‘ਸਤਲੁਜ’ ‘ਤੇ ਪਾਬੰਦੀ ਦੇ ਵਿਰੋਧ ‘ਚ SGPC ਨੇ ਕੱਢਿਆ ਰੋਸ ਮਾਰਚ, ਫਿਲਮ ਦੀ ਰਿਲੀਜ਼ ਨਾ ਰੋਕੀ ਜਾਵੇ
Satluj Film: ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਫਿਲਮ 'ਸਤਲੁਜ' 'ਤੇ ਲਗਾਈ ਗਈ ਪਾਬੰਦੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
'ਸਤਲੁਜ' ਵਿਵਾਦ 'ਤੇ SGPC ਦਾ ਪ੍ਰਦਰਸ਼ਨ
ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਸਤਲੁਜ’ ‘ਤੇ ਲਗਾਈ ਗਈ ਪਾਬੰਦੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਐਸਜੀਪੀਸੀ ਦੇ ਆਗੂਆਂ ਅਤੇ ਮੁਲਾਜ਼ਮਾਂ ਨੇ ਸ੍ਰੀ ਦਰਬਾਰ ਸਾਹਿਬ ਪਲਾਜ਼ਾ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਅਤੇ ਪੰਜਾਬ ਦੇ ਰਾਜਪਾਲ ਦੇ ਨਾਂ ਮੰਗ ਪੱਤਰ ਸੌਂਪ ਕੇ ਫਿਲਮ ਤੋਂ ਪਾਬੰਦੀ ਹਟਾਉਣ ਦੀ ਮੰਗ ਕੀਤੀ।
ਇਸ ਮੌਕੇ ਐਸਜੀਪੀਸੀ ਮੈਂਬਰ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਪੰਜਾਬ ਦੇ 1980 ਤੋਂ 1995 ਤੱਕ ਦੇ ਦੌਰ ਦੌਰਾਨ ਹੋਈਆਂ ਘਟਨਾਵਾਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮਾਮਲਿਆਂ ਨੂੰ ਜਸਵੰਤ ਸਿੰਘ ਖਾਲੜਾ ਨੇ ਦੁਨੀਆ ਸਾਹਮਣੇ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਖਾਲੜਾ ਵੱਲੋਂ ਅਣਪਛਾਤੀਆਂ ਦੱਸ ਕੇ ਸਸਕਾਰ ਕੀਤੀਆਂ ਗਈਆਂ ਲਾਸ਼ਾਂ ਦਾ ਸੱਚ ਸਾਹਮਣੇ ਲਿਆਉਣਾ ਇਤਿਹਾਸ ਦਾ ਮਹੱਤਵਪੂਰਨ ਅਧਿਆਇ ਹੈ ਅਤੇ ਇਸੇ ਸੱਚ ਨੂੰ ਫਿਲਮ ‘ਸਤਲੁਜ’ ਰਾਹੀਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਹਿਤਾ ਨੇ ਕਿਹਾ ਕਿ ਫਿਲਮ ਦਾ ਨਾਮ ਬਦਲਣ ਅਤੇ ਕਈ ਤਬਦੀਲੀਆਂ ਦੇ ਬਾਵਜੂਦ ਇਸ ਨੂੰ ਰਿਲੀਜ਼ ਨਾ ਹੋਣ ਦੇਣਾ ਠੀਕ ਨਹੀਂ ਹੈ ਅਤੇ ਸਰਕਾਰ ਨੂੰ ਇਸ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਕੇਂਦਰ ਨੂੰ ਮਹਿਤਾ ਦੀ ਅਪੀਲ
ਰਜਿੰਦਰ ਸਿੰਘ ਮਹਿਤਾ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਪਿਛਲੀਆਂ ਸਰਕਾਰਾਂ ਦੇ ਕਥਿਤ ਜ਼ੁਲਮਾਂ ਦੀ ਆਲੋਚਨਾ ਕਰਦੀ ਹੈ ਤਾਂ ਇਤਿਹਾਸ ਨਾਲ ਜੁੜੀ ਇਸ ਫਿਲਮ ਨੂੰ ਲੋਕਾਂ ਤੱਕ ਪਹੁੰਚਣ ਤੋਂ ਨਹੀਂ ਰੋਕਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਫਿਲਮ ਨੂੰ ਰੋਕਣ ਦੀ ਬਜਾਏ ਲੋਕਾਂ ਨੂੰ ਇਤਿਹਾਸ ਜਾਣਨ ਦਾ ਮੌਕਾ ਮਿਲਣਾ ਚਾਹੀਦਾ ਹੈ। ਪੱਤਰਕਾਰਾਂ ਵੱਲੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨਾਂ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਵੀ ਮਹਿਤਾ ਨੇ ਆਪਣਾ ਪੱਖ ਰੱਖਿਆ ਅਤੇ ਉਨ੍ਹਾਂ ਦੀਆਂ ਟਿੱਪਣੀਆਂ ਨਾਲ ਅਸਹਿਮਤੀ ਜਤਾਈ।
ਉੱਧਰ, ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਐਸਜੀਪੀਸੀ ਵੱਲੋਂ ਦਿੱਤਾ ਗਿਆ ਮੰਗ ਪੱਤਰ ਏਡੀਸੀ ਜਨਰਲ ਪਲਵੀ ਸ਼ਰਮਾ ਨੇ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਐਸਜੀਪੀਸੀ ਦੀਆਂ ਮੰਗਾਂ ਅਤੇ ਮੈਮੋਰੈਂਡਮ ਨਿਯਮਾਂ ਅਨੁਸਾਰ ਸਹੀ ਪ੍ਰਕਿਰਿਆ ਰਾਹੀਂ ਸਰਕਾਰ ਕੋਲ ਭੇਜ ਦਿੱਤੇ ਜਾਣਗੇ ਤਾਂ ਜੋ ਸੰਬੰਧਿਤ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਜਾ ਸਕੇ।
