ਹਾਈ ਕੋਰਟ ਵੱਲੋਂ ਰਾਜਾ ਵੜਿੰਗ ਨੂੰ ਵੱਡੀ ਰਾਹਤ, ਵਿਵਾਦਿਤ ਟਿੱਪਣੀ ਮਾਮਲੇ ‘ਚ SC ਕਮਿਸ਼ਨ ਦੇ ਦਖ਼ਲ ‘ਤੇ ਰੋਕ

Updated On: 

21 Nov 2025 14:33 PM IST

Raja Warring Contoversy: ਰਾਜਾ ਵੜਿੰਗ ਨੇ ਹਾਈਕੋਰਟ ਦਾ ਰੁਖ ਕੀਤਾ। ਉਨ੍ਹਾਂ ਨੇ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਉਨ੍ਹਾਂ ਵੱਲੋਂ 2 ਨਵੰਬਰ ਨੂੰ ਦਿੱਤੇ ਗਏ ਬਿਆਨ ਖਿਲਾਫ਼ ਪਹਿਲੇ ਹੀ 4 ਨਵੰਬਰ ਨੂੰ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ। ਅਜਿਹੇ 'ਚ ਪੰਜਾਬ ਐਸਸੀ ਕਮਿਸ਼ਨ ਵੱਲੋਂ ਸਮਾਨਾਂਤਰ ਕਰਵਾਈ ਚਲਾਉਣਾ ਉਚਿਤ ਨਹੀਂ ਹੈ।

ਹਾਈ ਕੋਰਟ ਵੱਲੋਂ ਰਾਜਾ ਵੜਿੰਗ ਨੂੰ ਵੱਡੀ ਰਾਹਤ, ਵਿਵਾਦਿਤ ਟਿੱਪਣੀ ਮਾਮਲੇ ਚ SC ਕਮਿਸ਼ਨ ਦੇ ਦਖ਼ਲ ਤੇ ਰੋਕ

ਅਮਰਿੰਦਰ ਸਿੰਘ ਰਾਜਾ ਵੜਿੰਗ

Follow Us On

ਲੁਧਿਆਣਾ ਤੋਂ ਸਾਂਸਦ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਟੀਸ਼ਨ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਵੱਲੋਂ ਸਰਕਾਰ ਤੋਂ ਹੁਣ ਤੱਕ ਦੀ ਕਾਰਵਾਈ ਸਬੰਧੀ ਪੁੱਛਿਆ ਗਿਆ ਹੈ। ਇਸ ਤੋਂ ਇਲਾਵਾ ਇਸ ਮਾਮਲੇ ‘ਚ ਪੰਜਾਬ ਐਸਸੀ ਕਮਿਸ਼ਨ ਦੇ ਰਾਜਾ ਵੜਿੰਗ ਦੇ ਮਾਮਲੇ ‘ਚ ਦਖ਼ਲ ਦੇਣ ‘ਤੇ ਰੋਕ ਲਗਾ ਦਿੱਤੀ ਹੈ।

ਦਰਅਸਲ, ਤਰਨਤਾਰਨ ਜ਼ਿਮਨੀ ਚੋਣ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਗ੍ਰਹਿ ਮੰਤਰੀ ਸਵ. ਬੂਟਾ ਸਿੰਘ ਬਾਰੇ ਵਿਵਾਦਤ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਖਿਲਾਫ਼ ਐਫਆਈਆਰ ਦਰਜ ਹੋਈ ਸੀ ਤੇ ਇਸ ਤੋਂ ਇਲਾਵਾ ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਵੀ ਉਨ੍ਹਾਂ ਨੂੰ ਤਲਬ ਕੀਤਾ ਸੀ ਤੇ ਜਵਾਬ ਦੇਣ ਲਈ ਕਿਹਾ ਸੀ।

ਰਾਜਾ ਵੜਿੰਗ ਦੀ ਦਲੀਲ

ਹਾਲਾਂਕਿ, ਇਸ ਸਭ ਤੋਂ ਬਾਅਦ ਰਾਜਾ ਵੜਿੰਗ ਨੇ ਹਾਈਕੋਰਟ ਦਾ ਰੁਖ ਕੀਤਾ। ਉਨ੍ਹਾਂ ਨੇ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਉਨ੍ਹਾਂ ਵੱਲੋਂ 2 ਨਵੰਬਰ ਨੂੰ ਦਿੱਤੇ ਗਏ ਬਿਆਨ ਖਿਲਾਫ਼ ਪਹਿਲੇ ਹੀ 4 ਨਵੰਬਰ ਨੂੰ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ। ਅਜਿਹੇ ‘ਚ ਪੰਜਾਬ ਐਸਸੀ ਕਮਿਸ਼ਨ ਵੱਲੋਂ ਸਮਾਨਾਂਤਰ ਕਰਵਾਈ ਚਲਾਉਣਾ ਉਚਿਤ ਨਹੀਂ ਹੈ। ਉਨ੍ਹਾਂ ਨੇ ਐਸਸੀ ਕਮਿਸ਼ਨ ਦੇ ਚੇਅਰਮੈਨ ‘ਤੇ ਰਾਜਨੀਤਿਕ ਦੁਰਭਾਵਨਾਵਾਂ ਕੰਮ ਕਰਨ ਦੇ ਇਲਜ਼ਾਮ ਲਗਾਏ। ਉਨ੍ਹਾਂ ਨੇ ਇਸ ਦੇ ਨਾਲ ਹੀ ਚੇਅਰਮੈਨ ਖਿਲਾਫ਼ ਜਨਤਕ ਤੌਰ ‘ਤੇ ਦਿੱਤੇ ਗਏ ਬਿਆਨ ਨੂੰ ਪੂਰੀ ਤਰ੍ਹਾਂ ਪੱਖਪਾਤੀ ਕਿਹਾ ਸੀ।

ਵੜਿੰਗ ਨੇ ਕਿਹੜੀ ਟਿੱਪਣੀ ਕੀਤੀ ਸੀ?

ਦਰਅਸਲ, ਪੰਜਾਬ ਕਾਂਗਰਸ ਪ੍ਰਧਾਨ ਨੇ ਸਾਬਕਾ ਗ੍ਰਹਿ ਮੰਤਰੀ ਸਵ. ਬੂਟਾ ਸਿੰਘ ਬਾਰੇ ਵਿਵਾਦਿਤ ਟਿੱਪਣੀ ਕੀਤੀ ਸੀ। ਰਾਜਾ ਵੜਿੰਗ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਉਹ ਕਹਿ ਰਹੇ ਸਨ ਕਿ ਬੂਟਾ ਸਿੰਘ ਹੁੰਦਾ ਸੀ ਇੱਕ ਵਾਲਮੀਕੀ ਮਜ਼੍ਹਬੀ ਸਿੰਘ ਰੰਗ ਕਾਲਾ ਹੁੰਦਾ ਸੀ ਜਮਾ ਕਾਲਾ ਤੇ ਪੱਠੇ ਪਾਉਂਦਾ ਸੀ ਪੱਠੇ, ਰੰਘਰੇਟੇ ਗੁਰੂ ਕੇ ਬੇਟੇ। ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਸੀ।

ਰਾਜਾ ਵੜਿੰਗ ਨੇ ਮੰਗੀ ਸੀ ਮੁਆਫ਼ੀ

ਰਾਜਾ ਵੜਿੰਗ ਨੇ ਆਪਣੇ ਟਿੱਪਣੀ ਨੂੰ ਲੈ ਕੇ ਮੁਆਫ਼ੀ ਮੰਗ ਵੀ ਮੰਗੀ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ। ਪੰਜਾਬ ਕਾਂਗਰਸ ਦੇ ਪ੍ਰਧਾਨ ਵੜਿੰਗ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਗੱਲ ਨੂੰ ਹੋਰ ਤਰੀਕੇ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਦਾ ਇਹ ਕਹਿਣ ਦਾ ਮਤਲਬ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਮੇਰੇ ਕਹਿਣ ਦਾ ਮਤਲਬ ਸੀ ਕਿ ਕਾਂਗਰਸ ਸਮੇਂ-ਸਮੇਂ ਸਿਰ ਸਿੱਖਾਂ ਨੂੰ ਖਾਸ ਕਰਕੇ ਪੱਗ ਵਾਲਿਆਂ ਨੂੰ ਸਨਮਾਨ ਦਿੰਦੀ ਰਹੀ ਹੈ। ਇਸ ਗੱਲ ਨੂੰ ਵਧਾ-ਚੜ੍ਹਾ ਕੇ ਦੱਸਿਆ ਗਿਆ।

ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਸਨਮਾਨ ਕਰਦਾ ਹਾਂ, ਮੈਂ ਅਜਿਹੀ ਕੌਮ ਦੀਆਂ ਜੁੱਤੀਆਂ ਵੀ ਸਿਰ ‘ਤੇ ਰੱਖ ਸਕਦਾ ਹੈ, ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਸਵ. ਬੂਟਾ ਸਿੰਘ ਮੇਰੇ ਪਿਤਾ ਸਨਮਾਨ ਹਨ। ਜੇਕਰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਨ੍ਹਾਂ ਨੂੰ ਮੁਆਫ਼ੀ ਮੰਗਦਾ ਹਾਂ।