਕ ਟੁੱਟੇ ਅਤੇ ਸੁੰਗੜੇ ਦਾਣੇ ਦੀ ਖਰੀਦ ਵੀ ਐਮਐਸਪੀ ਤੇ ਤਹਿਤ ਹੀ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਵਾਰ ਮੀਂਹ ਅਤੇ ਗੜ੍ਹੇਮਾਰੀ ਕਰਕੇ ਪੱਕੀ ਹੋਈ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ। ਜਿਸਨੂੰ ਲੈ ਕੇ ਕਿਸਾਨ ਕਾਫੀ ਫਿਕਰਮੰਦ ਹਨ। ਹਾਲਾਂਕਿ ਪੰਜਾਬ ਸਰਕਾਰ ਨੇ ਖਰਾਬ ਫਸਲ ਦੀ ਗਿਰਦਾਵਰੀ ਕਰਵਾ ਕੇ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ। ਇਹ ਪ੍ਰਕਿਰੀਆ ਲਗਾਤਾਰ ਚੱਲ ਰਹੀ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਪਿਛਲੇ ਦਿਨਾਂ ਵਿੱਚ ਚੱਲੀਆਂ ਤੇਜ਼ ਹਵਾਵਾਂ ਅਤੇ ਬੇਮੌਸਮੀ ਬਾਰਿਸ਼ ਕਾਰਨ ਸੂਬੇ ਅੰਦਰ ਕਰੀਬ 1.5 ਲੱਖ ਹੈਕਟੇਅਰ ਕਣਕ ਦੀ ਫ਼ਸਲ ਜ਼ਮੀਨ ‘ਤੇ ਡਿੱਗ ਗਈ ਸੀ। ਇਸ ਕਾਰਨ ਕਾਫੀ ਫਸਲ ਬਰਬਾਦ ਹੋ ਗਈ।
ਕਣਕ ਦੀ ਗੁਣਵੱਤਾ ਤੇ ਪੈਂਦਾ ਹੈ ਫਰਕ
ਮੀਂਹ ਅਤੇ ਗੜ੍ਹੇਮਾਰੀ ਕਰਕੇ ਕਣਕ ਦੇ ਦਾਣਿਆਂ ਵਿੱਚ ਪਈ ਨਮੀ ਨੇ ਚਮਕ ਨੂੰ ਘਟਾ ਦਿੱਤਾ ਹੈ ਅਤੇ ਫੰਗਲ ਇਨਫੈਕਸ਼ਨ ਦਾ ਵੀ ਖਤਰਾ ਪੈਦਾ ਹੋ ਗਿਆ ਹੈ। ਇਸ ਨਾਲ ਕਣਕ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ ਅਤੇ ਉਤਪਾਦਨ ਘਟ ਸਕਦਾ ਹੈ। ਕਿਸਾਨ ਹੁਣ ਤੱਕ ਡਰ ਰਹੇ ਸਨ ਕਿ ਉਨ੍ਹਾਂ ਦੀ ਬਦਰੰਗ ਹੋਈ ਫਸਲ ਨੂੰ ਪਤਾ ਨਹੀਂ ਖਰੀਦਿਆ ਜਾਵੇਗਾ ਜਾਂ ਨਹੀਂ। ਪਰ ਹੁਣ ਕੇਂਦਰ ਦੇ ਇਸ ਐਲਾਨ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ।
ਪੰਜਾਬ ਸਰਕਾਰ ਦੇਵੇਗੀ ਮੁਆਵਜ਼ਾ
ਕੁਝ ਦਿਨ ਪਹਿਲਾਂ ਹੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਾਣਕਾਰੀ ਦਿੱਤੀ ਸੀ ਕਿ ਸੂਬੇ ‘ਚ 1.25 ਲੱਖ ਏਕੜ ਤੋਂ ਵੱਧ ਖੇਤਰ ‘ਚ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ। ਬੇਮੌਸਮੀ ਬਰਸਾਤ ਦੇ ਗੜ੍ਹੇਮਾਰੀ ਨਾਲ ਪ੍ਰਭਾਵਿਤ ਜ਼ਿਲ੍ਹਿਆਂ ‘ਚ ਖੇਤੀ ਵਿਭਾਗ ਦੇ 500 ਤੋਂ ਵੱਧ ਕਰਮਚਾਰੀ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣਗੇ। ਸੱਤ ਪ੍ਰਭਾਵਿਤ ਜ਼ਿਲ੍ਹਿਆਂ ‘ਚ ਤੈਨਾਤ ਟੀਮਾਂ ‘ਚ ਗਰੁੱਪ-ਏ ਦੇ 145 ਅਧਿਕਾਰੀ ਵੀ ਸ਼ਾਮਲ ਹਨ। ਅਧਿਕਾਰੀਆਂ ਨੂੰ ਵਿਸ਼ੇਸ਼ ਫਸਲ ਨਿਰੀਖਣ ਲਈ ਮਾਲ ਵਿਭਾਗ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਏਗੀ ਤੇ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ।
