ਸੰਤ ਸੀਚੇਵਾਲ ਦੇ ਸੱਦੇ ‘ਤੇ ਕਾਲੀ ਵੇਈਂ ਦੇ ਦਰਸ਼ਨਾਂ ਲਈ ਆਉਣਗੇ ਕੇਂਦਰੀ ਜਲ ਸ਼ਕਤੀ ਮੰਤਰੀ

Published: 

09 Feb 2023 17:39 PM

ਕੁਝ ਦਿਨ ਪਹਿਲਾਂ ਹੀ ਸ਼ੇਖਾਵਤ ਨੇ ਵੇਈਂ ਦੇ ਨਿਰਮਲ ਵੱਗਦੀ ਜਲਧਾਰਾ ਨੂੰ ਦੇਖਣ ਦੀ ਇੱਛਾ ਜਾਹਿਰ ਕੀਤੀ ਸੀ। ਜਿਸ ਤੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਨੂੰ ਇਸ ਪਵਿੱਤਰ ਕਾਲੀ ਵੇਈਂ ਦੇ ਦਰਸ਼ਨਾਂ ਲਈ ਆਉਣ ਦਾ ਸੱਦਾ ਦਿੱਤਾ ਸੀ।

ਸੰਤ ਸੀਚੇਵਾਲ ਦੇ ਸੱਦੇ ਤੇ ਕਾਲੀ ਵੇਈਂ ਦੇ ਦਰਸ਼ਨਾਂ ਲਈ ਆਉਣਗੇ ਕੇਂਦਰੀ ਜਲ ਸ਼ਕਤੀ ਮੰਤਰੀ
Follow Us On

ਸੁਲਤਾਨਪੁਰ ਲੋਧੀ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਬਾਬੇ ਨਾਨਕ ਦੀ ਪਵਿੱਤਰ ਕਾਲੀ ਵੇਈਂ ਦੇ ਦਰਸ਼ਨਾਂ ਲਈ ਆਉਣਗੇ। ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪਾਰਲੀਮੈਂਟ ਵੱਲੋਂ ਜਲ ਸ਼ਕਤੀ ਮੰਤਰਾਲੇ ਦੀ ਬਣਾਈ ਸਲਾਹਕਾਰ ਕਮੇਟੀ ਦੇ ਉਹ ਮੈਂਬਰ ਹਨ। ਇਸ ਕਮੇਟੀ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤੀ ਸੀ। ਇਸ ਮੀਟਿੰਗ ਵਿੱਚ ਉਨ੍ਹਾ ਨੇ ਪੰਜਾਬ ਦੇ ਪਾਣੀਆਂ ਦੇ ਮੁੱਦਿਆਂ ਨੂੰ ਉਠਾਇਆ ਸੀ ਅਤੇ ਨਾਲ ਹੀ ਕੇਂਦਰੀ ਮੰਤਰੀ ਨੂੰ ਸੁਲਤਾਨਪੁਰ ਲੋਧੀ ਆਉਣ ਦਾ ਸੱਦਾ ਦਿੱਤਾ ਸੀ।

ਸੰਤ ਸੀਚੇਵਾਲ ਨੇ ਦੱਸਿਆ ਕਿ ਸਲਾਹਕਾਰ ਕਮੇਟੀ ਵਿੱਚ ਉਨ੍ਹਾਂ ਨੇ ਵਰਤੇ ਗਏ ਪਾਣੀ ਨੂੰ ਮੁੜ ਵਰਤਣ, ਮੀਂਹ ਦੇ ਪਾਣੀ ਨੂੰ ਸੰਭਾਲਣ ਅਤੇ ਖੇਤ ਦਾ ਪਾਣੀ ਖੇਤ ਵਿੱਚ ਰੀਚਾਰਜ਼ ਕਰਨ ਬਾਰੇ ਚਰਚਾ ਕੀਤੀ ਸੀ।

ਉਨ੍ਹਾਂ ਨੇ ਮੀਟਿੰਗ ਵਿੱਚ ਨਦੀਆਂ ਤੇ ਦਰਿਆਵਾਂ ਵਿੱਚ ਫੈਕਟਰੀਆਂ ਦੇ ਪਾਏ ਜਾ ਰਹੇ ਦੂਸ਼ਿਤ ਪਾਣੀ ਦਾ ਮੁੱਦਾ ਵੀ ਉਠਾਇਆ ਸੀ ਜਿਸ ਕਾਰਨ ਧਰਤੀ ਹੇਠਲੇ ਪਾਣੀ ਦੇ ਦੂਸ਼ਿਤ ਹੋਣ ਕਾਰਨ ਲੋਕਾਂ ਭਿਆਨਕ ਬੀਮਾਰੀਆਂ ਨਾਲ ਪੀੜਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਘਰਾਂ ਦੀਆਂ ਛੱਤਾਂ ਤੋਂ ਮੀਂਹ ਦਾ ਪਾਣੀ ਮਨਰੇਗਾ ਰਾਹੀ ਧਰਤੀ ਹੇਠ ਰੀਚਾਰਜ ਕੀਤਾ ਜਾਵੇ।

ਸੰਤ ਸੀਚੇਵਾਲ ਨੇ ਦੱਸਿਆ ਕਿ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਸੁਲਤਾਨਪੁਰ ਲੋਧੀ ਆਉਣਗੇ ਦਾ ਸੱਦਾ ਸਵੀਕਾਰ ਕਰਦਿਆਂ ਕਿਹਾ ਸੀ ਕਿ ਉਹ ਬਾਬੇ ਨਾਨਕ ਦੀ ਵੇਈਂ ਦੇਖਣ ਦੇ ਇੱਛੁਕ ਹਨ ਜਿਹੜੀ ਦੇਸ਼ ਲਈ ਇੱਕ ਮਾਡਲ ਵੱਲੋਂ ਸਥਾਪਿਤ ਹੋਈ ਹੈ ਕਿ ਨਦੀਆਂ ਦਰਿਆਵਾਂ ਨੂੰ ਕਿਵੇਂ ਸਾਫ਼ ਰੱਖਿਆ ਜਾ ਸਕਦਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਨੇੜਲੇ ਭਵਿੱਖ ਵਿੱਚ ਵੇਈਂ ਦੇ ਨਿਰਮਲ ਵੱਗਦੀ ਜਲਧਾਰਾ ਨੂੰ ਦੇਖਣਾ ਚਹੁੰਦੇ ਹਨ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਸੰਭਾਲ ਕਰਨਾ ਬੇਹੱਦ ਜਰੂਰੀ ਹੈ ਤੇ ਦੇਸ਼ ਨੂੰ ਖੇਤੀ ਲਈ ਲੋੜੀਂਦੇ ਪਾਣੀ ਦਾ ਪ੍ਰਬੰਧ ਨਦੀਆਂ ਤੇ ਦਰਿਆਵਾਂ ਵਿੱਚ ਵੱਗਦੇ ਸਾਫ਼ ਪਾਣੀਆਂ ਨਾਲ ਹੀ ਕੀਤਾ ਜਾ ਸਕਦਾ। ਇਸ ਮੌਕੇ ਇਸ 24 ਮੈਂਬਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸੰਸਦ ਮੈਂਬਰਾਂ ਵੀ ਸ਼ਾਮਿਲ ਹੋਏ ਤੇ ਉਹਨਾਂ ਵੱਲੋਂ ਵੀ ਆਪਣੇ ਆਪਣੇ ਇਲਾਕਿਆਂ ਦੇ ਪਾਣੀਆਂ ਦੇ ਹਾਲਤਾਂ ਤੋਂ ਕਮੇਟੀ ਨੂੰ ਜਾਣੂ ਕਰਵਾਇਆ ਗਿਆ।