ਸੁਨਾਮ ‘ਚ ਸਿਹਤ ਮੁਹਿੰਮ ਦੀ ਸ਼ੁਰੂਆਤ, ਡੇਂਗੂ ਤੇ ਵਾਇਰਲ ਬੁਖਾਰ ਨੂੰ ਲੈ ਕੇ ਅਲਰਟ ‘ਤੇ ਪ੍ਰਸ਼ਾਸਨ
ਸੁਨਾਮ ਵਿੱਚ ਚਿਕਨਗੁਨੀਆ, ਡੇਂਗੂ ਅਤੇ ਵਾਇਰਲ ਬੁਖਾਰ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਫੋਗਿੰਗ ਮਸ਼ੀਨਾਂ ਨਾਲ 23 ਵਾਰਡਾਂ ਵਿੱਚ ਰਵਾਨਾ ਕੀਤਾ। ਇਸ ਲਈ ਸਰਕਾਰ ਨੇ ਸੁਨਾਮ ਵਿੱਚ 20 ਦਿਨਾਂ ਦੀ ਸਿਹਤ ਮੁਹਿੰਮ ਸ਼ੁਰੂ ਕੀਤੀ ਹੈ। ਇਹ ਦੇਖਣਾ ਬਾਕੀ ਹੈ ਕਿ ਇਹ ਮੁਹਿੰਮ ਚਿਕਨਗੁਨੀਆ, ਡੇਂਗੂ ਅਤੇ ਵਾਇਰਲ ਬੁਖਾਰ ਵਰਗੀਆਂ ਬਿਮਾਰੀਆਂ ਨੂੰ ਕਿੰਨਾ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰੇਗੀ।
ਸੁਨਾਮ ਵਿੱਚ ਚਿਕਨਗੁਨੀਆ, ਡੇਂਗੂ ਅਤੇ ਵਾਇਰਲ ਬੁਖਾਰ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਖਾਸ ਸਿਹਤ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਫੋਗਿੰਗ ਮਸ਼ੀਨਾਂ ਸਮੇਤ ਸ਼ਹਿਰ ਦੇ 23 ਵਾਰਡਾਂ ਵਿੱਚ ਰਵਾਨਾ ਕੀਤਾ। ਇਹ ਮੁਹਿੰਮ 20 ਦਿਨਾਂ ਤੱਕ ਜਾਰੀ ਰਹੇਗੀ ਅਤੇ 10 ਅਕਤੂਬਰ ਤੱਕ ਮਰੀਜ਼ਾਂ ਦੀ ਸਿਹਤ ਜਾਂਚ ਅਤੇ ਰੋਕਥਾਮ ਸੰਬੰਧੀ ਕਦਮ ਲਏ ਜਾਣਗੇ।
ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬੁਖਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ, ਪਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਬਿਮਾਰੀ ਦੀ ਸਥਿਤੀ ਵਿੱਚ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰਨ ਅਤੇ ਘਰੇਲੂ ਨੁਸਖਿਆਂ ਨਾਲ ਸਮਾਂ ਖਰਚ ਨਾ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਮਿਸਟਾਂ ਅਤੇ ਲੈਬ ਟੈਕਨੀਸ਼ੀਅਨਾਂ ਨੂੰ ਚੇਤਾਵਨੀ ਦਿੱਤੀ ਕਿ ਮਰੀਜ਼ਾਂ ਤੋਂ ਬੇਵਜ੍ਹਾ ਵਧੇਰੇ ਪੈਸੇ ਨਾ ਲਏ ਜਾਣ, ਸਗੋਂ ਸਿਰਫ਼ ਵਾਜਬ ਫੀਸ ਹੀ ਵਸੂਲੀ ਜਾਵੇ।
ਲੋਕਾਂ ਨੂੰ ਸਰਕਾਰੀ ਲੈਬਾਂ ਤੋਂ ਟੈਸਟ ਕਰਵਾਉਣ ਦੀ ਅਪੀਲ- ਸਿਵਰ ਸਰਜਨ
ਇਸ ਮੌਕੇ ਸਿਵਲ ਸਰਜਨ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਅਜੇ ਤੱਕ ਅਧਿਕਾਰਤ ਤੌਰ ‘ਤੇ ਚਿਕਨਗੁਨੀਆ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਸਿਰਫ਼ ਬੁਖਾਰ ਦੇ ਮਾਮਲੇ ਹਨ, ਜਿਨ੍ਹਾਂ ਨੂੰ ਸੰਭਾਵੀ ਕੇਸ ਮੰਨਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਟੈਸਟ ਸਿਰਫ਼ ਸਰਕਾਰੀ ਲੈਬਾਂ ਤੋਂ ਹੀ ਕਰਵਾਏ ਜਾਣ, ਤਾਂ ਜੋ ਸਹੀ ਰਿਪੋਰਟ ਅਤੇ ਇਲਾਜ ਮਿਲ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੁਨਾਮ ਸਿਵਲ ਹਸਪਤਾਲ ਵਿੱਚ ਐਮਡੀ ਮੈਡੀਸਨ ਅਤੇ ਪੀਡੀਆਟ੍ਰੀਸ਼ਨ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਸਰਕਾਰ ਨੂੰ ਸਿਫ਼ਾਰਸ਼ ਕੀਤੀ ਜਾਵੇਗੀ।
ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ 20 ਦਿਨਾਂ ਦੀ ਸਿਹਤ ਮੁਹਿੰਮ ਤੋਂ ਉਮੀਦ ਹੈ ਕਿ ਸੁਨਾਮ ਵਿੱਚ ਚਿਕਨਗੁਨੀਆ, ਡੇਂਗੂ ਅਤੇ ਵਾਇਰਲ ਬੁਖਾਰ ਵਰਗੀਆਂ ਬਿਮਾਰੀਆਂ ਨੂੰ ਰੋਕਣ ਵਿੱਚ ਕਾਫ਼ੀ ਹੱਦ ਤੱਕ ਸਹਾਇਤਾ ਮਿਲੇਗੀ।
