ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੰਦ ਹੋਏ ਫਰੀਦਕੋਟ ਸਥਿਤ ਬੀਜ ਖੋਜ ਕੇਂਦਰ ਦੀ ਮਸ਼ੀਨਰੀ ਹੋਣ ਲੱਗੀ ਕਬਾੜ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੰਦ ਹੋਏ ਫਰੀਦਕੋਟ ਸਥਿਤ ਬੀਜ ਖੋਜ ਕੇਂਦਰ ਦੀ ਮਸ਼ੀਨਰੀ ਹੋਣ ਲੱਗੀ ਕਬਾੜ, ਮਹਾਂਰਾਜਾ ਫਰੀਦਕੋਟ ਦੀ ਕਰੀਬ 1200 ਏਕੜ ਜ਼ਮੀਨ ਵਿਚ ਚਲਦੇ ਬੀਜ ਖੋਜ ਕੇਂਦਰ ਨੂੰ ਖੇਤੀਬਾੜੀ ਯੂਨੀਵਰਸਿਟੀ ਨੇ ਕੀਤਾ ਸੀ ਬੰਦ, ਚਲਾਉਣ ਲਈ ਪੰਜਾਬ ਸਰਕਾਰ ਨਹੀਂ ਦਿਖਾ ਰਹੀ ਦਿਲਚਸਪੀ।
ਹੁਣ ਨਹੀਂ ਹੋ ਰਹੀ ਕੋਈ ਸੰਭਾਲ
ਰਾਜਾ ਹਰਿੰਦਰ ਸਿੰਘ ਬੀਜ ਖੋਜ ਕੇਂਦਰ ਵਿੱਚ ਇੱਕ ਦਰਜਨ ਟਰੈਕਟਰ ਅਤੇ ਖੇਤੀ ਲਈ ਲੋੜੀਂਦੇ ਆਧੁਨਿਕ ਸੰਦਾਂ ਤੋਂ ਇਲਾਵਾ ਬੀਜਾਂ ਦੀ ਟੈਸਟਿੰਗ ਲਈ ਆਧੁਨਿਕ ਲੈਬਾਰਟਰੀਆਂ ਵੀ ਸਥਾਪਤ ਹਨ। ਇਨ੍ਹਾਂ ਦੀ ਹੁਣ ਕੋਈ ਸੰਭਾਲ ਨਹੀਂ ਹੋ ਰਹੀ, ਜਿਸ ਕਾਰਨ ਇਹ ਬੇਕਾਰ ਹੋ ਰਹੀਆਂ ਹਨ। ਇਹ ਖੋਜ ਕੇਂਦਰ ਖੇਤੀਬਾੜੀ ਯੂਨੀਵਰਸਿਟੀ ਦਾ ਸਭ ਤੋਂ ਵੱਡਾ ਬੀਜ ਖੋਜ ਕੇਂਦਰ ਸੀ ਅਤੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਂਦੇ ਸੁਧਰੇ 75 ਫੀਸਦੀ ਬੀਜ ਇਸ ਖੋਜ ਕੇਂਦਰ `ਚੋਂ ਹੀ ਭੇਜੇ ਜਾਂਦੇ ਸਨ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਫਰੀਦਕੋਟ ਵਿੱਚ ਸਥਾਪਿਤ ਇਹ ਬੀਜ ਖੋਜ ਕੇਂਦਰ ਮਾਲਵੇ ਲਈ ਸੁਧਰੇ ਬੀਜਾਂ ਦਾ ਸਭ ਤੋਂ ਵੱਡਾ ਸਰੋਤ ਸੀ। ਇਸ ਦੇ ਬੰਦ ਹੋਣ ਨਾਲ ਕਿਸਾਨਾਂ ਨੂੰ ਲੋੜ ਅਨੁਸਾਰ ਮਿਆਰੀ ਬੀਜ ਨਹੀਂ ਮਿਲ ਰਹੇ ਅਤੇ ਬੀਜ ਮਾਫ਼ੀਆ ਭਾਰੂ ਹੋ ਰਿਹਾ ਹੈ।ਮੁੜ ਸ਼ੁਰੂ ਹੋਵੇਗਾ ਬੀਜ ਖੋਜ ਕੇਂਦਰ: ਵਿਧਾਇਕ ਸੇਖੋਂ
ਫ਼ਰੀਦਕੋਟ ਦੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਬੀਜ ਖੋਜ ਕੇਂਦਰ ਸ਼ੁਰੂ ਕਰਨ ਲਈ ਉਹ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਲਿਖ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਬੀਜ ਖੋਜ ਕੇਂਦਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧੀਨ ਆਉਂਦਾ ਹੈ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਵੀ ਇਸ ਮਾਮਲੇ ਵਿੱਚ ਤੁਰੰਤ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਪਈ ਕੀਮਤੀ ਮਸ਼ੀਨਰੀ ਨੂੰ ਕਿਸੇ ਵੀ ਕੀਮਤ ‘ਤੇ ਕਬਾੜ ਨਹੀਂ ਬਣਨ ਦਿੱਤਾ ਜਾਵੇਗਾ। ਜਲਦੀ ਹੀ ਬੀਜ ਕੇਂਦਰ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਵੇਗਾ।
Follow Us
