ਪੰਜਾਬ ਪੁਲਿਸ ਦਾ ਆਪਰੇਸ਼ਨ ਪ੍ਰਹਾਰ-2.0, ਵੱਖ-ਵੱਖ ਜਿਲ੍ਹਿਆਂ ‘ਚ ਵੱਡੇ ਐਕਸ਼ਨ

Published: 

09 Feb 2026 20:26 PM IST

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਜੀਪੀ ਪੰਜਾਬ ਦੀ ਅਗਵਾਈ ਹੇਠ ਸੂਬੇ ਨੂੰ ਅਪਰਾਧ ਮੁਕਤ ਕਰਨ ਲਈ ਚਲਾਇਆ ਜਾ ਰਿਹਾ 'ਆਪ੍ਰੇਸ਼ਨ ਪ੍ਰਹਾਰ-2' ਪੂਰੇ ਸਿਖਰਾਂ 'ਤੇ ਹੈ। ਇਸ 72 ਘੰਟੇ ਦੇ ਵਿਸ਼ੇਸ਼ ਅਭਿਆਨ ਤਹਿਤ ਬਰਨਾਲਾ, ਫਰੀਦਕੋਟ, ਕਪੂਰਥਲਾ ਅਤੇ ਬਠਿੰਡਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਅਪਰਾਧਿਕ ਅਨਸਰਾਂ 'ਤੇ ਸ਼ਿਕੰਜਾ ਕੱਸਿਆ ਹੈ।

ਪੰਜਾਬ ਪੁਲਿਸ ਦਾ ਆਪਰੇਸ਼ਨ ਪ੍ਰਹਾਰ-2.0, ਵੱਖ-ਵੱਖ ਜਿਲ੍ਹਿਆਂ ਚ ਵੱਡੇ ਐਕਸ਼ਨ

Photo Credit: Social Media

Follow Us On

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਜੀਪੀ ਪੰਜਾਬ ਦੀ ਅਗਵਾਈ ਹੇਠ ਸੂਬੇ ਨੂੰ ਅਪਰਾਧ ਮੁਕਤ ਕਰਨ ਲਈ ਚਲਾਇਆ ਜਾ ਰਿਹਾ ‘ਆਪ੍ਰੇਸ਼ਨ ਪ੍ਰਹਾਰ-2’ ਪੂਰੇ ਸਿਖਰਾਂ ‘ਤੇ ਹੈ। ਇਸ 72 ਘੰਟੇ ਦੇ ਵਿਸ਼ੇਸ਼ ਅਭਿਆਨ ਤਹਿਤ ਬਰਨਾਲਾ, ਫਰੀਦਕੋਟ, ਕਪੂਰਥਲਾ ਅਤੇ ਬਠਿੰਡਾ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਅਪਰਾਧਿਕ ਅਨਸਰਾਂ ‘ਤੇ ਸ਼ਿਕੰਜਾ ਕੱਸਿਆ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਭਗੌੜੇ ਅਪਰਾਧੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣਾ ਹੈ।

ਬਰਨਾਲਾ: ਬੰਬੀਹਾ ਗਰੁੱਪ ਨਾਲ ਜੁੜੇ ਸ਼ੱਕੀਆਂ ਸਮੇਤ 75 ਹਿਰਾਸਤ ਵਿੱਚ

ਬਰਨਾਲਾ ਦੇ ਐਸ.ਐਸ.ਪੀ. ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 350 ਪੁਲਿਸ ਮੁਲਾਜ਼ਮਾਂ ਦੀਆਂ 27 ਟੀਮਾਂ ਬਣਾ ਕੇ 75 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ 75 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚੋਂ 35 ਵਿਰੁੱਧ ਕੇਸ ਦਰਜ ਕੀਤੇ ਗਏ ਹਨ। ਫੜੇ ਗਏ ਕਈ ਮੁਲਜ਼ਮਾਂ ਦਾ ਸਬੰਧ ਬੰਬੀਹਾ ਗਰੁੱਪ ਅਤੇ ਹੋਰ ਗੈਂਗਸਟਰਾਂ ਨਾਲ ਦੱਸਿਆ ਜਾ ਰਿਹਾ ਹੈ। ਪੁਲਿਸ ਰਿਮਾਂਡ ਲੈ ਕੇ ਇਨ੍ਹਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ।

ਫਰੀਦਕੋਟ: 500 ਮੁਲਾਜ਼ਮਾਂ ਦੀਆਂ 67 ਟੀਮਾਂ ਵੱਲੋਂ ਛਾਪੇਮਾਰੀ

ਫਰੀਦਕੋਟ ਵਿੱਚ ਇਸ ਮੁਹਿੰਮ ਦੀ ਅਗਵਾਈ ਐਸ.ਐਸ.ਪੀ. ਡਾ. ਪ੍ਰਗਿਆ ਜੈਨ ਕਰ ਰਹੇ ਹਨ, ਜਦਕਿ ਨਿਗਰਾਨੀ ਲਈ ਡੀ.ਆਈ.ਜੀ. ਕ੍ਰਾਈਮ ਨਵੀਨ ਸੈਣੀ ਖ਼ੁਦ ਪਹੁੰਚੇ। ਇੱਥੇ 500 ਪੁਲਿਸ ਕਰਮਚਾਰੀਆਂ ਦੀਆਂ 67 ਟੀਮਾਂ ਵੱਲੋਂ ਨਸ਼ੇ ਦੇ ਹੌਟਸਪੋਟ ਇਲਾਕਿਆਂ ਵਿੱਚ ਦਬਿਸ਼ ਦਿੱਤੀ ਗਈ ਅਤੇ 40 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਡੀ.ਆਈ.ਜੀ. ਸੈਣੀ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਨੂੰ ਭਾਰਤ ਲਿਆਉਣ ਦੀ ਕਾਨੂੰਨੀ ਪ੍ਰਕਿਰਿਆ ਵੀ ਜਾਰੀ ਹੈ।

ਕਪੂਰਥਲਾ: 15 ਮੁਲਜ਼ਮ ਗ੍ਰਿਫ਼ਤਾਰ, ਚੋਰੀ ਦੇ ਵਾਹਨ ਤੇ ਨਸ਼ਾ ਬਰਾਮਦ

ਕਪੂਰਥਲਾ ਦੇ ਐਸ.ਐਸ.ਪੀ. ਗੌਰਵ ਤੂਰਾ ਅਨੁਸਾਰ ਪੁਲਿਸ ਨੇ ਮਹਿਤਾਬਗੜ੍ਹ ਸਮੇਤ ਕਈ ਇਲਾਕਿਆਂ ਵਿੱਚ ਸਰਚ ਆਪ੍ਰੇਸ਼ਨ ਚਲਾਇਆ। ਇਸ ਦੌਰਾਨ 45 ਸ਼ੱਕੀ ਵਿਅਕਤੀਆਂ ਨੂੰ ਰਾਊਂਡਅੱਪ ਕੀਤਾ ਗਿਆ, ਜਿਨ੍ਹਾਂ ਵਿੱਚੋਂ 15 ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਇਨ੍ਹਾਂ ਕੋਲੋਂ ਚੋਰੀ ਦੇ ਮੋਟਰਸਾਈਕਲ, ਨਸ਼ੀਲੇ ਪਦਾਰਥ ਅਤੇ ਹੋਰ ਪਾਬੰਦੀਸ਼ੁਦਾ ਸਮੱਗਰੀ ਬਰਾਮਦ ਕੀਤੀ ਹੈ।

ਬਠਿੰਡਾ: ਸਪੈਸ਼ਲ ਡੀਜੀਪੀ ਦੀ ਅਗਵਾਈ ‘ਚ 71 ਗ੍ਰਿਫ਼ਤਾਰੀਆਂ

ਬਠਿੰਡਾ ਵਿੱਚ ਸਪੈਸ਼ਲ ਡੀਜੀਪੀ (PSPCL) ਜਤਿੰਦਰ ਕੁਮਾਰ ਜੈਨ ਦੀ ਅਗਵਾਈ ਵਿੱਚ ਵੱਡੀ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ ਵਿੱਚ 71 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਭਾਰੀ ਮਾਤਰਾ ਵਿੱਚ ਹੈਰੋਇਨ, ਸਮੈਕ, ਨਸ਼ੀਲੀਆਂ ਗੋਲੀਆਂ ਅਤੇ ਅਫ਼ੀਮ ਦੀ ਭੁੱਕੀ ਜ਼ਬਤ ਕੀਤੀ ਹੈ। ਡੀਜੀਪੀ ਜੈਨ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਸਿਰਫ਼ ਅਪਰਾਧੀਆਂ ਵਿਰੁੱਧ ਹੈ ਅਤੇ ਕਿਸੇ ਵੀ ਬੇਗੁਨਾਹ ਵਿਅਕਤੀ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।