ਕੁੜੀ ਦੇ ਪਿੱਛੇ ਤੁਰ ਕੇ ਸਰਹੱਦ ਪਾਰ ਜਾ ਪੁੱਜਾ ਭਾਰਤੀ ਕੈਦੀ 5 ਸਾਲਾਂ ਬਾਅਦ ਰਿਹਾ
ਪੰਜ ਸਾਲ ਪਹਿਲਾਂ ਰਾਜੂ ਗਲਤੀ ਨਾਲ ਪਾਕਿਸਤਾਨ ਜਾ ਵੜਿਆ ਸੀ, ਜਦਕਿ ਦੂਜਾ ਕੈਦੀ ਕਰੀਬ ਢਾਈ ਸਾਲ ਉਥੇ ਪਾਕਿਸਤਾਨ ਦੀ ਜੇਲ੍ਹ ਵਿੱਚ ਕੈਦ ਰਿਹਾ। ਵਾਪਸ ਪਰਤੇ ਕੈਦੀਆਂ ਨੇ ਦੱਸਿਆ ਕਿ ਉੱਥੇ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਕਰੀਬ 700 ਕੈਦੀਆਂ ਦੀ ਹਾਲਤ ਪਾਗਲਾਂ ਵਰਗੀ ਹੋ ਗਈ ਹੈ।
ਇਸਲਾਮਾਬਾਦ : ਪਾਕਿਸਤਾਨ ਸਰਕਾਰ ਵੱਲੋਂ ਮੰਗਲਵਾਰ ਦੋ ਭਾਰਤੀ ਕੈਦੀਆਂ ਕੈਦੀਆਂ ਨੂੰ ਆਪਣੀ ਜੇਲ੍ਹ ਚੋਂ ਰਿਹਾ ਕਰਕੇ ਅਟਾਰੀ-ਵਾਘਾ ਸਰਹੱਦ ਦੇ ਰਸਤੇ ਮੁੜ ਭਾਰਤ ਭੇਜ ਦਿੱਤਾ ਗਿਆ ਹੈ। ਇਨ੍ਹਾਂ ਚੋਂ ਇੱਕ ਭਾਰਤੀ ਕੈਦੀ ਗੇਂਬਰਾ ਰਾਮ ਨੇ ਦੱਸਿਆ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਹਾਲੇ ਵੀ ਕਰੀਬ 700 ਹੋਰ ਕੈਦੀ ਉਥੇ ਸਜ਼ਾ ਕੱਟ ਰਹੇ ਹਨ। ਸਰਹੱਦ ਤੇ ਮੌਜੂਦ ਪ੍ਰੋਟੋਕੋਲ ਅਫਸਰ ਅਰੁਣ ਪਾਲ ਨੇ ਦੱਸਿਆ ਕਿ ਅੱਜ ਤੋਂ ਪੰਜ ਸਾਲ ਪਹਿਲਾਂ ਰਾਜੂ ਗਲਤੀ ਨਾਲ ਪਾਕਿਸਤਾਨ ਜਾ ਵੜਿਆ ਸੀ, ਜਦ ਕਿ ਦੂਜਾ ਕੈਦੀ ਕਰੀਬ ਢਾਈ ਸਾਲ ਉਥੇ ਪਾਕਿਸਤਾਨ ਦੀ ਜੇਲ ਵਿੱਚ ਕੈਦ ਰਿਹਾ।
6 ਮਹੀਨੇ ਦੱਬ ਕੇ ਕੀਤੀ ਕੁੱਟਮਾਰ
ਗੇਂਬਰਾ ਰਾਮ ਨੇ ਦੱਸਿਆ ਕਿ ਉਹ ਇੱਕ ਕੁੜੀ ਦੇ ਪਿੱਛੇ ਤੁਰਦੇ ਹੋਏ ਪਾਕਿਸਤਾਨ ਦੀ ਸਰਹੱਦ ਵਿੱਚ ਜਾ ਵੜਿਆ ਸੀ। ਜਦੋਂ ਉਹ ਉੱਥੇ ਫੜ ਲਿਆ ਗਿਆ ਤਾਂ ਪਾਕਿਸਤਾਨੀ ਅਧਿਕਾਰੀਆਂ ਨੇ 6 ਮਹੀਨੇ ਤੱਕ ਉਸ ਨਾਲ ਦੱਬ ਕੇ ਕੁੱਟਮਾਰ ਕੀਤੀ। ਛੇ ਮਹੀਨੇ ਬਾਅਦ ਉਸਨੂੰ ਕਿਸੇ ਹੋਰ ਜੇਲ੍ਹ ਵਿੱਚ ਲੈ ਜਾਇਆ ਗਿਆ, ਜਿੱਥੇ ਉਸ ਨੇ 30 ਮਹੀਨੇ ਜੇਲ੍ਹ ਵਿੱਚ ਕੱਟੇ। ਉਹਨਾਂ ਨੇ ਕਿਹਾ ਕਿ ਉੱਥੇ ਜੇਲ੍ਹ ਵਿੱਚ ਹਾਲੇ ਵੀ 700 ਹੋਰ ਭਾਰਤੀ ਕੈਦੀ ਹਨ। ਉਹਨਾਂ ਦੀ ਹਾਲਤ ਪਾਗਲਾਂ ਵਰਗੀ ਹੋ ਗਈ ਹੈ। ਉਨ੍ਹਾਂ ਦੀ ਹਾਲਤ ਦੱਸਣ ਵਾਲੀ ਨਹੀਂ ਹੈ।
ਭਾਰਤ ਸਰਕਾਰ ਨੂੰ ਬੇਨਤੀ ਕੀਤੀ
ਗੇਂਬਰਾ ਰਾਮ ਨੇ ਭਾਰਤ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਹਨਾਂ ਸਾਰਿਆਂ ਭਾਰਤੀ ਕੈਦੀਆਂ ਨੂੰ ਜਲਦ ਤੋਂ ਜਲਦ ਪਾਕਿਸਤਾਨੀ ਜੇਲ੍ਹਾਂ ਚੋਂ ਰਿਹਾ ਕਰਾ ਕੇ ਮੁੜ ਭਾਰਤ ਲਿਆਂਦਾ ਜਾਵੇ ਕਿਉਂਕਿ ਉਹਨਾਂ ਚੋਂ ਜ਼ਿਆਦਾਤਰ ਭਾਰਤੀ ਕੈਦੀਆਂ ਦੀ ਹਾਲਤ ਬਹੁਤ ਹੀ ਮਾੜੀ ਹੈ।
ਪਾਕਿਸਤਾਨ ਪਰਤੇ 17 ਕੈਦੀ
ਪਿੱਛਲੀ 27 ਜਨਵਰੀ ਨੂੰ ਭਾਰਤ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਦੱਸਿਆ ਗਿਆ ਸੀ ਕਿ ਭਾਰਤ ਨੇ ਜੇਲ੍ਹ ਵਿੱਚ ਸਜ਼ਾ ਕੱਟ ਰਹੇ 17 ਪਾਕਿਸਤਾਨੀ ਕੈਦੀਆਂ ਨੂੰ ਅਟਾਰੀ-ਵਾਘਾ ਸਰਹੱਦ ਰਾਹੀਂ ਪਾਕਿਸਤਾਨ ਭੇਜ ਦਿੱਤਾ ਸੀ। ਆਪਣੇ ਇੱਕ ਟਵੀਟ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਕਿਹਾ ਗਿਆ ਸੀ, ਭਾਰਤੀ ਜੇਲ੍ਹਾਂ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਪਾਕਿਸਤਾਨੀ ਕੈਦੀਆਂ ਨੂੰ ਮੁੜ ਆਪਣੇ ਵਤਨ ਲਿਆਉਣ ਦੀ ਕੋਸ਼ਿਸ਼ਾਂ ਅੱਗੇ ਵੀ ਜਾਰੀ ਰਹਿਣਗੀਆਂ। ਬੀਤੀ 2 ਜਨਵਰੀ ਨੂੰ ਭਾਰਤ ਨੇ ਪਾਕਿਸਤਾਨ ਨੂੰ ਉਹਨਾਂ ਦੇ 631 ਭਾਰਤੀ ਮਛੇਰਿਆਂ ਅਤੇ 2 ਹੋਰ ਭਾਰਤੀ ਕੈਦੀਆਂ ਨੂੰ ਉਥੇ ਜੇਲ੍ਹ ਦੀ ਸਜ਼ਾ ਪੂਰੀ ਕਰਨ ਮਗਰੋਂ ਮੁੜ ਭਾਰਤ ਭੇਜਣ ਲਈ ਕਿਹਾ ਸੀ।