ਪੰਜਾਬ ਪੁਲਿਸ ਨੇ ਰਾਜਸਥਾਨ ਦੇ 2 ਹਥਿਆਰ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

Published: 

29 Jan 2023 11:25 AM

ਜ਼ਿਲਾ ਫਾਜ਼ਿਲਕਾ ਦੀ ਐਸ ਐਸ ਉ ਸੀ ਨੇ ਬੀਤੇ ਦਿਨ ਨਾਕਾਬੰਦੀ ਕਰਕੇ ਰਾਜਸਥਾਨ ਦੇ 2 ਵਾਸੀਆਂ ਤੋਂ 8 ਪਿਸਤੌਲ, 4 ਜ਼ਿੰਦਾ ਰੌਂਦ ਤੇ 9650 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ।

ਪੰਜਾਬ ਪੁਲਿਸ ਨੇ ਰਾਜਸਥਾਨ ਦੇ 2 ਹਥਿਆਰ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
Follow Us On

ਐੱਸ.ਐੱਸ.ਓ.ਸੀ. ਥਾਣਾ (ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ) ਫਾਜ਼ਿਲਕਾ ਨੇ ਬੀਤੇ ਦਿਨ ਨਾਕਾਬੰਦੀ ਕਰਕੇ ਰਾਜਸਥਾਨ ਦੇ 2 ਵਾਸੀਆਂ ਤੋਂ 8 ਪਿਸਤੌਲ, 4 ਜ਼ਿੰਦਾ ਰੌਂਦ ਤੇ 9650 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਸਬ-ਇੰਸਪੈਕਟਰ ਸਤਿੰਦਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੇ ਮੁਖ਼ਬਰ ਦੀ ਸੂਚਨਾ ਤੇ ਬੰਨਾ ਰਾਮ ਉਰਫ਼ ਵਿਨੋਦ ਦੇਵਾਸੀ ਤੇ ਮੁਕੇਸ਼ ਕੁਮਾਰ ਉਰਫ਼ ਮੁਕਸਾ ਰਬਾਰੀ ਦੋਵੇਂ ਵਾਸੀ ਜੈਤੀਵਾਸ ਥਾਣਾ ਬਿਲਾੜਾ ਜ਼ਿਲ੍ਹਾ ਜੋਧਪੁਰ ਰਾਜਸਥਾਨ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਦੋਵਾਂ ਤੋਂ 7 ਪਿਸਤੌਲ 32 ਬੋਰ, ਇਕ ਪਿਸਤੌਲ 315 ਬੋਰ, 4 ਜ਼ਿੰਦਾ ਰੌਂਦ ਅਤੇ 9650 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਖ਼ਿਲਾਫ਼ ਧਾਰਾ 489-ਏ, 489-ਬੀ ਅਤੇ 489-ਸੀ ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬਰਾੜ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਚ ਇਨ੍ਹਾਂ ਨੇ ਦੱਸਿਆ ਕਿ ਇਹ ਪਿਸਤੌਲਾਂ ਨੂੰ ਪੰਜਾਬ ਚ ਗੈਂਗਸਟਰਾਂ ਨੂੰ ਸਪਲਾਈ ਕਰਨ ਲਈ ਆਏ ਸਨ, ਜਿਸ ਨਾਲ ਇਹ ਪੰਜਾਬ ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਚ ਸਨ।

ਦੇਸੀ ਪਿਸਤੌਲ 315 ਬੋਰ ਬਰਾਮਦ

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ 25 ਜਨਵਰੀ ਨੂੰ ਵੀ ਐੱਸ.ਐੱਸ.ਓ.ਸੀ. ਫਾਜ਼ਿਲਕਾ ਦੀ ਟੀਮ ਨੇ ਪਿੰਡ ਰਾਮਪੁਰਾ ਦੇ ਨੇੜੇ ਸੁਰੇਸ਼ ਸਿੰਘ ਵਾਸੀ ਪੱਡਾ ਕਾਲੋਨੀ ਲੋਹੀਆਂ ਖਾਸ ਜ਼ਿਲ੍ਹਾ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਕੋਲੋਂ ਵੀ ਇਕ ਦੇਸੀ ਪਿਸਤੌਲ 315 ਬੋਰ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਇਸ ਦੇ ਖ਼ਿਲਾਫ਼ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਮੁੱਢਲੀ ਪੁੱਛਗਿੱਛ ਚ ਇਨ੍ਹਾਂ ਨੇ ਦੱਸਿਆ ਹੈ ਕਿ ਇਹ ਨਾਮੀ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ਡਾਲਾ ਦੇ ਕਹਿਣ ਮੁਤਾਬਕ ਹਥਿਆਰਾਂ ਅਤੇ ਜਾਅਲੀ ਕਰੰਸੀ ਦੀ ਸਮੱਗਲਿੰਗ ਕਰਦੇ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ ਐੱਸ ਓ ਸੀ) ਫਾਜ਼ਿਲਕਾ ਨੂੰ ਇਕ ਭਰੋਸੇਯੋਗ ਸੂਤਰ ਤੋਂ ਸੂਚਨਾ ਮਿਲੀ ਸੀ ਕਿ 2 ਵਿਅਕਤੀ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸੰਭਾਵਨਾ ਹੈ ਕਿ ਇਹ ਖੇਪ ਪੰਜਾਬ ਵਿੱਚ ਅਰਸ਼ ਡੱਲਾ ਗਿਰੋਹ ਦੇ ਮੈਂਬਰਾਂ ਨੂੰ ਪਹੁੰਚਾਈ ਜਾਣੀ ਹੈ। ਉਨ੍ਹਾਂ ਦੱਸਿਆ ਕਿ ਐੱਸ ਐੱਸ ਓ ਸੀ ਥਾਣਾ ਫਾਜ਼ਿਲਕਾ ਦੀ ਪੁਲਸ ਟੀਮ ਨੇ ਮੁਲਜ਼ਮਾਂ ਨੂੰ ਫੜਨ ਲਈ ਅਬੋਹਰ-ਹਨੂਮਾਨਗੜ੍ਹ ਰੋਡ ਫਾਜ਼ਿਲਕਾ ‘ਤੇ ਸਥਿਤ ਪਿੰਡ ਰਾਮਸਰਾ ਦੇ ਇਲਾਕੇ ‘ਚ ਨਾਕਾਬੰਦੀ ਕੀਤੀ।

ਜਾਅਲੀ ਕਰੰਸੀ ਕੀਤੀ ਬਰਾਮਦ

ਦੋਵਾਂ ਵਿਅਕਤੀਆਂ ਨੂੰ ਸਫ਼ਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ। ਪੁਲਸ ਨੂੰ ਉਨ੍ਹਾਂ ਦੇ ਕਬਜ਼ੇ ਚੋਂ 2 ਜ਼ਿੰਦਾ ਕਾਰਤੂਸ ਸਮੇਤ 32 ਬੋਰ ਦੇ 7 ਪਿਸਤੌਲ ਅਤੇ 2 ਜ਼ਿੰਦਾ ਕਾਰਤੂਸਾਂ ਸਮੇਤ ਇਕ 315 ਬੋਰ ਦਾ ਦੇਸੀ ਪਿਸਤੌਲ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਦੇ ਕਬਜ਼ੇ ‘ਚੋਂ 9650 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਏਆਈਜੀ ਐੱਸ ਐੱਸ ਓ ਸੀਜ਼ ਲਖਬੀਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਐੱਸਐੱਸਓਸੀ ਫਾਜ਼ਿਲਕਾ ਨੇ ਉਨ੍ਹਾਂ ਦੇ ਗਰੁੱਪ ਮੈਂਬਰ ਨਰੇਸ਼ ਪੰਡਿਤ ਨੂੰ ਜੋਧਪੁਰ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਨਰੇਸ਼ ਪੰਡਿਤ ਖਤਰਨਾਕ ਅੱਤਵਾਦੀ ਅਰਸ਼ ਡੱਲਾ ਦੇ ਸੰਪਰਕ ਵਿੱਚ ਸੀ ਅਤੇ ਉਸਨੂੰ ਫਿਰੌਤੀ ਲਈ ਜੋਧਪੁਰ ਦੇ ਇੱਕ ਉੱਘੇ ਕਾਰੋਬਾਰੀ ਨੂੰ ਅਗਵਾ ਕਰਨ ਦਾ ਕੰਮ ਸੌਂਪਿਆ ਗਿਆ ਸੀ।

ਕਿਡਨੈਪਿੰਗ ਗਿਰੋਹ ਦਾ ਪਰਦਾਫਾਸ਼ ਹੋਇਆ

ਇਸ ਦੀ ਜਾਣਕਾਰੀ ਰਾਜਸਥਾਨ ਪੁਲਿਸ ਨਾਲ ਸਾਂਝੀ ਕੀਤੀ ਗਈ, ਜਿਸ ਸਦਕਾ ਜ਼ਿਲ੍ਹਾ ਪਾਲੀ ਵਿੱਚ ਇਸ ਕਿਡਨੈਪਿੰਗ ਗਿਰੋਹ ਦਾ ਪਰਦਾਫਾਸ਼ ਹੋਇਆ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਹਥਿਆਰਾਂ ਦੇ ਸਰੋਤ ਦਾ ਪਤਾ ਲਗਾਉਣ ਲਈ ਅਗਲੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਲਸ ਇਸ ਕੇਸ ਵਿੱਚ ਜਾਅਲੀ ਭਾਰਤੀ ਕਰੰਸੀ ਦੇ ਨਜ਼ਰੀਏ ਤੋਂ ਵੀ ਜਾਂਚ ਕਰ ਰਹੀ ਹੈ।

Exit mobile version