ਪੰਜਾਬ ਨਗਰ ਨਿਗਮ ਚੋਣਾਂ ‘ਚ ‘AAP’-ਕਾਂਗਰਸ ਦਾ ਦਬਦਬਾ, ਜਾਣੋ ਕਿਥੇ ਕਿਹੜੀ ਪਾਰਟੀ ਦਾ ਹੋਵੇਗਾ ਮੇਅਰ

Updated On: 

22 Dec 2024 02:39 AM

ਪੰਜਾਬ ਨਗਰ ਨਿਗਮ ਚੋਣਾਂ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲੀ, ਫਗਵਾੜਾ 'ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣੀ ਪਰ ਮੇਅਰ ਦੇ ਅਹੁਦੇ ਲਈ ਆਜ਼ਾਦ ਉਮੀਦਵਾਰਾਂ ਦਾ ਸਮਰਥਨ ਜ਼ਰੂਰੀ ਹੋਵੇਗਾ। 'ਆਪ' ਦਾ ਲੁਧਿਆਣਾ ਅਤੇ ਪਟਿਆਲਾ 'ਚ ਮੇਅਰ ਬਣਨਾ ਤੈਅ ਹੈ, ਜਦਕਿ ਕਾਂਗਰਸ ਦਾ ਅੰਮ੍ਰਿਤਸਰ 'ਚ ਮੇਅਰ ਬਣਨਾ ਤੈਅ ਹੈ।

ਪੰਜਾਬ ਨਗਰ ਨਿਗਮ ਚੋਣਾਂ ਚ AAP-ਕਾਂਗਰਸ ਦਾ ਦਬਦਬਾ, ਜਾਣੋ ਕਿਥੇ ਕਿਹੜੀ ਪਾਰਟੀ ਦਾ ਹੋਵੇਗਾ ਮੇਅਰ
Follow Us On

ਪੰਜਾਬ ਦੀਆਂ ਨਗਰ ਨਿਗਮਾਂ ਦੇ ਚੋਣ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਨਤੀਜਿਆਂ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਦੇਖਣ ਨੂੰ ਮਿਲਿਆ, ਜਦਕਿ ਭਾਜਪਾ ਅਤੇ ਅਕਾਲੀ ਦਲ ਨੂੰ ਸੀਮਤ ਸਫਲਤਾ ਮਿਲੀ। ਆਜ਼ਾਦ ਉਮੀਦਵਾਰਾਂ ਦੀ ਜਿੱਤ ਨੇ ਕੁਝ ਨਗਰ ਨਿਗਮਾਂ ਵਿੱਚ ਮੇਅਰ ਦੇ ਅਹੁਦੇ ਦੀ ਦੌੜ ਨੂੰ ਦਿਲਚਸਪ ਬਣਾ ਦਿੱਤਾ ਹੈ।

ਫਗਵਾੜਾ ਦੇ 50 ਵਾਰਡਾਂ ਵਿੱਚੋਂ ਕਾਂਗਰਸ ਨੇ ਸਭ ਤੋਂ ਵੱਧ 22 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ। ਆਮ ਆਦਮੀ ਪਾਰਟੀ ਨੇ 12 ਸੀਟਾਂ ਜਿੱਤੀਆਂ, ਜਦਕਿ ਭਾਜਪਾ ਨੇ 5 ਵਾਰਡ ਜਿੱਤੇ। ਅਕਾਲੀ ਦਲ ਨੇ 2, ਬਸਪਾ ਨੇ 1 ਅਤੇ 3 ਆਜ਼ਾਦ ਉਮੀਦਵਾਰ ਜਿੱਤੇ। ਭਾਵੇਂ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਪਰ ਮੇਅਰ ਦੇ ਅਹੁਦੇ ਲਈ ਕਾਂਗਰਸ ਨੂੰ ਆਜ਼ਾਦ ਅਤੇ ਛੋਟੀਆਂ ਪਾਰਟੀਆਂ ਦਾ ਸਮਰਥਨ ਹਾਸਲ ਕਰਨਾ ਜ਼ਰੂਰੀ ਹੋਵੇਗਾ।

ਲੁਧਿਆਣਾ ‘ਚ ‘ਆਪ’ ਦਾ ਦਬਦਬਾ

ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ‘ਚੋਂ ਆਮ ਆਦਮੀ ਪਾਰਟੀ ਨੇ 41 ਵਾਰਡਾਂ ‘ਤੇ ਜਿੱਤ ਹਾਸਲ ਕਰਕੇ ਲੀਡ ਹਾਸਲ ਕੀਤੀ ਹੈ। ਕਾਂਗਰਸ ਨੇ 30 ਵਾਰਡਾਂ ਤੇ ਭਾਜਪਾ ਨੇ 19 ਵਾਰਡਾਂ ‘ਤੇ ਜਿੱਤ ਹਾਸਲ ਕੀਤੀ। ਅਕਾਲੀ ਦਲ ਨੂੰ ਸਿਰਫ਼ 2 ਸੀਟਾਂ ਮਿਲੀਆਂ, ਜਦਕਿ 3 ਆਜ਼ਾਦ ਉਮੀਦਵਾਰ ਵੀ ਜੇਤੂ ਰਹੇ। ਆਪ ਦਾ ਲੁਧਿਆਣਾ ਦਾ ਮੇਅਰ ਬਣਨਾ ਤੈਅ ਮੰਨਿਆ ਜਾ ਰਿਹਾ ਹੈ।

ਪਟਿਆਲਾ ‘ਚ ਵੀ ‘ਆਪ’ ਦੀ ਵੱਡੀ ਜਿੱਤ

ਆਮ ਆਦਮੀ ਪਾਰਟੀ ਨੇ ਪਟਿਆਲਾ ਦੇ 53 ਵਾਰਡਾਂ ‘ਚ 45 ਸੀਟਾਂ ‘ਤੇ ਕਬਜ਼ਾ ਕਰਕੇ ਵੱਡੀ ਜਿੱਤ ਦਰਜ ਕੀਤੀ ਹੈ। ਭਾਜਪਾ ਨੂੰ 4 ਅਤੇ ਕਾਂਗਰਸ ਅਤੇ ਅਕਾਲੀ ਦਲ ਨੂੰ 2-2 ਸੀਟਾਂ ਮਿਲੀਆਂ ਹਨ। 7 ਵਾਰਡਾਂ ਵਿੱਚ ਚੋਣਾਂ ਨਹੀਂ ਹੋਈਆਂ, ਪਰ ਇਹ ਤੈਅ ਹੈ ਕਿ ਇੱਥੇ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ, ਕਿਉਂਕਿ ਉਨ੍ਹਾਂ ਨੂੰ ਸਪੱਸ਼ਟ ਬਹੁਮਤ ਮਿਲ ਗਿਆ ਹੈ।

ਅੰਮ੍ਰਿਤਸਰ ‘ਚ ਕਾਂਗਰਸ ਦਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ ਦੇ 85 ਵਾਰਡਾਂ ਵਿੱਚੋਂ ਕਾਂਗਰਸ ਨੇ 43 ਵਾਰਡਾਂ ਵਿੱਚ ਜਿੱਤ ਹਾਸਲ ਕਰਕੇ ਆਪਣਾ ਦਬਦਬਾ ਕਾਇਮ ਰੱਖਿਆ। ਆਮ ਆਦਮੀ ਪਾਰਟੀ ਨੂੰ 24, ਭਾਜਪਾ ਨੂੰ 9 ਅਤੇ ਅਕਾਲੀ ਦਲ ਨੂੰ 4 ਸੀਟਾਂ ਮਿਲੀਆਂ ਹਨ। 5 ਆਜ਼ਾਦ ਉਮੀਦਵਾਰ ਵੀ ਜੇਤੂ ਰਹੇ। ਇੱਥੇ ਕਾਂਗਰਸ ਨੂੰ ਸਪੱਸ਼ਟ ਲੀਡ ਮਿਲੀ ਹੈ ਅਤੇ ਉਨ੍ਹਾਂ ਦਾ ਮੇਅਰ ਬਣਨਾ ਲਗਭਗ ਤੈਅ ਹੈ।

ਜਲੰਧਰ ਵਿੱਚ ਬਹੁਮਤ ਤੋਂ ਦੂਰ ਸਾਰੀਆਂ ਪਾਰਟੀਆਂ

ਜਲੰਧਰ ਦੇ 85 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਨੇ 38, ਕਾਂਗਰਸ ਨੇ 25, ਭਾਜਪਾ 19, ਬਸਪਾ 1, ਅਤੇ 2 ਆਜ਼ਾਦ ਉਮੀਦਵਾਰ ਜੇਤੂ ਰਹੇ। ਇੱਥੇ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਹੈ। ਆਜ਼ਾਦ ਅਤੇ ਛੋਟੀਆਂ ਪਾਰਟੀਆਂ ਦਾ ਸਮਰਥਨ ਹੀ ਮੇਅਰ ਦੇ ਅਹੁਦੇ ਦਾ ਫੈਸਲਾ ਕਰੇਗਾ।

ਆਜ਼ਾਦ ਉਮੀਦਵਾਰ ਅਹਿਮ ਭੂਮਿਕਾ ਨਿਭਾਉਣਗੇ

ਪੰਜਾਬ ਦੀਆਂ ਇਨ੍ਹਾਂ ਨਗਰ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲੀ ਪਰ ਭਾਜਪਾ ਅਤੇ ਅਕਾਲੀ ਦਲ ਨੂੰ ਬਹੁਤੀ ਸਫਲਤਾ ਨਹੀਂ ਮਿਲੀ। ਜਿੱਥੇ ਪਟਿਆਲਾ ਅਤੇ ਲੁਧਿਆਣਾ ਵਿੱਚ ਆਪ ਦਾ ਮੇਅਰ ਬਣਨਾ ਤੈਅ ਹੈ, ਉਥੇ ਹੀ ਅੰਮ੍ਰਿਤਸਰ ਵਿੱਚ ਕਾਂਗਰਸ ਦਾ ਮੇਅਰ ਬਣਨਾ ਤੈਅ ਹੈ।

ਫਗਵਾੜਾ ਅਤੇ ਜਲੰਧਰ ਵਿੱਚ ਆਜ਼ਾਦ ਅਤੇ ਹੋਰ ਛੋਟੀਆਂ ਪਾਰਟੀਆਂ ਦੇ ਸਮਰਥਨ ਨਾਲ ਹੀ ਮੇਅਰ ਦੀ ਚੋਣ ਹੋ ਸਕਦੀ ਹੈ। ਇਨ੍ਹਾਂ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਪੰਜਾਬ ਦੀ ਸਥਾਨਕ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਅਜੇ ਵੀ ਪ੍ਰਮੁੱਖ ਖਿਡਾਰੀ ਬਣੀਆਂ ਹੋਈਆਂ ਹਨ।

Exit mobile version