Sukhbir Badal: 16 ਸਾਲ ਦੀ ਪ੍ਰਧਾਨਗੀ, 16 ਤਰੀਕ ਨੂੰ ਦਿੱਤਾ ਅਸਤੀਫਾ, ਜਾਣੋਂ ਸੁਖਬੀਰ ਬਾਦਲ ਲਈ ਕਿਵੇਂ ਰਿਹਾ ਸਾਲ 2024

Updated On: 

19 Dec 2024 15:37 PM

ਸਾਲ 2024 ਵਿੱਚ ਪੰਜਾਬ ਦੀ ਸਿਆਸਤ ਵਿੱਚ ਛਾਏ ਰਹਿਣ ਵਾਲੇ ਨਾਮਾਂ ਵਿੱਚੋਂ ਸੁਖਬੀਰ ਸਿੰਘ ਬਾਦਲ ਦਾ ਨਾਮ ਸੂਚੀ ਵਿਚਰਲੇ ਉੱਪਰਲੇ ਨਾਵਾਂ ਵਿੱਚ ਆਵੇਗਾ। ਸੁਖਬੀਰ ਸਿੰਘ ਬਾਦਲ ਲਈ ਇਹ ਸਾਲ ਅਸਾਨ ਨਹੀਂ ਰਿਹਾ। ਪਹਿਲਾਂ ਪਾਰਟੀ ਵਿੱਚੋਂ ਬਗਾਵਤ ਹੋਈ, ਫਿਰ ਸ਼੍ਰੀ ਅਕਾਲ ਤਖ਼ਤ ਤੋਂ ਤਨਖਾਹੀਆ ਕਰਾਰ। 16 ਸਾਲ ਬਾਅਦ ਅਖੀਰ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਅਸਤੀਫਾ ਦੇਣਾ ਪੈ ਗਿਆ।

Sukhbir Badal: 16 ਸਾਲ ਦੀ ਪ੍ਰਧਾਨਗੀ, 16 ਤਰੀਕ ਨੂੰ ਦਿੱਤਾ ਅਸਤੀਫਾ, ਜਾਣੋਂ ਸੁਖਬੀਰ ਬਾਦਲ ਲਈ ਕਿਵੇਂ ਰਿਹਾ ਸਾਲ 2024

16 ਸਾਲ ਦੀ ਪ੍ਰਧਾਨਗੀ ਤੋਂ 16 ਤਰੀਕ ਨੂੰ ਦਿੱਤਾ ਅਸਤੀਫਾ, ਜਾਣੋਂ ਸੁਖਬੀਰ ਬਾਦਲ ਲਈ ਕਿਵੇਂ ਰਿਹਾ ਸਾਲ 2024

Follow Us On

ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸਿਆਸਤ ਦਾ ਅਜਿਹਾ ਨਾਮ ਜੋ 21ਵੀਂ ਸਦੀ ਸ਼ੁਰੂ ਹੁੰਦਿਆਂ ਹੀ ਚਰਚਾਵਾਂ ਵਿੱਚ ਆ ਗਿਆ। ਪਹਿਲਾਂ ਅਕਾਲੀ ਸਰਕਾਰ ਵਿੱਚ ਮੰਤਰੀ ਅਤੇ ਫੇਰ ਉੱਪ- ਮੁੱਖ ਮੰਤਰੀ ਦਾ ਅਹੁਦਾ ਮਿਲਿਆ। ਐਨਾ ਹੀ ਨਹੀਂ 2008 ਤੋਂ ਮਿਲੀ ਪ੍ਰਧਾਨਗੀ 2024 ਤੱਕ ਬਰਕਰਾਰ ਰਹੀ। ਫੇਰ ਆਇਆ 2024 ਦਾ ਸਾਲ। ਜਿਸ ਨੇ ਸੁਖਬੀਰ ਬਾਦਲ ਦੀ ਸਿਆਸਤ ਨੂੰ ਹੀ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ ਨੂੰ ਹਿਲਾ ਕੇ ਰੱਖ ਦਿੱਤਾ।

9 ਜੁਲਾਈ 1962 ਨੂੰ ਫਰੀਦਕੋਟ ਵਿੱਚ ਜਨਮ ਲੈਣ ਵਾਲੇ ਸੁਖਬੀਰ ਸਿੰਘ ਬਾਦਲ ਨੇ ਸਨਾਵਰ ਦੇ ਲਾਰੈਂਸ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਨ ਮਗਰੋਂ 1980 ਤੋਂ 84 ਤੱਕ ਪੰਜਾਬ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਹੋਰ ਸਿੱਖਿਆ ਲੈਣ ਲਈ ਵਿਦੇਸ਼ ਚਲੇ ਗਏ। ਜਿੱਥੇ ਉਹਨਾਂ ਨੇ ਕੈਲੇਫੋਰੀਨੀਆ ਸਟੇਟ ਯੂਨੀਵਰਸਿਟੀ,ਲਾਸ ਐਂਜਲਸ, USA ਤੋਂ ਐਮ.ਬੀ. ਏ. ਦੀ ਡਿਗਰੀ ਹਾਸਿਲ ਕੀਤੀ।

ਸੁਖਬੀਰ ਦਾ ਸਿਆਸੀ ਕੈਰੀਅਰ

  1. ਸਾਲ 1996 ਚ ਪਹਿਲੀ ਵਾਰ ਫਰੀਦਕੋਟ ਹਲਕੇ ਤੋਂ ਸਾਂਸਦ ਚੁਣੇ ਗਏ।
  2. ਸਾਲ 1998 ਚ ਮੁੜ ਉਹ ਫਰੀਦਕੋਟ ਤੋਂ 12ਵੀਂ ਲੋਕ ਸਭਾ ਦੇ ਮੈਂਬਰ ਚੁਣੇ ਗਏ।
  3. ਵਾਜਪਾਈ ਸਰਕਾਰ ਵਿੱਚ ਪਹਿਲੀ ਵਾਰ ਮੰਤਰੀ ਦਾ ਅਹੁਦਾ ਮਿਲਿਆ ਅਤੇ ਕੇਂਦਰੀ ਰਾਜ ਮੰਤਰੀ ਬਣੇ।
  4. ਸਾਲ 2001 ਚ ਪਹਿਲੀ ਵਾਰ ਰਾਜ ਸਭਾ ਲਈ ਚੁਣੇ ਗਏ ਅਤੇ ਸਾਲ 2004 ਤੱਕ ਸਦਨ ਦੇ ਮੈਂਬਰ ਰਹੇ।
  5. ਸਾਲ 2004 ਵਿੱਚ ਫਰੀਦਕੋਟ ਹਲਕੇ ਤੋਂ ਮੁੜ ਲੋਕ ਸਭਾ ਦੇ ਸਾਂਸਦ ਚੁਣੇ ਗਏ।
  6. ਸਾਲ 2008 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਮਿਲੀ। ਇਸ ਤੋਂ ਪਹਿਲਾ ਪ੍ਰਕਾਸ਼ ਬਾਦਲ ਪ੍ਰਧਾਨ ਰਹੇ।
  7. ਸਾਲ 2009 ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਨਿਯੁਕਤ ਕੀਤੇ ਗਏ ਪਰ ਵਿਧਾਨ ਸਭਾ ਦੇ ਮੈਂਬਰ ਨਾ ਹੋਣ ਕਾਰਨ ਵਿਵਾਦ ਹੋ ਗਿਆ। ਜਿਸ ਕਾਰਨ 6 ਮਹੀਨਿਆਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ।
  8. ਇਸ ਮਗਰੋਂ ਜਲਾਲਾਬਾਦ ਦੀ ਜ਼ਿਮਨੀ ਚੋਣ ਵਿੱਚ ਉਹਨਾਂ ਨੇ ਜਿੱਤ ਹਾਸਿਲ ਕੀਤੀ ਅਤੇ ਵਿਧਾਨ ਸਭਾ ਦੇ ਮੈਂਬਰ ਬਣੇ। ਇਸ ਤੋਂ ਮੁੜ ਉੱਪ ਮੁੱਖ ਮੰਤਰੀ ਨਿਯੁਕਤ ਕੀਤੇ ਗਏ। ਉਹ ਸਾਲ 2017 ਤੱਕ ਇਸ ਅਹੁਦੇ ਤੇ ਰਹੇ।
  9. ਸਾਲ 2017 ਵਿੱਚ ਮੁੜ ਜਲਾਲਾਬਾਦ ਤੋਂ ਚੋਣ ਮੈਦਾਨ ਚ ਉੱਤਰੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਹਰਾਇਆ।
  10. ਸਾਲ 2019 ਵਿੱਚ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸਾਂਸਦ ਚੁਣੇ ਗਏ।
  11. ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਗੋਲਡੀ ਕੰਬੋਜ ਨੇ ਹਰਾਇਆ

ਕਿਵੇਂ ਰਿਹਾ ਸਾਲ 2024 ਦਾ ਸਾਲ

ਸਾਲ 2024 ਦੀ ਸ਼ੁਰੂਆਤ ਚੋਣਾਂ ਦੇ ਮਾਹੌਲ ਦੇ ਨਾਲ ਹੋਈ। ਪੰਜਾਬ ਹੀ ਨਹੀਂ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਸੀ ਪਰ ਅਕਾਲੀ ਦਲ ਲਈ ਇਹ ਸੌਖਾ ਨਹੀਂ ਸੀ ਕਿਉਂਕਿ ਭਾਜਪਾ ਨਾਲੋਂ ਗੱਠਜੋੜ ਟੁੱਟਣ ਤੋਂ ਬਾਅਦ ਪਹਿਲੀ ਵਾਰ ਪਾਰਟੀ ਇਕੱਲਿਆਂ ਲੋਕ ਸਭਾ ਚੋਣਾਂ ਲੜ ਰਹੀ ਸੀ। ਜਿਸ ਦਾ ਨੁਕਸਾਨ ਪਾਰਟੀ ਨੂੰ ਝੱਲਣਾ ਪਿਆ। ਪਾਰਟੀ 13 ਲੋਕ ਸਭਾ ਸੀਟਾਂ ਵਿੱਚ ਸਿਰਫ਼ ਇੱਕ ਸੀਟ ਹੀ ਜਿੱਤ ਸਕੀ।

ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਸਿੰਘ ਬਾਦਲ Pic Credit: Instagram- HarsimratKaurBadal

ਬਠਿੰਡਾ ਸੀਟ ਅਕਾਲੀ ਦਲ ਦੀ ਰਿਵਾਇਤੀ ਸੀਟ ਹੈ ਪਰ ਸਾਲ 2024 ਵਿੱਚ ਮੁਕਾਬਲਾ ਸਖ਼ਤ ਦਿਖਾਈ ਦਿੱਤਾ। ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਸਵਾਲ ਉੱਠਣ ਲੱਗੇ। ਕਈ ਪਾਰਟੀ ਦੀ ਲੀਡਰਸ਼ਿਪ ਤੇ ਸਵਾਲ ਚੁੱਕ ਰਹੇ ਸਨ। ਕਈ ਸਿੱਧੇ ਬਾਦਲ ਪਰਿਵਾਰ ਤੇ। ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਬਾਦਲ ਪਰਿਵਾਰ ਦੀ ਅਕਾਲੀ ਦਲ ਉੱਪਰ ਪਕੜ ਥੋੜ੍ਹੀ ਕਮਜ਼ੋਰ ਹੋ ਗਈ ਸੀ। ਜਿਸ ਦਾ ਫਾਇਦਾ ਪਾਰਟੀ ਦੇ ਬਾਗੀਆਂ ਨੇ ਲੈਣਾ ਚਾਹਿਆ।

ਪਾਰਟੀ ਅੰਦਰ ਬਗਾਵਤ

ਇਸ ਵਿਚਾਲੇ ਸ੍ਰੋਮਣੀ ਅਕਾਲੀ ਦਲ ਵਿਚਾਲੇ 2 ਗੁੱਟ ਬਣ ਗਏ। ਪਹਿਲਾ ਸੁਖਬੀਰ ਬਾਦਲ ਨੂੰ ਸਮਰਥਨ ਦੇਣ ਵਾਲਾ, ਦੂਜਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵਾਲਾ। ਸੁਖਬੀਰ ਸਿੰਘ ਬਾਦਲ ਦੇ ਵਿਰੋਧ ਵਾਲੇ ਧੜ੍ਹੇ ਨੂੰ ਸੁਧਾਰ ਲਹਿਰ ਕਿਹਾ ਜਾਣ ਲੱਗਾ। ਜਿਸ ਦੀ ਅਗਵਾਈ ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ ਵਰਗੇ ਲੀਡਰ ਕਰ ਰਹੇ ਸਨ।

ਅਕਾਲੀ ਦਲ ਸੁਧਾਰ ਲਹਿਰ (Photo Credit: https://www.facebook.com/akalidalsudhar/)

ਅਕਾਲ ਤਖ਼ਤ ਤੇ ਸ਼ਿਕਾਇਤ

ਸੁਧਾਰ ਲਹਿਰ ਦੇ ਆਗੂਆਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ ਦਿੱਤੀ ਗਈ ਕਿ ਅਕਾਲੀ ਸਰਕਾਰ ਸਮੇਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹਨ। ਜਿਨ੍ਹਾਂ ਵਿੱਚ ਰਾਮ ਰਹੀਮ ਖਿਲਾਫ਼ ਮਾਮਲਾ ਵਾਪਿਸ ਲੈਣਾ, ਅਕਾਲ ਤਖ਼ਤ ਤੋਂ ਮੁਆਫੀ ਦਵਾਉਣੀ, ਬੇਅਦਬੀਆਂ ਅਤੇ ਸਿੱਖਾਂ ਉੱਪਰ ਜ਼ੁਲਮ ਕਰਨ ਵਾਲੇ ਅਫ਼ਸਰਾਂ ਨੂੰ ਤਰੱਕੀਆਂ ਦੇਣੀਆਂ ਆਦਿ ਇਲਜ਼ਾਮ ਸ਼ਾਮਿਲ ਸਨ। ਇਸ ਸ਼ਿਕਾਇਤ ਤੋਂ ਬਾਅਦ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਨੋਟਿਸ ਲੈਂਦਿਆਂ ਤਤਕਾਲੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਜਵਾਬ ਤਲਬ ਕੀਤਾ।

ਸੁਖਬੀਰ ਬਾਦਲ ਨੇ ਆਪਣਾ ਜਵਾਬ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੂੰ ਭੇਜ ਦਿੱਤਾ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੱਡਾ ਫੈਸਲਾ ਲੈਂਦਿਆਂ 30 ਅਗਸਤ 2024 ਨੂੰ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ। ਇਸ ਫੈਸਲਾ ਬਾਦਲ ਪਰਿਵਾਰ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ।

ਸੁਖਬੀਰ ਸਿੰਘ ਬਾਦਲ ਵੱਲੋਂ ਭੇਜਿਆ ਗਿਆ ਮੁਆਫੀਨਾਮਾ

ਜ਼ਿਮਨੀ ਚੋਣਾਂ ਲੜਨ ਤੋਂ ਇਨਕਾਰ

ਪੰਜਾਬ ਦੀਆਂ ਚਾਰ ਸੀਟਾਂ ਤੇ ਜ਼ਿਮਨੀ ਚੋਣ ਹੋਣ ਕਾਰਨ ਅਕਾਲੀ ਦਲ ਵੱਲੋਂ ਜੱਥੇਦਾਰ ਨੂੰ ਅਪੀਲ ਕੀਤੀ ਗਈ ਕਿ ਸੁਖਬੀਰ ਬਾਦਲ ਪਾਰਟੀ ਦੇ ਵੱਡੇ ਲੀਡਰ ਹਨ। ਜਿਸ ਕਰਕੇ ਉਹਨਾਂ ਚੋਣ ਪ੍ਰਚਾਰ ਵਿੱਚ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਜਾਵੇ। ਪਰ ਜੱਥੇਦਾਰ ਨੇ ਕਿਹਾ ਕਿ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਵਿੱਚ ਨਹੀਂ ਜਾ ਸਕਦੇ ਜਦੋਂ ਕਿ ਬਾਕੀ ਸ਼੍ਰੋਮਣੀ ਅਕਾਲੀ ਦਲ ਚੋਣਾਂ ਲੜ ਸਕਦਾ ਹੈ।

ਜਿਸ ਕਰਕੇ ਅਕਾਲੀ ਲੀਡਰਾਂ ਨੇ ਫੈਸਲਾ ਲਿਆ ਕਿ ਜੇਕਰ ਸੁਖਬੀਰ ਬਾਦਲ ਚੋਣਾਂ ਵਿੱਚ ਪ੍ਰਚਾਰ ਨਹੀਂ ਕਰਨਗੇ ਤਾਂ ਬਾਕੀ ਪਾਰਟੀ ਦਾ ਕੋਈ ਵੀ ਲੀਡਰ ਜ਼ਿਮਨੀ ਚੋਣਾਂ ਵਿੱਚ ਨਹੀਂ ਜਾਵੇਗਾ ਅਤੇ ਨਾ ਹੀ ਚੋਣਾਂ ਲੜੇਗਾ। ਹਾਲਾਂਕਿ ਅਕਾਲੀ ਦਲ ਦੇ ਇਸ ਫੈਸਲੇ ਤੇ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ।

ਜਲਦੀ ਸਜ਼ਾ ਦੀ ਮੰਗ

ਤਨਖਾਹੀਆ ਕਰਾਰ ਦੇਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਅਤੇ ਕਿਹਾ ਕਿ ਮੈਂ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਵਾਂਗਾ। ਇਸ ਤੋਂ ਬਾਅਦ ਸੁਖਬੀਰ ਬਾਦਲ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।ਇਸ ਮੌਕੇ ਉਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੂੰ ਇੱਕ ਬੇਨਤੀ ਪੱਤਰ ਦਿੱਤਾ। ਜਿਸ ਵਿੱਚ ਜਲਦੀ ਸਜ਼ਾ ਲਗਾਉਣ ਦੀ ਮੰਗ ਕੀਤੀ ਗਈ।

ਸੁਖਬੀਰ ਸਿੰਘ ਬਾਦਲ ਦਾ ਪੈਰ ਫ੍ਰੈਕਚਰ

ਪੈਰ ‘ਤੇ ਲੱਗੀ ਸੱਟ

ਜਿਸ ਵੇਲੇ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਤੇ ਗਏ ਸਨ।ਉਸ ਸਮੇਂ ਉਹ ਉੱਥੇ ਡਗਮਾ ਗਏ ਅਤੇ ਉਹਨਾਂ ਦੇ ਪੈਰ ਤੇ ਸੱਟ ਲਈ। ਉਹਨਾਂ ਨੂੰ ਵੀਲ੍ਹਚੇਅਰ ਰਾਹੀਂ ਬਾਹਰ ਲਿਆਂਦਾ ਗਿਆ। ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਦੀਵਾਲੀ ਤੋਂ ਬਾਅਦ ਹੀ ਸੁਖਬੀਰ ਬਾਦਲ ਦੀ ਸਜ਼ਾ ਤੇ ਕੋਈ ਫੈਸਲਿਆ ਲਿਆ ਜਾਵੇਗਾ।

ਪ੍ਰਧਾਨਗੀ ਤੋਂ ਦਿੱਤਾ ਅਸਤੀਫਾ

ਤਨਖਾਹ ਲੱਗਣ ਤੋਂ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਛੱਡਣ ਦਾ ਫੈਸਲਾ ਕਰ ਲਿਆ। ਉਹਨਾਂ ਨੇ ਗੁਰਪੁਰਬ ਤੋਂ ਅਗਲੇ ਦਿਨ 16 ਨਵੰਬਰ ਨੂੰ ਕਰੀਬ 16 ਸਾਲ ਪ੍ਰਧਾਨ ਰਹਿਣ ਮਗਰੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਅਤੇ ਆਪਣਾ ਅਸਤੀਫਾ ਕੋਰ ਕਮੇਟੀ ਨੂੰ ਭੇਜ ਦਿੱਤਾ।

ਸੁਖਬੀਰ ਸਮੇਤ ਅਕਾਲੀਆਂ ਲੀਡਰਾਂ ਨੂੰ ਸਜ਼ਾ

ਸੁਖਬੀਰ ਸਿੰਘ ਬਾਦਲ ਤੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਜੱਥੇਦਾਰਾਂ ਨੇ ਸਾਲ 2007 ਤੋਂ 2017 ਤੱਕ ਬਾਦਲ ਸਰਕਾਰ ਵਿੱਚ ਸ਼ਾਮਿਲ ਰਹੇ ਸਾਰੇ ਅਕਾਲੀ ਮੰਤਰੀਆਂ ਨੂੰ ਪੇਸ਼ ਹੋਣ ਲਈ ਕਿਹਾ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਮੰਨਿਆ ਕਿ ਉਹ ਸਾਰੇ ਲੀਡਰ ਵੀ ਫੈਸਲਿਆਂ ਵਿੱਚ ਬਰਾਬਰ ਦੇ ਹੱਕਦਾਰ ਹਨ। ਇਸ ਮਗਰੋਂ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਿੱਚ 5 ਸਿੰਘ ਸਾਹਿਬਾਨਾਂ ਨੇ 2 ਦਸੰਬਰ ਨੂੰ ਸਜ਼ਾ ਦਾ ਐਲਾਨ ਕਰ ਦਿੱਤਾ।

ਸੁਖਬੀਰ ਬਾਦਲ ਨੂੰ ਲਗਾਈ ਗਈ ਧਾਰਮਿਕ ਸਜ਼ਾ

ਸੁਖਬੀਰ ‘ਤੇ ਗੋਲੀ ਚਲਾਉਣ ਦੀ ਕੋਸ਼ਿਸ

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਮੁਤਾਬਕ ਜਦੋਂ ਸੁਖਬੀਰ ਬਾਦਲ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਬਾਹਰ ਸੇਵਾ ਕਰ ਰਹੇ ਸਨ। ਉਸੀ ਵਿਚਾਲੇ ਇੱਕ ਸਿੱਖ ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੀ ਕੋਸ਼ਿਸ ਕੀਤੀ। ਹਾਲਾਂਕਿ ਮੌਕੇ ਤੇ ਮੌਜੂਦ ਸੇਵਾਦਾਰਾਂ ਵੱਲੋਂ ਚੌੜਾ ਨੂੰ ਕਾਬੂ ਕਰ ਲਿਆ ਗਿਆ। ਇਸ ਘਟਨਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਨੂੰ ਲੈਕੇ ਵੀ ਸਵਾਲ ਖੜ੍ਹੇ ਹੋਏ।

ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੀ ਕੋਸ਼ਿਸ

ਸਜ਼ਾ ਕੀਤੀ ਪੂਰੀ

ਸੁਖਬੀਰ ਸਿੰਘ ਬਾਦਲ ਨੇ 10 ਦਿਨਾਂ ਦੀ ਤਨਖਾਹ ਪੂਰੀ ਕਰਨ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਆਪਣੀ ਮੁਆਫੀ ਲਈ ਅਰਦਾਸ ਕਰਵਾਈ ਅਤੇ ਆਪਣੀ ਸਜ਼ਾ ਪੂਰੀ ਹੋਣ ਦੀ ਜਾਣਕਾਰੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੂੰ ਦਿੱਤੀ।

ਇਸ ਤਰ੍ਹਾਂ ਸਾਲ 2024 ਦਾ ਸਾਲ ਸੁਖਬੀਰ ਬਾਦਲ ਲਈ ਕਾਫ਼ੀ ਚੁਣੌਤੀਆਂ ਭਰਿਆ ਰਿਹਾ। ਜਿੱਥੇ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਕਰਾਰੀ ਹਾਰ ਹੋਈ ਤਾਂ ਉੱਥੇ ਹੀ ਜ਼ਿਮਨੀ ਚੋਣਾਂ ਵਿੱਚ ਵੀ ਸ੍ਰੋਮਣੀ ਅਕਾਲੀ ਦਲ ਨਹੀਂ ਲੜਿਆ। ਐਨਾ ਹੀ ਨਹੀਂ ਸਰਕਾਰ ਸਮੇਂ ਹੋਈਆਂ ਗਲਤੀਆਂ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਨੇ ਮਹਰੂਮ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਫਖਰ ਏ ਕੌਮ ਦਾ ਸਨਮਾਨ ਵੀ ਵਾਪਿਸ ਲੈ ਲਿਆ। ਸੁਖਬੀਰ ਬਾਦਲ ਅਤੇ ਪੂਰਾ ਅਕਾਲੀ ਦਲ ਉਮੀਦ ਕਰੇਗਾ ਕਿ ਸਾਲ 2025 ਉਹਨਾਂ ਲਈ ਚੰਗੇ ਬਦਲਾਅ ਲੈਕੇ ਆਵੇ। ਕਿਉਂਕਿ ਇਹੀ ਸਮਾਂ ਹੈ ਜਦੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਮੁੜ ਪਹਿਲਾਂ ਵਾਂਗ ਮਜ਼ਬੂਤ ਹੋ ਸਕਦਾ ਹੈ।